ਉਨਟਾਰੀਓ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਚੋਣ ਪ੍ਰਚਾਰ ਆਰੰਭ

ਉਨਟਾਰੀਓ ਵਿਧਾਨ ਸਭਾ ਚੋਣਾਂ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਚੋਣ ਪ੍ਰਚਾਰ ਨੇ ਰਫ਼ਤਾਰ ਫੜ ਲਈ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਰਹਿੰਦੇ ਉਮੀਦਵਾਰ ਧੜਾ-ਧੜ ਨਾਮਜ਼ਦ ਕਰਨ ਦਾ ਸਿਲਸਿਲਾ ਵੀ ਚੱਲ ਰਿਹਾ ਹੈ।;

Update: 2025-01-27 13:01 GMT

ਟੋਰਾਂਟੋ : ਉਨਟਾਰੀਓ ਵਿਧਾਨ ਸਭਾ ਚੋਣਾਂ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਚੋਣ ਪ੍ਰਚਾਰ ਨੇ ਰਫ਼ਤਾਰ ਫੜ ਲਈ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਰਹਿੰਦੇ ਉਮੀਦਵਾਰ ਧੜਾ-ਧੜ ਨਾਮਜ਼ਦ ਕਰਨ ਦਾ ਸਿਲਸਿਲਾ ਵੀ ਚੱਲ ਰਿਹਾ ਹੈ। ਪ੍ਰੀਮੀਅਰ ਡਗ ਫ਼ੋਰਡ ਬੁੱਧਵਾਰ ਨੂੰ ਚੋਣਾਂ ਦਾ ਐਲਾਨ ਕਰ ਸਕਦੇ ਹਨ ਅਤੇ ਅਜਿਹੇ ਵਿਚ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਵਾਸਤੇ 28 ਦਿਨ ਦਾ ਸਮਾਂ ਮਿਲਣ ਦੇ ਆਸਾਰ ਹਨ। ਲਿਬਰਲ ਪਾਰਟੀ ਮੁਤਾਬਕ ਉਸ ਵੱਲੋਂ 100 ਤੋਂ ਵੱਧ ਰਾਈਡਿੰਗਜ਼ ਵਿਚ ਉਮੀਦਵਾਰਾਂ ਦੀ ਨਾਮਜ਼ਦਗੀ ਕੀਤੀ ਜਾ ਚੁੱਕੀ ਹੈ ਪਰ ਐਤਵਾਰ ਤੱਕ ਵੈਬਸਾਈਟ ’ਤੇ ਸਿਰਫ਼ 46 ਉਮੀਦਵਾਰ ਹੀ ਨਜ਼ਰ ਆਏ।

ਕੋਈ ਪਾਰਟੀ ਨਹੀਂ ਕਰ ਸਕੀ ਸਾਰੀਆਂ 124 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ

ਦੂਜੇ ਪਾਸੇ ਨਿਊ ਡੈਮੋਕ੍ਰੈਟਿਕ ਪਾਰਟੀ ਵੱਲੋਂ ਸ਼ੁੱਕਰਵਾਰ ਨੂੰ 36 ਉਮੀਦਵਾਰ ਨਾਮਜ਼ਦ ਕਰਨ ਦਾ ਐਲਾਨ ਕੀਤਾ ਗਿਆ ਜਦਕਿ 39 ਉਮੀਦਵਾਰ ਵੀਕਐਂਡ ’ਤੇ ਐਲਾਨੇ ਗਏ। ਆਉਣ ਵਾਲੇ ਕੁਝ ਦਿਨਾਂ ਵਿਚ ਬਾਕੀ ਉਮੀਦਵਾਰਾਂ ਦਾ ਐਲਾਨ ਵੀ ਕਰ ਦਿਤਾ ਜਾਵੇਗਾ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ 124 ਸੀਟਾਂ ਵਿਚੋਂ 88 ’ਤੇ ਉਮੀਦਵਾਰ ਤੈਅ ਕਰ ਚੁੱਕੀ ਹੈ ਅਤੇ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਚੋਣਾਂ ਦਾ ਐਲਾਨ ਕਰਦਿਆਂ ਹੀ ਬਾਕੀ ਉਮੀਦਵਾਰਾਂ ਦੀ ਨਾਮਜ਼ਦਗੀ ਵੀ ਕਰ ਦਿਤੀ ਜਾਵੇਗੀ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਡਗ ਫ਼ੋਰਡ ਚੋਣਾਂ ਜਿੱਤਣ ਵਾਸਤੇ ਪੀ.ਸੀ. ਪਾਰਟੀ ਦੇ ਇਲੈਕਸ਼ਨ ਪਲੈਟਫ਼ਾਰਮ ਵਿਚ ਵੱਡੇ ਵੱਡੇ ਵਾਅਦੇ ਕਰ ਸਕਦੇ ਹਨ ਪਰ 2018 ਦੀਆਂ ਚੋਣਾਂ ਦੌਰਾਨ ਡਗ ਫ਼ੋਰਡ ਦੀ ਪ੍ਰਚਾਰ ਟੀਮ ਵੱਲੋਂ ਖਰਚ ਹੋਣ ਵਾਲੀ ਰਕਮ ਦੇ ਸਰੋਤਾਂ ਬਾਰੇ ਕੋਈ ਜ਼ਿਕਰ ਨਹੀਂ ਸੀ ਕੀਤਾ ਗਿਆ।

ਲਿਬਰਲ ਪਾਰਟੀ ਵੱਲੋਂ 100 ਤੋਂ ਵੱਧ ਉਮੀਦਵਾਰਾਂ ਦੀ ਨਾਮਜ਼ਦਗੀ ਦਾ ਦਾਅਵਾ

ਉਧਰ ਗਰੀਨ ਪਾਰਟੀ ਵੀ ਉਮੀਦਵਾਰ ਦੀ ਨਾਮਜ਼ਦਗੀ ਕਰਨ ਵਿਚ ਰੁੱਝੀ ਹੋਈ ਹੈ ਅਤੇ ਤਕਰੀਬਨ ਅੱਧੀਆਂ ਸੀਟਾਂ ’ਤੇ ਉਮੀਦਵਾਰਾਂ ਨੂੰ ਅੰਤਮ ਰੂਪ ਦੇ ਦਿਤਾ ਗਿਆ। ਸਿਆਸੀ ਚੰਦਾ ਇਕੱਤਰ ਕਰਨ ਦੇ ਮਾਮਲੇ ਵਿਚ ਵੀ ਗਰੀਨ ਪਾਰਟੀ ਨੇ ਪਿਛਲੇ ਸਾਲ ਰਿਕਾਰਡ ਤੋੜ ਦਿਤੇ ਅਤੇ 24 ਲੱਖ ਡਾਲਰ ਪਾਰਟੀ ਦੇ ਖਾਤੇ ਵਿਚ ਆਏ। ਇਸ ਵਾਰ ਪਾਰਟੀ ਵੱਲੋਂ ਜਿੱਤਣ ਦੀ ਸੰਭਾਵਨਾ ਵਾਲੀਆਂ ਸੀਟਾਂ ਦੀ ਗਿਣਤੀ ਵਧ ਸਕਦੀ ਹੈ।

Tags:    

Similar News