ਬੀ.ਸੀ. ਦੇ ਲੋਕਾਂ ਨੂੰ ਮਿਲੇਗੀ 1000 ਡਾਲਰ ਦੀ ਟੈਕਸ ਰਾਹਤ
ਬੀ.ਸੀ. ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸਿਖਰਾਂ ’ਤੇ ਹੈ ਅਤੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਹਰ ਪਰਵਾਰ ਨੂੰ ਇਕ ਹਜ਼ਾਰ ਡਾਲਰ ਸਾਲਾਨਾ ਦੀ ਟੈਕਸ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ।
ਵੈਨਕੂਵਰ : ਬੀ.ਸੀ. ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸਿਖਰਾਂ ’ਤੇ ਹੈ ਅਤੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਹਰ ਪਰਵਾਰ ਨੂੰ ਇਕ ਹਜ਼ਾਰ ਡਾਲਰ ਸਾਲਾਨਾ ਦੀ ਟੈਕਸ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਪ੍ਰੀਮੀਅਰ ਨੇ ਦਾਅਵਾ ਕੀਤਾ ਹੈ ਕਿ 90 ਫ਼ੀ ਸਦੀ ਤੋਂ ਵੱਧ ਬੀ.ਸੀ. ਵਾਸੀਆਂ ਨੂੰ ਟੈਕਸ ਰਾਹਤ ਦਾ ਲਾਭ ਮਿਲੇਗਾ ਜੋ ਜਨਵਰੀ 2025 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਉਧਰ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਟੈਕਸ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਆਰਥਿਕ ਮਾਹਰਾਂ ਮੁਤਾਬਕ ਸੂਬੇ ਦੇ ਲੋਕਾਂ ਨੂੰ ਇਸ ਦਾ ਪੂਰਾ ਫਾਇਦਾ 2029 ਤੱਕ ਹੀ ਮਿਲ ਸਕੇਗਾ। ਪੰਜਾਬ ਵਿਚ ਹੁੰਦੀਆਂ ਚੋਣਾਂ ਵਾਂਗ ਬੀ.ਸੀ. ਵਿਚ ਜਨਤਕ ਥਾਵਾਂ ’ਤੇ ਇਕੱਤਰ ਬਜ਼ੁਰਗਾਂ ਦਰਮਿਆਨ ਹੁੰਦੀ ਖੁੰਢ ਚਰਚਾ ਚੋਣਾਂ ਦੁਆਲੇ ਘੁੰਮਦੀ ਮਹਿਸੂਸ ਕੀਤੀ ਜਾ ਸਕਦੀ ਹੈ। ਤਾਜ਼ਾ ਚੋਣ ਸਰਵੇਖਣਾਂ ਵਿਚ ਬੀ.ਸੀ. ਕੰਜ਼ਰਵੇਟਿਵ ਪਾਰਟੀ ਦਾ ਹੱਥ ਮਾਮੂਲੀ ਤੌਰ ’ਤੇ ਉਪਰ ਨਜ਼ਰ ਆ ਰਿਹਾ ਹੈ ਪਰ ਡੇਵਿਡ ਈਬੀ ਦੀ ਅਗਵਾਈ ਹੇਠ ਐਨ.ਡੀ.ਪੀ. ਵੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਬੀ.ਸੀ. ਦੇ ਲੋਕਾਂ ਨੂੰ 22,580 ਡਾਲਰ ਤੱਕ ਦੀ ਕਮਾਈ ’ਤੇ ਕੋਈ ਪ੍ਰੋਵਿਨਸ਼ੀਅਲ ਟੈਕਸ ਨਹੀਂ ਦੇਣਾ ਹੋਵੇਗਾ ਅਤੇ ਇਕ ਪਰਵਾਰ ਨੂੰ ਔਸਤਨ ਇਕ ਹਜ਼ਾਰ ਡਾਲਰ ਸਾਲਾਨਾ ਦਾ ਫਾਇਦਾ ਹੋ ਸਕਦਾ ਹੈ।
ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਹੋ ਰਹੇ ਵੱਡੇ ਵੱਡੇ ਐਲਾਨ
ਸਰੀ ਵਿਖੇ ਚੋਣ ਰੈਲੀ ਦੌਰਾਨ ਡੇਵਿਡ ਈਬੀ ਨੇ ਕਿਹਾ ਕਿ ਟੈਕਸ ਕਟੌਤੀ ਰਾਹੀਂ ਸੂਬੇ ਦੇ ਲੋਕਾਂ ਨੂੰ ਮਹਿੰਗਾਈ ਅਤੇ ਉਚੀਆਂ ਵਿਆਜ ਦਰਾਂ ਦਾ ਟਾਕਰਾ ਕਰਨ ਵਿਚ ਮਦਦ ਮਿਲੇਗੀ। ਇਕ ਹਫ਼ਤੇ ਪਹਿਲਾਂ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਹਨ ਰੁਸਟੈਡ ਵੱਲੋਂ ਇਕ ਹਫ਼ਤੇ ਪਹਿਲਾਂ ਐਲਾਨੀ ਯੋਜਨਾ ਤਹਿਤ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਨੂੰ 2026 ਤੋਂ 1500 ਡਾਲਰ ਦੀ ਟੈਕਸ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਜੋ 2029 ਤੱਕ ਵਧ ਕੇ 3 ਹਜ਼ਾਰ ਡਾਲਰ ਤੱਕ ਜਾ ਸਕਦੀ ਹੈ। ਇਸੇ ਦੌਰਾਨ ਕਿਸਾਨੀ ਹਿਤ ਦੀ ਡਟ ਕੇ ਰਾਖੀ ਕਰਨ ਦਾ ਐਲਾਨ ਕਰਦਿਆਂ ਜੌਹਨ ਰੁਸਟੈਡ ਨੇ ਕਿਹਾ ਕਿ ਬੀ.ਸੀ. ਦੇ ਲੋਕਾਂ ਦੀ ਖੁਰਾਕ ਦੇ ਦੋ ਤਿਹਾਈ ਹਿੱਸਾ ਬਾਹਰਲੇ ਰਾਜਾਂ ਤੋਂ ਆਉਂਦਾ ਹੈ। ਜੌਹਨ ਰੁਸਟੈਡ ਨੇ ਇਸ ਰੁਝਾਨ ਨੂੰ ਬਦਲਣ ਲਈ ਸੂਬੇ ਵਿਚ ਵੱਧ ਤੋਂ ਵੱਧ ਖੁਰਾਕੀ ਵਸਤਾਂ ਦੇ ਉਤਪਾਦਨ ਦੁੱਗਣਾ ਕਰਨ ’ਤੇ ਜ਼ੋਰ ਦਿਤਾ। ਟੋਰੀ ਆਗੂ ਵੱਲੋਂ ਬੀ.ਸੀ. ਦੇ ਕਿਸਾਨਾਂ ਨੂੰ ਕੌਮਾਂਤਰੀ ਮੰਡੀਆਂ ਮੁਹੱਈਆ ਕਰਵਾਉਣ ਅਤੇ ਟੈਕਸ ਰਾਹਤ ਦੇਣ ਦਾ ਐਲਾਨ ਵੀ ਕੀਤਾ ਗਿਆ।