ਕੈਨੇਡਾ ਆਉਣ ਦੇ ਇੱਛਕ ਲੋਕਾਂ ਨੂੰ ਵੱਡੀ ਰਾਹਤ
ਕੈਨੇਡਾ ਆਉਣ ਦੇ ਇੱਛਕ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਰੱਦ ਹੋਈਆਂ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਨਿਆਂਇਕ ਸਮੀਖਿਆ ਵਾਸਤੇ ਮਿਲਣ ਵਾਲਾ ਸਮਾਂ 30 ਦਿਨ ਤੋਂ ਵਧਾ ਕੇ 75 ਦਿਨ ਕਰ ਦਿਤਾ ਗਿਆ।
ਟੋਰਾਂਟੋ : ਕੈਨੇਡਾ ਆਉਣ ਦੇ ਇੱਛਕ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਰੱਦ ਹੋਈਆਂ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਨਿਆਂਇਕ ਸਮੀਖਿਆ ਵਾਸਤੇ ਮਿਲਣ ਵਾਲਾ ਸਮਾਂ 30 ਦਿਨ ਤੋਂ ਵਧਾ ਕੇ 75 ਦਿਨ ਕਰ ਦਿਤਾ ਗਿਆ। ਜੁਡੀਸ਼ੀਅਲ ਰੀਵਿਊ ਦੌਰਾਨ ਫੈਡਰਲ ਅਦਾਲਤ ਵੱਲੋਂ ਇੰਮੀਗ੍ਰੇਸ਼ਨ ਵਿਭਾਗ ਦੇ ਫੈਸਲੇ ਦੀ ਘੋਖ ਕੀਤੀ ਜਾਂਦੀ ਹੈ ਅਤੇ ਤਰੁਟੀ ਨਜ਼ਰ ਆਉਣ ’ਤੇ ਰੱਦ ਕੀਤੀ ਅਰਜ਼ੀ ਨੂੰ ਮੁੜ ਵਿਚਾਰ ਵਾਸਤੇ ਇੰਮੀਗ੍ਰੇਸ਼ਨ ਵਿਭਾਗ ਕੋਲ ਭੇਜਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਆਂਇਕ ਸਮੀਖਿਆ ਲਈ ਆ ਰਹੀਆਂ ਅਰਜ਼ੀਆਂ ਦੇ ਬੈਕਲਾਗ ਨੂੰ ਵੇਖਦਿਆਂ ਤਾਜ਼ਾ ਤਬਦੀਲੀ ਕੀਤੀ ਗਈ ਹੈ। ਇੰਮੀਗ੍ਰੇਸ਼ਨ ਅਰਜ਼ੀ ਰੱਦ ਹੋਣ ’ਤੇ ਸਬੰਧਤ ਉਮੀਦਵਾਰ ਨੇ ਨਿਆਂਇਕ ਇਜਾਜ਼ਤ ਯਾਨੀ ਲੀਵ ਦੀ ਅਰਜ਼ੀ ਦਾਖਲ ਕਰਨੀ ਹੁੰਦੀ ਹੈ ਅਤੇ ਲੀਵ ਪ੍ਰਵਾਨ ਹੋਣ ’ਤੇ ਹੀ ਅਦਾਲਤ ਵੱਲੋਂ ਮਾਮਲੇ ਦੀ ਨਿਆਂਇਕ ਸਮੀਖਿਆ ਕੀਤੀ ਜਾਂਦੀ ਹੈ।
ਰੱਦ ਇੰਮੀਗ੍ਰੇਸ਼ਨ ਅਰਜ਼ੀਆਂ ਵਿਰੁੱਧ ਅਪੀਲ ਵਾਸਤੇ 75 ਦਿਨ ਦਾ ਸਮਾਂ ਮਿਲੇਗਾ
ਇਸ ਪ੍ਰਕਿਰਿਆ ਵਾਸਤੇ ਪਹਿਲਾਂ ਸਿਰਫ਼ 30 ਦਿਨ ਹੀ ਮਿਲਦੇ ਸਨ। ਦੂਜੇ ਪਾਸੇ ਮੌਜੂਦਾ ਵਰ੍ਹੇ ਦੌਰਾਨ ਕੈਨੇਡੀਅਨ ਸਟੱਡੀ ਵੀਜ਼ਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ 31 ਫ਼ੀ ਸਦੀ ਕਮੀ ਆਈ ਹੈ। 2025 ਦੀ ਪਹਿਲੀ ਤਿਮਾਹੀ ਦੌਰਾਨ ਕੈਨੇਡਾ ਵੱਲੋਂ ਤਕਰੀਬਨ 96 ਹਜ਼ਾਰ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਜਦਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੌਰਾਨ 1 ਲੱਖ 21 ਹਜ਼ਾਰ ਵੀਜ਼ੇ ਜਾਰੀ ਕੀਤੇ ਗਏ ਸਨ। ਭਾਰਤੀ ਵਿਦਿਆਰਥੀਆਂ ਨੂੰ ਇਨ੍ਹਾਂ ਵਿਚੋਂ 30,640 ਵੀਜ਼ੇ ਹਾਸਲ ਹੋਏ ਜਦਕਿ 2024 ਦੀ ਪਹਿਲੀ ਤਿਮਾਹੀ ਦੌਰਾਨ 44,295 ਪਾਸਪੋਰਟਾਂ ’ਤੇ ਸਟੱਡੀ ਵੀਜ਼ੇ ਦੀ ਮੋਹਰ ਲੱਗੀ ਸੀ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ 2023 ਦੌਰਾਨ 6 ਲੱਖ 82 ਹਜ਼ਾਰ ਸਟੱਡੀ ਪਰਮਿਟ ਜਾਰੀ ਕੀਤੇ ਗਏ ਜਿਨ੍ਹਾਂ ਵਿਚੋਂ 2 ਲੱਖ 78 ਹਜ਼ਾਰ ਵੀਜ਼ੇ ਭਾਰਤੀ ਵਿਦਿਆਰਥੀਆਂ ਦੇ ਹਿੱਸੇ ਆਏ ਪਰ 2024 ਆਉਂਦਿਆਂ ਕੁਲ ਵੀਜ਼ਿਆਂ ਦੀ ਗਿਣਤੀ ਘਟ ਕੇ 5 ਲੱਖ 16 ਹਜ਼ਾਰ ਰਹਿ ਗਈ ਅਤੇ ਭਾਰਤੀ ਨੂੰ ਮਿਲੇ ਵੀਜ਼ੇ ਇਕ ਲੱਖ 88 ਹਜ਼ਾਰ ਤੱਕ ਸੀਮਤ ਹੋ ਗਏ।
ਭਾਰਤੀ ਵਿਦਿਆਰਥੀਆਂ ਨੂੰ 30,640 ਸਟੱਡੀ ਵੀਜ਼ੇ ਜਾਰੀ
ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਫ਼ ਲਫਜ਼ਾਂ ਵਿਚ ਆਖ ਚੁੱਕੇ ਹਨ ਕਿ ਕੈਨੇਡਾ ਵਿਚ ਆਰਜ਼ੀ ਤੌਰ ’ਤੇ ਮੌਜੂਦ ਲੋਕਾਂ ਦੀ ਗਿਣਤੀ 5 ਫੀ ਸਦੀ ਦੇ ਪੱਧਰ ’ਤੇ ਲੈ ਕੇ ਆਉਣੀ ਹੈ ਅਤੇ ਭਵਿੱਖ ਵਿਚ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਜਾਂ ਵਰਕ ਪਰਮਿਟਸ ਦੀ ਗਿਣਤੀ ਹੋਰ ਘਟਾਈ ਜਾ ਸਕਦੀ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਇਸ ਸਾਲ 4 ਲੱਖ 37 ਹਜ਼ਾਰ ਸਟੱਡੀ ਵੀਜ਼ੇ ਜਾਰੀ ਕਰਨ ਦੀ ਯੋਜਨਾ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਕੁਲ ਅੰਕੜਾ 4 ਲੱਖ ਤੋਂ ਹੇਠਾਂ ਰਹਿ ਸਕਦਾ ਹੈ। ਸਟੱਡੀ ਵੀਜ਼ਾ ਲਈ ਸ਼ਰਤਾਂ ਵਿਚ ਤਬਦੀਲੀ ਕਰ ਕੇ ਵੀ ਪੰਜਾਬੀ ਵਿਦਿਆਰਥੀਆਂ ਦਾ ਰੁਝਾਨ ਇਸ ਪਾਸੇ ਕਾਫ਼ੀ ਘਟਿਆ ਹੈ। ਸਟੂਡੈਂਟ ਡਾਇਰੈਕਟ ਸਟ੍ਰੀਮ ਖਤਮ ਹੋ ਚੁੱਕੀ ਹੈ ਜਿਸ ਤਹਿਤ ਜੀ.ਆਈ.ਸੀ. ਦੇ ਰੂਪ ਵਿਚ 10 ਹਜ਼ਾਰ ਡਾਲਰ ਕੈਨੇਡਾ ਲਿਆਉਣੇ ਲਾਜ਼ਮੀ ਹੁੰਦੇ ਸਨ ਪਰ ਹੁਣ ਵਿਦਿਆਰਥੀਆਂ ਨੂੰ 20,635 ਡਾਲਰ ਦੀ ਰਕਮ ਖਾਤੇ ਵਿਚ ਦਿਖਾਉਣੀ ਪੈਂਦੀ ਹੈ।