ਕੈਨੇਡਾ : 3 ਪੰਜਾਬੀਆਂ ਦੀ ਕਾਰ ਨਾਲ ਦਰਦਨਾਕ ਹਾਦਸਾ
ਕੈਨੇਡਾ ਵਿਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।;

ਬਰੈਂਪਟਨ : ਕੈਨੇਡਾ ਵਿਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੱਡੀ ਚਲਾ ਰਹੇ ਨੌਜਵਾਨ ਨੂੰ ਮਾਮੂਲੀ ਸੱਟਾਂ ਵੱਜੀਆਂ ਜਿਸ ਨੂੰ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਹੇਠ ਕਾਬੂ ਕਰ ਲਿਆ ਹੈ। ਹਾਦਸਾ ਕੈਲੇਡਨ ਵਿਖੇ ਵਾਪਰਿਆ ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਮਰਨ ਵਾਲੇ ਜਾਂ ਗ੍ਰਿਫ਼ਤਾਰ ਪੰਜਾਬੀ ਨੌਜਵਾਨ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 23 ਸਾਲ ਦੇ ਕਰਨਵੀਰ ਸਿੰਘ ਨੂੰ ਹਾਦਸੇ ਮਗਰੋਂ ਹਿਰਾਸਤ ਵਿਚ ਲਿਆ ਗਿਆ। ਗੱਡੀ ਵਿਚ ਸਵਾਰ ਤਿੰਨੋ ਨੌਜਵਾਨ ਬਰੈਂਪਟਨ ਨਾਲ ਸਬੰਧਤ ਸਨ ਅਤੇ ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ।
21 ਸਾਲ ਦੇ ਨੌਜਵਾਨ ਨੇ ਮੌਕੇ ’ਤੇ ਦਮ ਤੋੜਿਆ
ਕੈਲੇਡਨਵਿਖੇ ਬੋਸਟਨ ਮਿਲਜ਼ ਰੋਡ ਨੇੜੇ ਬਰੈਮਲੀ ਰੋਡ ’ਤੇ ਵਾਪਰੇ ਹਾਦਸੇ ਦੌਰਾਨ ਮਰਨ ਵਾਲੇ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ। ਹਾਦਸੇ ਮਗਰੋਂ ਬਰੈਮਲੀ ਰੋਡ ਨੂੰ ਕਿੰਗ ਸਟ੍ਰੀਟ ਅਤੇ ਬੋਸਟਨ ਮਿਲਜ਼ ਦਰਮਿਆਨ ਕਈ ਘੰਟੇ ਬੰਦ ਰੱਖਿਆ ਗਿਆ। ਪੁਲਿਸ ਨੇ ਦੱਸਿਆ ਕਿ ਬਰੈਂਪਟਨ ਨਾਲ ਸਬੰਧਤ 23 ਸਾਲਾ ਨੌਜਵਾਨ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ, ਨਸ਼ੇ ਵਿਚ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਦਾ ਕਾਰਨ ਬਣਨ ਅਤੇ ਪੀਸ ਅਫਸਰ ਦੇ ਕੰਮ ਵਿਚ ਅੜਿੱਕੇ ਡਾਹੁਣ ਦੇ ਦੋਸ਼ ਆਇਦ ਕੀਤੇ ਗਏ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀ ਕੈਲੇਡਨ ਡਿਟੈਚਮੈਂਟ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਹਾਦਸੇ ਨਾਲ ਸਬੰਤ ਡੈਸ਼ਕੈਮ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 1888 310 1122 ’ਤੇ ਸੰਪਰਕ ਕੀਤਾ ਜਾਵੇ।
23 ਸਾਲ ਦੇ ਕਰਨਵੀਰ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਉਧਰ ਉਨਟਾਰੀਓ ਦੇ ਸਡਬਰੀ ਵਿਖੇ ਸੜਕ ਹਾਦਸੇ ਮਗਰੋਂ 31 ਸਾਲ ਦੇ ਡਰਾਈਵਰ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਡਰਾਈਵਰ ਦਾ ਲਾਇਸੰਸ 90 ਦਿਨ ਵਾਸਤੇ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਗੱਡੀ 14 ਦਿਨ ਲਈ ਜ਼ਬਤ ਰਹੇਗੀ।