ਟੋਰਾਂਟੋ ਵਿਖੇ ਟ੍ਰੈਫਿਕ ਅਤੇ ਪਾਰਕਿੰਗ ਜੁਰਮਾਨਿਆਂ ਵਿਚ ਮੋਟਾ ਵਾਧਾ
ਟੋਰਾਂਟੋ ਵਿਖੇ ਅੱਜ ਤੋਂ ਟ੍ਰੈਫਿਕ ਅਤੇ ਪਾਰਕਿੰਗ ਨਾਲ ਸਬੰਧਤ ਜੁਰਮਾਨਿਆਂ ਵਿਚ ਮੋਟਾ ਵਾਧਾ ਲਾਗੂ ਹੋ ਗਿਆ ਹੈ। ਸਿਟੀ ਨੇ ਕਿਹਾ ਕਿ ਸੜਕਾਂ ਨੂੰ ਸੁਰੱਖਿਅਤ ਰੱਖਣ ਅਤੇ ਟ੍ਰੈਫਿਕ ਦੀ ਭੀੜ-ਭਾੜ ਘਟਾਉਣ ਦੇ ਮਕਸਦ ਨਾਲ ਨਵੀਆਂ ਦਰਾਂ ਲਾਗੂ ਕੀਤੀਆਂ ਜਾ ਰਹੀਆਂ ਹਨ।;
ਟੋਰਾਂਟੋ : ਟੋਰਾਂਟੋ ਵਿਖੇ ਅੱਜ ਤੋਂ ਟ੍ਰੈਫਿਕ ਅਤੇ ਪਾਰਕਿੰਗ ਨਾਲ ਸਬੰਧਤ ਜੁਰਮਾਨਿਆਂ ਵਿਚ ਮੋਟਾ ਵਾਧਾ ਲਾਗੂ ਹੋ ਗਿਆ ਹੈ। ਸਿਟੀ ਨੇ ਕਿਹਾ ਕਿ ਸੜਕਾਂ ਨੂੰ ਸੁਰੱਖਿਅਤ ਰੱਖਣ ਅਤੇ ਟ੍ਰੈਫਿਕ ਦੀ ਭੀੜ-ਭਾੜ ਘਟਾਉਣ ਦੇ ਮਕਸਦ ਨਾਲ ਨਵੀਆਂ ਦਰਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਨਵੀਆਂ ਦਰਾਂ 123 ਕਿਸਮ ਦੀਆਂ ਕੋਤਾਹੀਆਂ ’ਤੇ ਲਾਗੂ ਹੋਣਗੀਆਂ ਅਤੇ ਕਈ ਮਾਮਲਿਆਂ ਵਿਚ ਜੁਰਮਾਨਾ ਤਿੰਨ ਗੁਣਾ ਤੋਂ ਜ਼ਿਆਦਾ ਵਧਾਇਆ ਗਿਆ ਹੈ।
ਸਾਈਕਲ ਵਾਲੀ ਥਾਂ ’ਤੇ ਕਾਰ ਖੜ੍ਹੀ ਕਰਨ ਵਾਲੇ ਨੂੰ ਲੱਗੇਗਾ 200 ਡਾਲਰ ਜੁਰਮਾਨਾ
ਮਿਸਾਲ ਵਜੋਂ ਸਾਈਕਲ ਵਾਲੀ ਥਾਂ ’ਤੇ ਗੱਡੀ ਖੜ੍ਹੀ ਕਰਨ ਵਾਲਿਆਂ ਨੂੰ 200 ਡਾਲਰ ਜੁਰਮਾਨਾ ਕੀਤਾ ਜਾਵੇਗਾ ਜਦਕਿ ਇਸ ਤੋਂ ਪਹਿਲਾਂ 60 ਡਾਲਰ ਵਸੂਲ ਕੀਤੇ ਜਾਂਦੇ ਸਨ। ਇੰਟਰਸੈਕਸ਼ਨ ਦੇ ਘੇਰੇ ਵਿਚ ਰੁਕਣ ਵਾਲਿਆਂ ਨੂੰ ਵੀ ਹੁਣ 60 ਡਾਲਰ ਦੀ ਬਜਾਏ 200 ਡਾਲਰ ਜੁਰਮਾਨਾ ਦੇਣਾ ਹੋਵੇਗਾ। ਮੀਟਰ ’ਤੇ ਅਦਾਇਗੀ ਕੀਤੇ ਬਗੈਰ ਗੱਡੀ ਪਾਰਕ ਕਰਨ ਵਾਲਿਆਂ ਨੂੰ 30 ਡਾਲਰ ਦੀ ਬਜਾਏ 50 ਡਾਲਰ ਦੇਣੇ ਹੋਣਗੇ। ਇਸ ਤੋਂ ਇਲਾਵਾ ਇਲੈਕਟ੍ਰਿਕ ਗੱਡੀਆਂ ਨੂੰ ਚਾਰਜ ਕਰਦਿਆਂ ਸਹੀ ਤਰੀਕੇ ਨਾਲ ਨਾ ਖੜ੍ਹਾਉਣ ’ਤੇ 75 ਡਾਲਰ ਦੀ ਜੁਰਮਾਨਾ ਵਸੂਲ ਕੀਤਾ ਜਾਵੇਗਾ। ਸਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਪਾਰਕਿੰਗ ਨਿਯਮਾਂ ਦੀ ਉਲੰਘਣਾ ਅਤੇ ਜੁਰਮਾਨੇ ਬਾਰੇ ਕਦੇ ਕਿਸੇ ਨੂੰ ਕੋਈ ਟੈਕਸਟ ਮੈਸੇਜ ਨਹੀਂ ਭੇਜਿਆ ਜਾਂਦਾ। ਅਜਿਹੇ ਕਿਸੇ ਵੀ ਟੈਕਸਟ ਮੈਸੇਜ ਨੂੰ ਫਰਜ਼ੀ ਸਮਝਿਆ ਜਾਵੇ ਜੋ ਠੱਗੀ ਦਾ ਕਾਰਨ ਬਣ ਸਕਦੇ ਹਨ।