ਕੈਨੇਡਾ : ਲੁੱਟ ਅਤੇ ਹਾਦਸੇ ਦੇ ਮਾਮਲੇ ਵਿਚ ਪੰਜਾਬੀ ਸਣੇ 3 ਗ੍ਰਿਫ਼ਤਾਰ
ਮਿਸੀਸਾਗਾ ਵਿਖੇ ਲੁੱਟ ਦੀ ਵਾਰਦਾਤ ਮਗਰੋਂ ਦੋ ਗੱਡੀਆਂ ਵਿਚਾਲੇ ਹੋਈ ਟੱਕਰ ਦੇ ਮਾਮਲੇ ਵਿਚ 28 ਸਾਲ ਦੇ ਜਸ਼ਨਪ੍ਰੀਤ ਸਿੰਘ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
ਮਿਸੀਸਾਗਾ : ਮਿਸੀਸਾਗਾ ਵਿਖੇ ਲੁੱਟ ਦੀ ਵਾਰਦਾਤ ਮਗਰੋਂ ਦੋ ਗੱਡੀਆਂ ਵਿਚਾਲੇ ਹੋਈ ਟੱਕਰ ਦੇ ਮਾਮਲੇ ਵਿਚ 28 ਸਾਲ ਦੇ ਜਸ਼ਨਪ੍ਰੀਤ ਸਿੰਘ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਪੁਲਿਸ ਮੁਤਾਬਕ ਘਟਨਾਕ੍ਰਮ ਦੀ ਸ਼ੁਰੂਆਤ ਵਿੰਸਟਨ ਚਰਚਿਲ ਬੁਲੇਵਾਰਡ ਵਿਖੇ ਇਕ ਜਿੰਮ ਦੇ ਬਾਹਰ ਹਥਿਆਰਬੰਦ ਲੁੱਟ ਦੀ ਵਾਰਦਾਤ ਤੋਂ ਹੋਈ। ਕਾਲੇ ਰੰਗ ਦੀ ਰੇਂਜ ਰੋਵਰ ਦੋ ਸ਼ੱਕੀ ਫਰਾਰ ਹੋ ਗਏ ਅਤੇ ਅਣਦੱਸੇ ਕਾਰਨਾਂ ਕਰ ਕੇ ਲਾਲ ਰੰਗ ਦੀ ਫੌਰਡ ਮਸਟੈਂਗ ਦਾ ਪਿੱਛਾ ਸ਼ੁਰੂ ਕਰ ਦਿਤਾ। ਦੋਵੇਂ ਗੱਡੀਆਂ ਅੰਨ੍ਹੇਵਾਹ ਰਫ਼ਤਾਰ ਨਾਲ ਜਾ ਰਹੀਆਂ ਸਨ ਜਦੋਂ ਰੇਂਜ ਰੋਵਰ ਦੀ ਟੱਕਰ ਹੌਂਡਾ ਸਿਵਿਕ ਨਾਲ ਹੋਈ। ਨਾਈਨਥ ਲਾਈਨ ਐਂਡ ਐਰਿਨ ਸੈਂਟਰ ਬੁਲੇਵਾਰਡ ਇਲਾਕੇ ਵਿਚ ਹੋਈ ਟੱਕਰ ਮਗਰੋਂ ਪੈਰਾਮੈਡਿਕਸ ਵੱਲੋਂ ਤਿੰਨ ਬੱਚਿਆਂ ਅਤੇ ਔਰਤ ਨੂੰ ਨਾਜ਼ੁਕ ਹਾਲਤ ਵਿਚ ਟਰੌਮਾ ਸੈਂਟਰ ਦਾਖਲ ਕਰਵਾਇਆ ਗਿਆ ਜਦਕਿ ਚੌਥਾ ਬੱਚਾ ਸਥਾਨਕ ਹਸਪਤਾਲ ਲਿਜਾਇਆ ਗਿਆ।
ਹਾਦਸੇ ਦੌਰਾਨ ਔਰਤ ਅਤੇ 4 ਬੱਚੇ ਹੋਏ ਸਨ ਜ਼ਖਮੀ
ਪੁਲਿਸ ਨੇ ਜ਼ਖਮੀਆਂ ਦੀ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੌਮਾ ਸੈਂਟਰ ਵਿਚ ਦਾਖਲ ਜ਼ਖਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ। ਪੁਲਿਸ ਮੁਤਾਬਕ ਔਰਤ ਗੱਡੀ ਚਲਾ ਰਹੀ ਸੀ ਜਦਕਿ 9 ਸਾਲ ਤੋਂ 12 ਸਾਲ ਉਮਰ ਵਾਲੇ ਬੱਚੇ ਨਾਲ ਮੌਜੂਦ ਸਨ। ਔਰਤ ਦੋ ਬੱਚਿਆਂ ਦੀ ਮਾਂ ਦੱਸੀ ਗਈ ਜਦਕਿ ਦੋ ਬੱਚੇ ਉਨ੍ਹਾਂ ਦੇ ਦੋਸਤ ਦੱਸੇ ਗਏ। ਇਥੇ ਦਸਣਾ ਬਣਦਾ ਹੈ ਕਿ ਲਾਲ ਰੰਗ ਦੀ ਗੱਡੀ ਜਸ਼ਨਪ੍ਰੀਤ ਸਿੰਘ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਗ੍ਰਿਫ਼ਤਾਰ ਕੀਤੇ ਦੋ ਜਣਿਆਂ ਦੀ ਸ਼ਨਾਖਤ ਡਾਇਜੁਅਨ ਬੁਕਾਨਨ ਅਤੇ ਜੈਜ਼ਵੀ ਸਮਿੱਥ ਵਜੋਂ ਕੀਤੀ ਗਈ ਹੈ। ਬੁਕਾਨਨ ਅਤੇ ਸਮਿੱਥ ਵਿਰੁੱਧ ਲੁੱਟ, ਨਾਜਾਇਜ਼ ਹਥਿਆਰ ਰੱਖਣ ਅਤੇ ਹਥਿਆਰ ਦੀ ਵਰਤੋਂ ਨਾਲ ਅਪਰਾਧ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ ਜਦਕਿ ਜਸ਼ਨਪ੍ਰੀਤ ਸਿੰਘ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦਾ ਦੋਸ਼ ਲੱਗਿਆ ਹੈ। ਪੁਲਿਸ ਵੱਲੋਂ ਲਾਏ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ।