ਬੀ.ਸੀ. ਵਿਚ ਬਹੁਮਤ ਵਾਲੀ ਸਰਕਾਰ ਦੀ ਅਗਵਾਈ ਕਰਨਗੇ ਡੇਵਿਡ ਈ.ਬੀ.

ਬੀ.ਸੀ. ਵਿਧਾਨ ਸਭਾ ਦੀ ਸਰੀ-ਗਿਲਫਰਡ ਸੀਟ ਆਖਰਕਾਰ ਐਨ.ਡੀ.ਪੀ. ਦੀ ਝੋਲੀ ਵਿਚ ਚਲੀ ਗਈ ਅਤੇ ਡੇਵਿਡ ਈਬੀ ਬਹੁਮਤ ਵਾਲੀ ਸਰਕਾਰ ਦੀ ਅਗਵਾਈ ਕਰ ਸਕਣਗੇ।

Update: 2024-11-09 10:58 GMT

ਵੈਨਕੂਵਰ : ਬੀ.ਸੀ. ਵਿਧਾਨ ਸਭਾ ਦੀ ਸਰੀ-ਗਿਲਫਰਡ ਸੀਟ ਆਖਰਕਾਰ ਐਨ.ਡੀ.ਪੀ. ਦੀ ਝੋਲੀ ਵਿਚ ਚਲੀ ਗਈ ਅਤੇ ਡੇਵਿਡ ਈਬੀ ਬਹੁਮਤ ਵਾਲੀ ਸਰਕਾਰ ਦੀ ਅਗਵਾਈ ਕਰ ਸਕਣਗੇ। ਜੁਡੀਸ਼ਲ ਰੀਕਾਊਂਟ ਦੌਰਾਨ ਐਨ.ਡੀ.ਪੀ. ਗੈਰ ਬੈਗਜ਼ ਨੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਹੋਨਵੀਰ ਸਿੰਘ ਰੰਧਾਵਾ ਨੂੰ 22 ਵੋਟਾਂ ਦੇ ਫ਼ਰਕ ਨਾਲ ਹਰਾ ਦਿਤਾ। ਹੈਰਾਨੀ ਇਸ ਗੱਲ ਦੀ ਐ ਕਿ ਵੋਟਾਂ ਦੀ ਪਹਿਲੀ ਗਿਣਤੀ ਦੌਰਾਨ ਹੋਨਵੀਰ ਸਿੰਘ ਨੂੰ ਜੇਤੂ ਕਰਾਰ ਦਿਤਾ ਗਿਆ ਸੀ। ਬੀ.ਸੀ. ਦੇ ਮੁੱਖ ਚੋਣ ਅਫਸਰ ਐਂਟਨ ਬੋਇਗਮੈਨ ਦਾ ਕਹਿਣਾ ਸੀ ਕਿ ਸਾਰੀਆਂ ਵੋਟਾਂ ਦੀ ਗਿਣਤੀ ਤਾਂ ਹੋ ਗਈ ਪਰ ਇਨ੍ਹਾਂ ਵਿਚੋਂ ਕੁਝ ਕੇਂਦਰੀ ਰਿਪੋਰਟਿੰਗ ਸਿਸਟਮ ਤੱਕ ਨਾ ਪੁੱਜ ਸਕੀਆਂ। ਬੀ.ਸੀ. ਵਿਚ ਕੋਈ ਵੋਟਰ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਆਪਣੀ ਰਾਈਡਿੰਗ ਵਿਚ ਵੋਟ ਪਾ ਸਕਦਾ ਹੈ। ਸਰੀ-ਗਿਲਫਰਡ ਨਾਲ ਸਬੰਧਤ ਵੋਟਰਾਂ ਨੇ ਕਈ ਹੋਰਨਾਂ ਥਾਵਾਂ ’ਤੇ ਵੋਟ ਪਾਈ ਅਤੇ ਚੋਣਾਂ ਵਾਲੀ ਰਾਤ ਇਨ੍ਹਾਂ ਦੀ ਗਿਣਤੀ ਵੀ ਸੰਭਵ ਹੋ ਸਕੀ ਪਰ ਨਤੀਜੇ ਕੱਢਣ ਦੌਰਾਨ ਇਨ੍ਹਾਂ ਵੋਟਾਂ ਨੂੰ ਸ਼ਾਮਲ ਨਾ ਕੀਤਾ ਜਾ ਸਕਿਆ।

ਸਰੀ-ਗਿਲਫਰਡ ਸੀਟ ਜੁਡੀਸ਼ਲ ਰੀਕਾਊਂਡ ਮਗਰੋਂ ਐਨ.ਡੀ.ਪੀ. ਦੀ ਝੋਲੀ ਵਿਚ ਗਈ

ਦੂਜੇ ਪਾਸੇ ਕੈਲੋਨਾ ਸੈਂਟਰ ਰਾਈਡਿੰਗ ਵਿਖੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ 40 ਵੋਟਾਂ ਨਾਲ ਜੇਤੂ ਰਹੀ। ਇਲੈਕਸ਼ਨਜ਼ ਬੀ.ਸੀ. ਵੱਲੋਂ ਪ੍ਰਿੰਸ ਜਾਰਜ-ਮਕੈਂਜ਼ੀ ਦੀਆਂ ਵੋਟਾਂ ਵੀ ਮੁੜ ਗਿਣੀਆਂ ਗਈਆਂ ਕਿਉਂਕਿ ਇਥੇ ਇਕ ਬਕਸਾ ਅਣਗਿਣਿਆ ਹੀ ਰਹਿ ਗਿਆ ਸੀ ਪਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੀ ਲੀਡ ਬਹੁਤ ਜ਼ਿਆਦਾ ਹੋਣ ਕਾਰਨ ਨਤੀਜੇ ’ਤੇ ਕੋਈ ਅਸਰ ਨਾ ਪਿਆ। ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਚ ਰਾਜਨੀਤੀ ਵਿਗਿਆਨ ਦੇ ਪ੍ਰੋ. ਸਟੀਵਰਟ ਪ੍ਰੈਸਟ ਦਾ ਕਹਿਣਾ ਸੀ ਕਿ ਇਲੈਕਸ਼ਨਜ਼ ਬੀ.ਸੀ. ਵੱਲੋਂ ਜਾਇਜ਼ ਨਤੀਜੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਕਿਉਂਕਿ ਕਈ ਰਾਈਡਿੰਗਜ਼ ਵਿਚ ਮੁਕਾਬਲਾ ਬੇਹੱਦ ਫਸਵਾਂ ਨਜ਼ਰ ਆਇਆ। ਪ੍ਰੈਸਟ ਮੁਤਾਬਕ ਕਿਸੇ ਬਾਹਰੀ ਸੂਬੇ ਤੋਂ ਮਾਹਰ ਨੂੰ ਸੱਦ ਕੇ ਰਿਪੋਰਟ ਵੀ ਤਿਆਰ ਕਰਵਾਈ ਜਾ ਸਕਦੀ ਹੈ। ਉਧਰ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਨਵੇਂ ਮੰਤਰੀ ਮੰਡਲ ਦਾ ਐਲਾਨ 18 ਨਵੰਬਰ ਨੂੰ ਕੀਤਾ ਜਾ ਸਕਦਾ ਹੈ ਪਰ ਵਿਧਾਨ ਸਭਾ ਇਜਲਾਸ ਸੱਦਣ ਬਾਰੇ ਫਿਲਹਾਲ ਕੋਈ ਸੰਕੇਤ ਨਹੀਂ ਦਿਤੇ ਗਏ। ਇਥੇ ਦਸਣਾ ਬਣਦਾ ਹੈ ਕਿ ਬੀ.ਸੀ. ਵਿਧਾਨ ਸਭਾ ਚੋਣਾਂ ਲਈ ਅੰਤਮ ਗਿਣਤੀ 28 ਅਕਤੂਬਰ ਦੀ ਸ਼ਾਮ ਮੁਕੰਮਲ ਕੀਤੀ ਗਈ ਅਤੇ ਐਨ.ਡੀ.ਪੀ. ਨੇ 47 ਸੀਟਾਂ ਨਾਲ ਸਾਧਾਰਣ ਬਹੁਮਤ ਹਾਸਲ ਕਰ ਲਿਆ। ਨਵਾਂ ਅੰਕੜਾ ਸਾਹਮਣੇ ਆਉਣ ਮਗਰੋਂ ਬੀ.ਸੀ. ਵਿਧਾਨ ਸਭਾ ਚੋਣਾਂ ਵਿਚ ਜੇਤੂ ਸਾਊਥ ਏਸ਼ੀਅਨਜ਼ ਦੀ ਗਿਣਤੀ 14 ਰਹਿ ਗਈ ਜੋ ਪਹਿਲਾਂ 15 ਦੱਸੀ ਜਾ ਰਹੀ ਸੀ। ਬਰਨਬੀ ਈਸਟ ਤੋਂ ਐਨ.ਡੀ.ਪੀ. ਦੀ ਰੀਆ ਅਰੋੜਾ ਜੇਤੂ ਰਹੀ ਜਦਕਿ ਬਰਨਬੀ ਨਿਊ ਵੈਸਟਮਿੰਸਟਰ ਤੋਂ ਰਾਜ ਚੌਹਾਨ ਨੇ ਜਿੱਤ ਦਰਜ ਕੀਤੀ। ਡੈਲਟਾ ਨੌਰਥ ਤੋਂ ਐਨ.ਡੀ.ਪੀ. ਦੇ ਰਵੀ ਕਾਹਲੋਂ ਜੇਤੂ ਰਹੇ ਜਦਕਿ ਲੈਂਗਫੋਰਡ ਹਾਈਲੈਂਡਜ਼ ਤੋਂ ਐਨ.ਡੀ.ਪੀ. ਦੇ ਹੀ ਰਵੀ ਪਰਮਾਰ ਨੇ ਜਿੱਤ ਹਾਸਲ ਕੀਤੀ। ਲੈਂਗਲੀ ਐਬਸਫੋਰਡ ਤੋਂ ਕੰਜ਼ਰਵੇਟਿਵ ਪਾਰਟੀ ਦੇ ਹਰਮਨ ਭੰਗੂ ਜੇਤੂ ਰਹੇ ਜਦਕਿ ਲੈਂਗਲੀ ਵਿਲੋਬਰੂਕ ਤੋਂ ਜੌਡੀ ਤੂਰ ਨੇ ਜਿੱਤ ਦਰਜ ਕੀਤੀ। ਸਰੀ ਸਿਟੀ ਸੈਂਟਰ ਤੋਂ ਐਨ.ਡੀ.ਪੀ. ਦੀ ਆਮਨਾ ਸ਼ਾਹ ਨੇ ਜਿੱਤ ਹਾਸਲ ਕੀਤੀ ਜਦਕਿ ਸਰੀ ਫਲੀਟਵੁੱਡ ਤੋਂ ਜਗਰੂਪ ਬਰਾੜ ਜੇਤੂ ਰਹੇ। ਸਰੀ ਨੌਰਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਮਨਦੀਪ ਧਾਲੀਵਾਲ ਨੇ ਜਿੱਤ ਹਾਸਲ ਕੀਤੀ ਜਦਕਿ ਵੈਨਕੂਵਰ ਹੇਸਟਿੰਗਜ਼ ਤੋਂ ਐਨ.ਡੀ.ਪੀ. ਦੀ ਨਿੱਕੀ ਸ਼ਰਮਾ ਜੇਤੂ ਰਹੇ। ਵੈਨਕੂਵਰ ਲੰਗਾਰਾ ਤੋਂ ਐਨ.ਡੀ.ਪੀ. ਦੀ ਸੁਨੀਤਾ ਧੀਰ ਜੇਤੂ ਰਹੇ ਜਦਕਿ ਵਰਨੌਨ ਲੰਬੀ ਤੋਂ ਹਰਵਿੰਦਰ ਸੰਧੂ ਨੇ ਜਿੱਤ ਹਾਸਲ ਕੀਤੀ।

Tags:    

Similar News