ਕੈਨੇਡਾ : ਟਰੱਕਾਂ ’ਚੋਂ ਸਮਾਨ ਚੋਰੀ ਕਰਦੇ 3 ਭਾਰਤੀ ਫੜੇ
ਕੈਨੇਡਾ ਵਿਚ ਲੱਦੇ-ਲਦਾਏ ਟਰੱਕ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਮਨਜਿੰਦਰ ਸਿੰਘ ਧਾਲੀਵਾਲ, ਹਰਮੇਸ਼ ਲਾਲ ਅਤੇ ਰਾਜਵੰਤ ਸਿੰਘ ਨੂੰ ਕਾਬੂ ਕਰਦਿਆਂ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ।
ਮਿਸੀਸਾਗਾ : ਕੈਨੇਡਾ ਵਿਚ ਲੱਦੇ-ਲਦਾਏ ਟਰੱਕ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਪੀਲ ਰੀਜਨਲ ਪੁਲਿਸ ਵੱਲੋਂ 42 ਸਾਲ ਦੇ ਮਨਜਿੰਦਰ ਸਿੰਘ ਧਾਲੀਵਾਲ, 44 ਸਾਲ ਦੇ ਹਰਮੇਸ਼ ਲਾਲ ਅਤੇ 31 ਸਾਲ ਦੇ ਰਾਜਵੰਤ ਸਿੰਘ ਨੂੰ ਕਾਬੂ ਕਰਦਿਆਂ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਵਿਖੇ ਕਾਰਗੋ ਥੈਫ਼ਟ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਣ ਮਗਰੋਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। 14 ਜੁਲਾਈ ਨੂੰ ਜਾਂਚਕਰਤਾਵਾਂ ਨੇ ਇਕ ਚੋਰੀਸ਼ੁਦਾ ਟ੍ਰਾਂਸਪੋਰਟ ਟਰੱਕ ਬਰਾਮਦ ਕੀਤਾ ਜੋ ਕੁਝ ਦਿਨ ਪਹਿਲਾਂ ਮਿਸੀਸਾਗਾ ਦੇ ਡਿਕਸੀ ਰੋਡ ਅਤੇ ਮਾਯਰਸਾਈਡ ਡਰਾਈਵ ਇਲਾਕੇ ਵਿਚੋਂ ਚੋਰੀ ਹੋਇਆ। ਇਸ ਤੋਂ ਇਲਾਵਾ ਦੋ ਟ੍ਰਾਂਸਪੋਰਟ ਟ੍ਰੇਲਰ ਚੋਰੀ ਹੋਣ ਦੀ ਸ਼ਿਕਾਇਤ ਵੀ ਪੁਲਿਸ ਕੋਲ ਪੁੱਜੀ ਅਤੇ ਇਹ ਟ੍ਰੇਅਰ ਬਰਾਮਦ ਕਰਦਿਆਂ ਤਿੰਨੋ ਸ਼ੱਕੀਆਂ ਨਾਲ ਜੋੜੇ ਜਾ ਰਹੇ ਹਨ।
ਪੀਲ ਰੀਜਨਲ ਪੁਲਿਸ ਨੇ ਕੀਤੀ ਕਾਵਰਾਈ
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਏਰੀਅਲ ਸਪੋਰਟ ਯੂਨਿਟ ਅਤੇ ਕੇ-9 ਯੂਨਿਟ ਦੀ ਮਦਦ ਨਾਲ ਕਾਰਗੋ ਥੈਫਟ ਦੇ ਸ਼ੱਕੀਆਂ ਨੂੰ ਕਾਬੂ ਕੀਤਾ ਜਾ ਸਕਿਆ। ਪੁਲਿਸ ਵੱਲੋਂ ਬਰਾਮਦ ਟ੍ਰਾਂਸਪੋਰਟ ਟਰੱਕ ਅਤੇ ਦੋ ਟ੍ਰੇਲਰਾਂ ਦੀ ਅੰਦਾਜ਼ਨ ਕੀਮਤ 3 ਲੱਖ ਡਾਲਰ ਬਣਦੀ ਹੈ ਜਦਕਿ ਚੋਰੀਸ਼ੁਦਾ ਮਾਲ ਦੀ ਅਸਲ ਕੀਮਤ ਇਕ ਲੱਖ ਡਾਲਰ ਦੱਸੀ ਜਾ ਰਹੀ ਹੈ। ਮਨਜਿੰਦਰ ਸਿੰਘ ਧਾਲੀਵਾਲ ਅਤੇ ਹਰਮੇਸ਼ ਲਾਲ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ, ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਕਰਨ ਅਤੇ ਚੋਰੀ ਲਈ ਵਰਤੇ ਜਾਣ ਵਾਲੇ ਔਜ਼ਾਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ ਜਦਕਿ ਰਾਜਵੰਤ ਸਿੰਘ ਵਿਰੁੱਧ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਲਾਵਾ ਸ਼ਰਤਾਂ ’ਤੇ ਮਿਲੀ ਰਿਹਾਈ ਦੀ ਉਲੰਘਣਾ ਦੇ ਦੋਸ਼ ਵੱਖਰੇ ਤੌਰ ’ਤੇ ਆਇਦ ਕੀਤੇ ਗਏ ਹਨ।
ਮਨਜਿੰਦਰ, ਹਰਮੇਸ਼ ਅਤੇ ਰਾਜਵੰਤ ਵਿਰੁੱਧ ਦੋਸ਼ ਆਇਦ
ਪੀਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 2121 ਐਕਸਟੈਨਸ਼ਨ 3310 ’ਤੇ ਕਾਲ ਕੀਤੀ ਜਾ ਸਕਦੀ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਸੰਪਰਕ ਕੀਤਾ ਜਾ ਸਕਦਾ ਹੈ।