ਬੀ.ਸੀ. ਵਿਚ 2 ਪੰਜਾਬੀ ਗੈਂਗਸਟਰਾਂ ਦੀ ਰਿਹਾਈ ਮਗਰੋਂ ਲੋਕਾਂ ਨੂੰ ਚਿਤਾਵਨੀ
ਬੀ.ਸੀ. ਵਿਚ ਦੋ ਪੰਜਾਬੀ ਗੈਂਗਸਟਰਾਂ ਨੂੰ ਜ਼ਮਾਨਤ ਮਿਲਣ ਮਗਰੋਂ ਐਬਸਫੋਰਡ ਪੁਲਿਸ ਵੱਲੋਂ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ਲੋਕ ਸੁਰੱਖਿਆ ਵਾਸਤੇ ਵੱਡਾ ਖਤਰਾ ਪੈਦਾ ਕਰਦੇ ਹਨ;
ਐਬਸਫੋਰਡ : ਬੀ.ਸੀ. ਵਿਚ ਦੋ ਪੰਜਾਬੀ ਗੈਂਗਸਟਰਾਂ ਨੂੰ ਜ਼ਮਾਨਤ ਮਿਲਣ ਮਗਰੋਂ ਐਬਸਫੋਰਡ ਪੁਲਿਸ ਵੱਲੋਂ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ਲੋਕ ਸੁਰੱਖਿਆ ਵਾਸਤੇ ਵੱਡਾ ਖਤਰਾ ਪੈਦਾ ਕਰਦੇ ਹਨ ਜਿਨ੍ਹਾਂ ਨੂੰ ਫਰਵਰੀ ਵਿਚ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਰਜੈਂਟ ਪੌਲ ਵਾਕਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਦਾਲਤੀ ਹੁਕਮਾਂ ਅਧੀਨ ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ਘਰੋਂ ਬਾਹਰ ਨਹੀਂ ਨਿਕਲ ਸਕਣਗੇ ਅਤੇ ਕਿਸੇ ਵੀ ਕਿਸਮ ਦਾ ਹਥਿਆਰ ਰੱਖਣ ਦੀ ਸਖਤ ਮਨਾਹੀ ਕੀਤੀ ਗਈ ਹੈ। ਮੋਬਾਈਲ ਫੋਨ ਵਰਤਣ ’ਤੇ ਪਾਬੰਦੀ ਹੈ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ।
ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ’ਤੇ ਲੱਗ ਚੁੱਕੇ ਨੇ ਕਤਲ ਦੀ ਸਾਜ਼ਿਸ਼ ਦੇ ਦੋਸ਼
ਐਬਸਫੋਰਡ ਦੇ ਪੱਛਮੀ ਇਲਾਕੇ ਵਿਚ ਮੌਜੂਦ ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ’ਤੇ ਪੁਲਿਸ ਵੀ ਨਜ਼ਰ ਰੱਖੇਗੀ ਅਤੇ ਜੇ ਫਿਰ ਵੀ ਦੋਵੇਂ ਜਣੇ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰਦੇ ਨਜ਼ਰ ਆਉਣ ਤਾਂ ਇਸ ਬਾਰੇ 911 ’ਤੇ ਕਾਲ ਕੀਤੀ ਜਾਵੇ ਜਾਂ 604 859 5225 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ਸਣੇ ਤਿੰਨ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕਰਨ ਬਾਰੇ ਪ੍ਰਕਿਰਿਆ ਆਰੰਭੀ ਗਈ ਸੀ। ਚਾਰ ਜਾਇਦਾਦਾਂ ਦੀ ਕੁਲ ਕੀਮਤ 60 ਲੱਖ ਡਾਲਰ ਦੱਸੀ ਜਾ ਰਹੀ ਹੈ ਜਿਨ੍ਹਾਂ ਵਿਚ ਦੋ ਵੱਡੇ ਮਕਾਨ ਅਤੇ ਦੋ ਕੌਂਡੋਜ਼ ਸ਼ਾਮਲ ਹਨ। ਸਰੀ ਦੇ 20 ਐਵੇਨਿਊ ਅਤੇ 23 ਐਵੇਨਿਊ ਵਿਖੇ ਬਣੇ ਦੋ ਆਲੀਸ਼ਾਨ ਘਰਾਂ ਦਾ ਮਾਲਕ ਗਵਿੰਦਰ ਸੀਖਮ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀ ਕੀਮਤ 40 ਲੱਖ ਡਾਲਰ ਬਣਦੀ ਹੈ। ਬੀਤੀ 21 ਫਰਵਰੀ ਨੂੰ ਮਾਰੇ ਗਏ ਛਾਪੇ ਦੌਰਾਨ ਐਬਸਫੋਰਡ ਪੁਲਿਸ ਵੱਲੋਂ 80 ਹਜ਼ਾਰ ਡਾਲਰ ਨਕਦ, ਛੇ ਕਿਲੋ ਫੈਂਟਾਨਿਲ, ਦੋ ਕਿਲੋ ਕੋਕੀਨ ਅਤੇ ਹੈਰੋਇਨ ਤੇ ਮੈਥਮਫੈਟਾਮਿਨ ਵੀ ਬਰਾਮਦ ਕੀਤੀ ਗਈ।
ਮੈਟਰੋ ਵੈਨਕੂਵਰ ਵਿਖੇ 5 ਲੱਖ ਡਾਲਰ ਦੇ ਨਸ਼ਿਆਂ ਸਣੇ 8 ਜਣੇ ਗ੍ਰਿਫ਼ਤਾਰ
ਇਸ ਤੋਂ ਇਲਾਵਾ ਦੋ ਪਸਤੌਲਾਂ ਅਤੇ ਪੰਜ ਜੀ.ਪੀ.ਐਸ. ਟ੍ਰੈਕਰ ਵੱਖਰੇ ਤੌਰ ’ਤੇ ਬਰਾਮਦ ਹੋਣ ਦੀ ਰਿਪੋਰਟ ਹੈ। ਪੁਲਿਸ ਕੋਲ ਇਸ ਗੱਲ ਦੇ ਪੁਖਤਾ ਸਬੂਤ ਮੌਜੂਦ ਹਨ ਕਿ ਇਨ੍ਹਾਂ ਨੇ ਵਿਰੋਧੀ ਗਿਰੋਹਾਂ ਦੇ ਮੈਂਬਰਾਂ ਨੂੰ ਕਤਲ ਕਰਨ ਦੀ ਵਿਉਂਤਬੰਦੀ ਕੀਤੀ ਪਰ ਸਮਾਂ ਰਹਿੰਦੇ ਪਤਾ ਲੱਗਣ ਕਾਰਨ ਹਰ ਸਾਜ਼ਿਸ਼ ਨਾਕਾਮ ਕਰ ਦਿਤੀ ਗਈ। ਦੂਜੇ ਪਾਸੇ ਮੈਟਰੋ ਵੈਨਕੂਵਰ ਵਿਖੇ 5 ਲੱਖ ਡਾਲਰ ਤੋਂ ਵੱਧ ਮੁੱਲ ਦੇ ਨਸ਼ੇ ਬਰਾਮਦ ਕਰਦਿਆਂ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਠ ਜਣਿਆਂ ਵਿਚੋਂ ਪੰਜ ਪੁਰਸ਼ ਅਤੇ ਤਿੰਨ ਔਰਤਾਂ ਹਨ ਜਿਨ੍ਹਾਂ ਕੋਲੋਂ 15 ਕਿਲੋ ਐਮ.ਡੀ.ਐਮ.ਏ., 8.5 ਕਿਲੋ ਫੈਂਟਾਨਿਲ ਅਤੇ ਇਕ ਕਿਲੋ ਕੋਕੀਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਸਾਢੇ ਚਾਰ ਹਜ਼ਾਰ ਗੋਲੀਆਂ ਔਕਸੀਕੋਡੋਨ, ਹਾਈਡਰਮੌਰਫਿਨ, ਫੈਂਟਾਨਿਲ ਅਤੇ ਕੈਫੀਨ ਦੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਵੱਲੋਂ ਪੰਜ ਗੱਡੀਆਂ, ਦੋ ਹਥਿਆਰ ਅਤੇ ਗੋਲੀਆਂ ਤੋਂ ਇਲਾਵਾ 40 ਹਜ਼ਾਰ ਡਾਲਰ ਨਕਦ ਅਤੇ 2 ਲੱਖ ਡਾਲਰ ਮੁੱਲ ਦੇ ਗਹਿਣੇ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ। ਗ੍ਰਿਫ਼ਤਾਰ ਸ਼ੱਕੀਆਂ ਦੀ ਪਛਾਣ 21 ਸਾਲਾ ਰਾਇਲੀ ਜੌਹਲ, 31 ਸਾਲ ਦੇ ਰੇਮੰਡ ਬਰਾਊਨ, ਜੈਕਬ ਬਰਾਊਨ, ਕ੍ਰਿਸਟੀਨਾ ਸੁਇਡੀ ਅਤੇ ਡੈਨੀਕਾ ਜੈਲਬਰਟ ਵਜੋਂ ਕੀਤੀ ਗਈ ਹੈ। ਇਨ੍ਹਾਂ ਵਿਚੋਂ ਰੇਮੰਡ ਬ੍ਰਾਊਨ ਨੂੰ ਹਥਿਆਰਾਂ ਦੇ ਦੋਸ਼ਾਂ ਕਾਰਨ ਜ਼ਮਾਨਤ ਨਹੀਂ ਮਿਲ ਸਕੀ ਜਦਕਿ ਬਾਕੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਜਿਨ੍ਹਾਂ ਦੀ ਸਰੀ ਪ੍ਰੋਵਿਨਸ਼ੀਅਲ ਕੋਰਟ ਵਿਚ ਪੇਸ਼ੀ 14 ਅਗਸਤ ਨੂੰ ਹੋਵੇਗੀ।