ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਦਾ ਵੈਨਕੂਵਰ ’ਚ ਨਿੱਘਾ ਸਵਾਗਤ

ਸਰੀ ਦੇ ਸਕਾਟ ਰੋਡ ’ਤੇ ਸਥਿਤ ਅਲਟੀਮੇਟ ਬੈਂਕੁਇਟ ਹਾਲ ਵਿਖੇ ਫਰੈਂਡਜ਼ ਆਫ਼ ਕੈਨੇਡਾ-ਇੰਡੀਆ ਫਾਊਂਡੇਸ਼ਨ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬ ਤੋਂ ਕੈਨੇਡਾ ਆਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਨਮਾਨ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ;

Update: 2024-08-23 10:46 GMT

ਵੈਨਕੂਵਰ (ਮਲਕੀਤ ਸਿੰਘ) : ਸਰੀ ਦੇ ਸਕਾਟ ਰੋਡ ’ਤੇ ਸਥਿਤ ਅਲਟੀਮੇਟ ਬੈਂਕੁਇਟ ਹਾਲ ਵਿਖੇ ਫਰੈਂਡਜ਼ ਆਫ਼ ਕੈਨੇਡਾ-ਇੰਡੀਆ ਫਾਊਂਡੇਸ਼ਨ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬ ਤੋਂ ਕੈਨੇਡਾ ਆਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਨਮਾਨ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਪ੍ਰਮੁੱਖ ਸਖ਼ਸ਼ੀਅਤਾਂ ਸਮੇਤ ਹੋਰਨਾਂ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੈਨੇਡਾ ਦੌਰੇ ਦੌਰਾਨ ਸਰੀ ਵਿਖੇ ਪੁੱਜੇ, ਜਿੱਥੇ ਉਨ੍ਹਾਂ ਦੇ ਸਨਮਾਨ ਵਿਚ ਇਕ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿਚ ਪੰਜਾਬੀ ਮੂਲ ਦੇ ਕੈਨੇਡੀਅਨ ਸਾਂਸਦ ਸੁੱਖ ਧਾਲੀਵਾਲ, ਸਾਂਸਦ ਰਣਦੀਪ ਸਿੰਘ ਸਰਾਏ ਅਤੇ ਰੇਡੀਓ ਇੰਡੀਆ ਦੇ ਸੰਚਾਲਕ ਮਨਿੰਦਰ ਗਿੱਲ ਵੱਲੋਂ ਮੰਤਰੀ ਖੁੱਡੀਆਂ ਦਾ ਸਵਾਗਤ ਕੀਤਾ ਗਿਆ। ਇਸ ਮਗਰੋਂ ਐਡਵੋਕੇਟ ਲਵਲੀਨ ਸਿੰਘ ਗਿੱਲ, ਬਲਬੀਰ ਸਿੰਘ ਚੰਗਿਆੜਾ ਆਦਿ ਬੁਲਾਰਿਆਂ ਵੱਲੋਂ ਪੰਜਾਬ ਨਾਲ ਜੁੜੀਆਂ ਕੁੱਝ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਢੁਕਵੇਂ ਹੱਲ ਦੀ ਮੰਗ ਕੀਤੀ ਗਈ। ਬੁਲਾਰਿਆਂ ਵੱਲੋਂ ਐਨਆਰਆਈ ਲੋਕਾਂ ਨੂੰ ਪੰਜਾਬ ਵਿਚ ਪੇਸ਼ ਆਉਂਦੀਆਂ ਦਿੱਕਤਾਂ ਸਮੇਤ ਫਗਵਾੜਾ ਤੋਂ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਜਾਂਦੀ ਸੜਕ ਨੂੰ ਚੌੜਾ ਕਰਨ ਦਾ ਵੀ ਮੁੱਦਾ ਉਠਾਇਆ ਗਿਆ।

ਇਸ ਮੌਕੇ ਸਮਾਗਮ ਵਿਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਲਿਆਂਦੀਆਂ ਜਾ ਰਹੀਆਂ ਨੇ ਅਤੇ ਬੇਰੁਜ਼ਗਾਰੀ ਦੂਰ ਕਰਨ ਲਈ ਹਜ਼ਾਰਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਉਨ੍ਹਾਂ ਨੇ ਵਿਸਵਾਸ਼ ਦਿਵਾਇਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਫਗਵਾੜਾ ਮੇਨ ਹਾਈਵੇਅ ਨੂੰ ਵੱਡਾ ਰੂਪ ਦੇਣ ਸਬੰਧੀ ਉਹ ਸਮੁੱਚਾ ਮਾਮਲਾ ਆਪਣੀ ਸਰਕਾਰ ਦੇ ਧਿਆਨ ਵਿਚ ਲਿਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕੈਨੇਡਾ ਸਮੇਤ ਬਾਕੀ ਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਵਿਚ ਆਪ ਦੀ ਸਰਕਾਰ ਬਣਾਉਣ ਵਿਚ ਨਿਭਾਏ ਗਏ ਰੋਲ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਦੱਸ ਦਈਏ ਕਿ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਚੀਮਾ, ਸੁਮਿਤ ਸਿੰਘ ਖੁੱਡੀਆਂ, ਬਲਵੀਰ ਖੱਡਾ, ਮਨਜੀਤ ਸਿੰਘ ਬਹਿਮਨ, ਕੁਲਤਰਨ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਗੈਰੀ, ਮਨਜੀਤ ਸਿੰਘ, ਬਿੱਟੂ ਅਟਵਾਲ, ਨਿਰਭੈ ਸਿੰਘ ਕੈਂਥ, ਰਣਜੀਤ ਸਿੰਘ, ਪਾਲ ਸਿੰਘ ਵੜੈਚ, ਕੁਲਵੰਤ ਸਿੰਘ ਢੇਸੀ, ਅਜਮੇਰ ਸਿੰਘ ਢਿੱਲੋਂ, ਮਾਸਟਰ ਦਵਿੰਦਰ ਸਿੰਘ ਰਸੂਲਪੁਰ, ਹਰਦੀਪ ਸਿੰਘ ਪਾਹਵਾ, ਬਲਵਿੰਦਰ ਸਿੰਘ ਬਦੇਸ਼ਾ, ਸੁਰਿੰਦਰ ਸਿੰਘ ਢੇਸੀ ਅਤੇ ਹਰਦੀਪ ਸਿੰਘ ਗਿੱਲ ਵੀ ਮੌਜੂਦ ਸਨ। ਸਮਾਗਮ ਦੇ ਆਖ਼ਰ ਵਿਚ ਫਾਊਂਡੇਸ਼ਨ ਦੇ ਅਹੁਦੇਦਾਰਾਂ ਵੱਲੋਂ ਮੰਤਰੀ ਖੁੱਡੀਆਂ ਦਾ ਸਨਮਾਨ ਕੀਤਾ ਗਿਆ।

Tags:    

Similar News