ਕੈਨੇਡਾ ਵਿਚ ਚੋਣਾਂ ਦੇ ਐਲਾਨ ਤੋਂ ਪਹਿਲਾਂ ਵੱਡੀ ਹਿਲਜੁਲ
ਲਿਬਰਲ ਲੀਡਰਸ਼ਿਪ ਦੌੜ ਵਿਚੋਂ ਕੱਢੇ ਗਏ ਭਾਰਤੀ ਮੂਲ ਦੇ ਐਮ.ਪੀ. ਚੰਦਰਾ ਆਰਿਆ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਲਿਬਰਲ ਪਾਰਟੀ ਨੇ ਔਟਵਾ ਇਲਾਕੇ ਦੀ ਪਾਰਲੀਮਾਨੀ ਸੀਟ ਤੋਂ ਉਨ੍ਹਾਂ ਦੀ ਉਮੀਦਵਾਰੀ ਰੱਦ ਕਰ ਦਿਤੀ।
ਔਟਵਾ : ਲਿਬਰਲ ਲੀਡਰਸ਼ਿਪ ਦੌੜ ਵਿਚੋਂ ਕੱਢੇ ਗਏ ਭਾਰਤੀ ਮੂਲ ਦੇ ਐਮ.ਪੀ. ਚੰਦਰਾ ਆਰਿਆ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਲਿਬਰਲ ਪਾਰਟੀ ਨੇ ਔਟਵਾ ਇਲਾਕੇ ਦੀ ਪਾਰਲੀਮਾਨੀ ਸੀਟ ਤੋਂ ਉਨ੍ਹਾਂ ਦੀ ਉਮੀਦਵਾਰੀ ਰੱਦ ਕਰ ਦਿਤੀ। 62 ਸਾਲ ਦੇ ਚੰਦਰਾ ਆਰਿਆ 2015 ਤੋਂ ਨਪੀਅਨ ਸੀਟ ਤੋਂ ਐਮ.ਪੀ. ਹਨ ਅਤੇ ਇਕ ਵਾਰ ਫਿਰ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ। ਕੈਨੇਡਾ ਵਿਚ ਐਤਵਾਰ ਨੂੰ ਚੋਣਾਂ ਦਾ ਐਲਾਨ ਹੋ ਰਿਹਾ ਹੈ ਅਤੇ ਅਜਿਹੇ ਵਿਚ ਚੰਦਰਾ ਆਰਿਆ ਦੀ ਉਮੀਦਵਾਰ ਰੱਦ ਕਰਨ ਦਾ ਕਦਮ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਲਿਬਰਲ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਐਂਡਰਿਊ ਬੈਵਨ ਵੱਲੋਂ ਇਕ ਚਿੱਠੀ ਰਾਹੀਂ ਚੰਦਰਾ ਆਰਿਆ ਨੂੰ ਤਾਜ਼ਾ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਗਿਆ।
ਚੰਦਰਾ ਆਰਿਆ ਦੀ ਉਮੀਦਵਾਰੀ ਲਿਬਰਲ ਪਾਰਟੀ ਨੇ ਕੀਤੀ ਰੱਦ
ਚਿੱਠੀ ਵਿਚ ਲਿਖਿਆ ਹੈ ਕਿ ਲਿਬਰਲ ਪਾਰਟੀ ਦੀ ਗਰੀਨ ਲਾਈਟ ਕਮੇਟੀ ਨੂੰ ਮਿਲੀ ਨਵੀਂ ਜਾਣਕਾਰੀ ਦੇ ਆਧਾਰ ’ਤੇ ਉਮੀਦਵਾਰੀ ਰੱਦ ਕਰਨ ਦਾ ਫੈਸਲਾ ਲਿਆ ਗਿਆ। ਚਿੱਠੀ ਵਿਚ ਨਵੀਂ ਜਾਣਕਾਰੀ ਦੇ ਸਰੋਤ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਦੂਜੇ ਪਾਸੇ ਚੰਦਰਾ ਆਰਿਆ ਨੇ ਆਪਣੇ ਫੇਸਬੁਕ ਪੇਜ ’ਤੇ ਚਿੱਠੀ ਸਾਂਝੀ ਕਰਦਿਆਂ ਕਿਹਾ ਕਿ ਬਤੌਰ ਐਮ.ਪੀ. ਸੇਵਾ ਨਿਭਾਉਣਾ ਮੇਰੀ ਜ਼ਿੰਦਗੀ ਦੀ ਵੱਡੀ ਜ਼ਿੰਮੇਵਾਰੀ ਰਹੀ ਪਰ ਤਾਜ਼ਾ ਸੁਨੇਹਾ ਨਾਖੁਸ਼ੀ ਪੈਦਾ ਕਰਦਾ ਹੈ। ਦੱਸ ਦੇਈਏ ਕਿ ਚੰਦਰਾ ਆਰਿਆ ਨੂੰ ਜਨਵਰੀ ਮਹੀਨੇ ਦੌਰਾਨ ਲਿਬਰਲ ਲੀਡਰਸ਼ਿਪ ਦੌੜ ਵਿਚੋਂ ਕੱਢੇ ਜਾਣ ਦਾ ਕਾਰਨ ਵੀ ਪਾਰਟੀ ਨੇ ਨਹੀਂ ਸੀ ਦੱਸਿਆ। 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਐਲਾਨੇ ਜਾਣ ਬਾਰੇ ਹਾਊਸ ਆਫ਼ ਕਾਮਨਜ਼ ਵਿਚ ਲਿਆਂਦੇ ਮਤੇ ਦਾ ਵਿਰੋਧ ਕਰਨ ਵਾਲਿਆਂ ਵਿਚ ਚੰਦਰਾ ਆਰਿਆ ਵੀ ਸ਼ਾਮਲ ਰਹੇ। ਮੰਨਿਆ ਜਾ ਰਿਹਾ ਹੈ ਕਿ ਚੰਦਾਰਾ ਆਰਿਆ ਦੀ ਸੀਟ ਤੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਮੀਦਵਾਰ ਹੋ ਸਕਦੇ ਹਨ ਜਿਨ੍ਹਾਂ ਵੱਲੋਂ ਹੁਣ ਤੱਕ ਆਪਣੀ ਰਾਈਡਿੰਗ ਦਾ ਐਲਾਨ ਨਹੀਂ ਕੀਤਾ ਗਿਆ।
ਲੀਡਰਸ਼ਿਪ ਦੌੜ ਵਿਚੋਂ ਵੀ ਕੱਢੇ ਗਏ ਸਨ ਭਾਰਤੀ ਮੂਲ ਦੇ ਐਮ.ਪੀ.
ਦੂਜੇ ਪਾਸੇ ਕੁਝ ਲਿਬਰਲ ਆਗੂਆਂ ਦਾ ਕਹਿਣਾ ਹੈ ਕਿ ਮਾਰਕ ਕਾਰਨੀ ਐਡਮਿੰਟਨ ਤੋਂ ਚੋਣ ਲੜ ਸਕਦੇ ਹਨ, ਜਿਥੇ ਉਨ੍ਹਾਂ ਦਾ ਬਚਪਤ ਲੰਘਿਆ ਜਦਕਿ ਕੁਝ ਆਗੂਆਂ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਕਿਸੇ ਸੁਰੱਖਿਅਤ ਸੀਟ ਤੋਂ ਹੀ ਉਨ੍ਹਾਂ ਨੂੰ ਮੈਦਾਨ ਵਿਚ ਉਤਰਨਾ ਚਾਹੀਦਾ ਹੈ। ਚੋਣਾਂ ਦੇ ਐਲਾਨ ਤੋਂ ਪਹਿਲਾਂ ਲੁਭਾਉਣੇ ਵਾਅਦਿਆਂ ਦੀ ਚਰਚਾ ਵੀ ਆਰੰਭ ਹੋ ਚੁੱਕੀ ਹੈ ਅਤੇ ਮੁੜ ਲਿਬਰਲ ਸਰਕਾਰ ਸੱਤਾ ਵਿਚ ਆਉਣ ’ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਜੀ.ਐਸ.ਟੀ. ਤੋਂ ਰਾਹਤ ਮਿਲ ਸਕਦੀ ਹੈ।