ਕੈਨੇਡੀਅਨ ਚੋਣਾਂ ਦੀ ਤਸਵੀਰ ਪੇਸ਼ ਕਰਨਗੇ ਜ਼ਿਮਨੀ ਚੋਣ ਦੇ ਨਤੀਜੇ : ਟਰੂਡੋ

ਚੋਣ ਸਰਵੇਖਣਾਂ ਵਿਚ ਲਿਬਰਲ ਪਾਰਟੀ ਦੇ ਬੇਹੱਦ ਪੱਛੜਨ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਕੈਨੇਡਾ ਵਿਚ ਅਗਲੀਆਂ ਆਮ ਚੋਣਾਂ ਦੀ ਤਸਵੀਰ ਪੇਸ਼ ਕਰਨਗੇ।

Update: 2024-06-21 11:52 GMT

ਟੋਰਾਂਟੋ : ਚੋਣ ਸਰਵੇਖਣਾਂ ਵਿਚ ਲਿਬਰਲ ਪਾਰਟੀ ਦੇ ਬੇਹੱਦ ਪੱਛੜਨ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਕੈਨੇਡਾ ਵਿਚ ਅਗਲੀਆਂ ਆਮ ਚੋਣਾਂ ਦੀ ਤਸਵੀਰ ਪੇਸ਼ ਕਰਨਗੇ। ਟੋਰਾਂਟੋ-ਸੇਂਟ ਪੌਲ ਰਾਈਡਿੰਗ ਨੂੰ ਲਿਬਰਲ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਸੋਮਵਾਰ ਇਥੇ ਵੋਟਾਂ ਪੈਣਗੀਆਂ। ਜਸਟਿਨ ਟਰੂਡੋ ਨੂੰ ਪੁੱਛਿਆ ਗਿਆ ਸੀ ਕਿ ਕੀ ਟੋਰਾਂਟੋ-ਸੇਂਟ ਪੌਲ ਰਾਈਡਿੰਗ ਦੀ ਜ਼ਿਮਨੀ ਚੋਣ ਉਨ੍ਹਾਂ ਦੀ ਲੀਡਰਸ਼ਿਪ ਵਾਸਤੇ ਅਗਨੀ ਪ੍ਰੀਖਿਆ ਸਾਬਤ ਹੋ ਸਕਦੀ ਹੈ। ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਸੇਂਟ ਪੌਲ ਦੇ ਲੋਕ ਅਸਲ ਪਸੰਦ ਜ਼ਾਹਰ ਕਰਨਗੇ ਜੋ ਮੁਲਕ ਵਿਚ ਹੋਣ ਵਾਲੀਆਂ ਅਗਲੀਆਂ ਫੈਡਰਲ ਚੋਣਾਂ ਦੌਰਾਨ ਲੋਕਾਂ ਦੀ ਪਸੰਦ ਦਾ ਹੂ-ਬ-ਹੂ ਰੂਪ ਹੋਵੇਗੀ।

ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਸੀਟ ’ਤੇ 24 ਜੂਨ ਨੂੰ ਪੈਣਗੀਆਂ ਵੋਟਾਂ

ਭਾਵੇਂ ਕੈਨੇਡਾ ਵਿਚ ਆਮ ਚੋਣਾਂ ਦਾ ਸਮਾਂ ਅਕਤੂਬਰ 2025 ਬਣਦਾ ਹੈ ਪਰ ਸਿਆਸੀ ਹਾਲਾਤ ਬਦਲਦਿਆਂ ਸਮਾਂ ਨਹੀਂ ਲਗਦਾ ਹੈ ਅਤੇ ਘੱਟ ਗਿਣਤੀ ਲਿਬਰਲ ਸਰਕਾਰ ਕਿਸੇ ਵੀ ਵੇਲੇ ਮੁਸ਼ਕਲਾਂ ਵਿਚ ਘਿਰ ਸਕਦੀ ਹੈ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਇਪਸੌਸ ਦੇ ਚੋਣ ਸਰਵੇਖਣ ਮੁਤਾਬਕ ਜੇ ਕਲ ਵੋਟਾਂ ਪੈ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਨੂੰ 42 ਫੀ ਸਦੀ ਵੋਟਾਂ ਮਿਲ ਸਕਦੀਆਂ ਹਨ। ਅਜਿਹੇ ਵਿਚ ਲਿਬਰਲ ਪਾਰਟੀ ਮੁਕਾਬਲੇ ਵਿਚ ਕਿਤੇ ਵੀ ਖੜ੍ਹੀ ਨਜ਼ਰ ਨਹੀਂ ਆਉਂਦੀ। ਦੂਜੇ ਪਾਸੇ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਰਾਈਡਿੰਗ 1997 ਤੋਂ ਲਿਬਰਲ ਪਾਰਟੀ ਕੋਲ ਹੈ। ਕੈਰੋਲਿਨ ਬੈਨੇਟ ਇਥੋਂ ਲਗਾਤਾਰ 26 ਸਾਲ ਐਮ.ਪੀ. ਬਣੇ ਅਤੇ ਹੁਣ ਉਨ੍ਹਾਂ ਨੂੰ ਡੈਨਮਾਰਕ ਵਿਚ ਕੈਨੇਡੀਅਨ ਰਾਜਦੂਤ ਬਣਾਇਆ ਗਿਆ ਹੈ।

ਚੋਣ ਸਰਵੇਖਣਾਂ ਵਿਚ ਲਗਾਤਾਰ ਪੱਛੜ ਰਹੀ ਲਿਬਰਲ ਪਾਰਟੀ

ਇਪਸੌਸ ਦੇ ਸਰਵੇਖਣ ਵਿਚ ਇਸ ਗੱਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਟਰੂਡੋ ਦੀ ਘਟਦੀ ਮਕਬੂਲੀਅਤ ਲਿਬਰਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਵੱਧ ਖੋਰਾ ਲਾ ਰਹੀ ਹੈ। ਸਰਵੇਖਣ ਮੁਤਾਬਕ 68 ਫੀ ਸਦੀ ਕੈਨੇਡੀਅਨ ਚਾਹੁੰਦੇ ਹਨ ਕਿ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਣ। ਲਿਬਰਲ ਸਰਕਾਰ ਵੱਲੋਂ ਆਰੰਭੀਆਂ ਡੈਂਟਲ ਕੇਅਰ ਅਤੇ ਫਾਰਮਾਕੇਅਰ ਵਰਗੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਟਰੂੂਡੋ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਸਿਰਫ ਅਮੀਰਾਂ ਦੀ ਗੱਲ ਕਰ ਸਕਦੀ ਹੈ ਅਤੇ ਅਜਿਹੀਆਂ ਨੀਤੀਆਂ ਟੋਰੀਆਂ ਨੂੰ ਪਸੰਦ ਨਹੀਂ ਆਉਂਦੀਆਂ। ਮੁਸ਼ਕਲ ਸਮੇਂ ਵਿਚ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਲਿਬਰਲ ਪਾਰਟੀ ਇਹੀ ਕਰ ਰਹੀ ਹੈ। ਹੁਣ ਸੇਂਟ ਪੌਲ ਦੇ ਵੋਟਰਾਂ ਸਾਹਮਣੇ ਹੀ ਨਹੀਂ ਸਗੋਂ ਪੂਰੇ ਮੁਲਕ ਦੇ ਵੋਟਰਾਂ ਸਾਹਮਣੇ ਆਪਣੀ ਪਸੰਦ ਜ਼ਾਹਰ ਕਰਨ ਦਾ ਮੌਕਾ ਆ ਗਿਆ ਹੈ।

Tags:    

Similar News