ਬੀ.ਸੀ. ਵਿਚ ਐਨ.ਡੀ.ਪੀ. ਨੂੰ ਸਰਕਾਰ ਬਣਾਉਣ ਦਾ ਸੱਦਾ

ਬੀ.ਸੀ. ਵਿਧਾਨ ਸਭਾ ਚੋਣਾਂ ਲਈ ਅੰਤਮ ਗਿਣਤੀ ਸੋਮਵਾਰ ਸ਼ਾਮ ਮੁਕੰਮਲ ਹੋ ਗਈ ਅਤੇ 47 ਸੀਟਾਂ ਹਾਸਲ ਕਰਦਿਆਂ ਐਨ.ਡੀ.ਪੀ. ਸਰਕਾਰ ਬਣਾਉਣ ਲਈ ਤਿਆਰ ਬਰ ਤਿਆਰ ਹੈ।

Update: 2024-10-29 11:39 GMT

ਵੈਨਕੂਵਰ : ਬੀ.ਸੀ. ਵਿਧਾਨ ਸਭਾ ਚੋਣਾਂ ਲਈ ਅੰਤਮ ਗਿਣਤੀ ਸੋਮਵਾਰ ਸ਼ਾਮ ਮੁਕੰਮਲ ਹੋ ਗਈ ਅਤੇ 47 ਸੀਟਾਂ ਹਾਸਲ ਕਰਦਿਆਂ ਐਨ.ਡੀ.ਪੀ. ਸਰਕਾਰ ਬਣਾਉਣ ਲਈ ਤਿਆਰ ਬਰ ਤਿਆਰ ਹੈ। ਬੇਹੱਦ ਫਸਵੇਂ ਮੁਕਾਬਲੇ ਵਾਲੀ ਸਰੀ ਗਿਲਫਰਡ ਸੀਟ ਐਨ.ਡੀ.ਪੀ. ਦੇ ਗੈਰੀ ਬੈਗ ਨੇ 27 ਵੋਟਾਂ ਦੇ ਫਰਕ ਨਾਲ ਜਿੱਤ ਲਈ ਅਤੇ ਬੀ.ਸੀ. ਕੰਜ਼ਰਵੇਟਿਵਜ਼ ਦੇ ਹੋਨਵੀਰ ਸਿੰਘ ਰੰਧਾਵਾ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪਿਆ। ਨਵਾਂ ਅੰਕੜਾ ਸਾਹਮਣੇ ਆਉਣ ਮਗਰੋਂ ਬੀ.ਸੀ. ਵਿਧਾਨ ਸਭਾ ਚੋਣਾਂ ਵਿਚ ਜੇਤੂ ਸਾਊਥ ਏਸ਼ੀਅਨਜ਼ ਦੀ ਗਿਣਤੀ 14 ਰਹਿ ਗਈ ਜੋ ਪਹਿਲਾਂ 15 ਦੱਸੀ ਜਾ ਰਹੀ ਸੀ। ਸ਼ਨਿੱਚਰਵਾਰ ਸ਼ਾਮ ਤੱਕ ਹੋਨਵੀਰ ਸਿੰਘ ਰੰਧਾਵਾ 102 ਵੋਟਾਂ ਨਾਲ ਅੱਗੇ ਚੱਲ ਰਹੇ ਸਨ ਪਰ ਐਬਸੈਂਟੀ ਵੋਟਾਂ ਦੀ ਗਿਣਤੀ ਮਗਰੋਂ ਐਨ.ਡੀ.ਪੀ. ਦੇ ਗੈਰੀ ਬੈਗ ਦਾ ਪਲੜਾ ਭਾਰੀ ਹੋ ਗਿਆ ਅਤੇ ਆਖਰਕਾਰ ਗੈਰੀ ਬੈਗ ਨੂੰ 8,938 ਵੋਟਾਂ ਨਾਲ ਜੇਤੂ ਕਰਾਰ ਦੇ ਦਿਤਾ ਗਿਆ।

ਐਨ.ਡੀ.ਪੀ. ਨੂੰ 47 ਅਤੇ ਕੰਜ਼ਰਵੇਟਿਵ ਪਾਰਟੀ ਨੂੰ 44 ਸੀਟਾਂ

ਦੂਜੇ ਪਾਸੇ ਹੋਨਵੀਰ ਸਿੰਘ ਰੰਧਾਵਾ ਨੂੰ 8,911 ਵੋਟਾਂ ਪਈਆਂ। ਇਸੇ ਦੌਰਾਨ ਲੈਫ਼ਟੀਨੈਂਟ ਗਵਰਨਰ ਜੈਨੇਟ ਆਸਟਿਨ ਵੱਲੋਂ ਪ੍ਰੀਮੀਅਰ ਡੇਵਿਡ ਈਬੀ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦੇ ਦਿਤਾ ਗਿਆ। ਇਕ ਬਿਆਨ ਜਾਰੀ ਕਰਦਿਆਂ ਡੇਵਿਡ ਈਬੀ ਨੇ ਕਿਹਾ ਕਿ ਵੋਟਾਂ ਦੀ ਅੰਤਮ ਗਿਣਤੀ ਮਗਰੋਂ ਸਪੱਸ਼ਟ ਹੋ ਚੁੱਕਾ ਹੈ ਕਿ ਬੀ.ਸੀ. ਦੇ ਲੋਕਾਂ ਨੇ ਐਨ.ਡੀ.ਪੀ. ਨੂੰ ਸੱਤਾ ਸੰਭਾਲਣ ਦਾ ਮੌਕਾ ਦਿਤਾ ਹੈ ਜੋ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਫਸਵੇਂ ਚੋਣ ਮੁਕਾਬਲੇ ਦੌਰਾਨ ਵੋਟਰਾਂ ਦਾ ਸੁਨੇਹਾ ਸਮਝਣ ਦਾ ਯਤਨ ਕੀਤਾ ਗਿਆ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ਵਿਚ ਰਖਦਿਆਂ ਨਵੀਂ ਸਰਕਾਰ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਲੋਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਨਤੀਜੇ ਚਾਹੁੰਦੇ ਹਨ ਅਤੇ ਅਸੀਂ ਵੀ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਨ ਦਾ ਯਤਨ ਕਰਾਂਗੇ। ਐਨ.ਡੀ.ਪੀ. ਦਾ ਹਰ ਚੁਣਿਆ ਹੋਇਆ ਵਿਧਾਇਕ ਆਪਣੇ ਹਲਕੇ ਦੇ ਲੋਕਾਂ ਦੀਆਂ ਇਛਾਵਾਂ ਨੂੰ ਧਿਆਨ ਵਿਚ ਰਖਦਿਆਂ ਵਿਕਾਸ ਅਤੇ ਖੁਸ਼ਹਾਲੀ ਦਾ ਹਰ ਕਦਮ ਯਕੀਨੀ ਬਣਾਉਣ ਦਾ ਯਤਨ ਕਰੇਗਾ। ਇਥੇ ਦਸਣਾ ਬਣਦਾ ਹੈ ਕਿ 2024 ਦੀਆਂ ਸੂਬਾਈ ਚੋਣਾਂ ਵਿਚ 21 ਲੱਖ ਤੋਂ ਵੱਧ ਵੋਟਾਂ ਪਈਆਂ ਅਤੇ ਪੋÇਲੰਗ ਦਾ ਕੁਲ ਅੰਕੜਾ 58.3 ਫ਼ੀ ਸਦੀ ਦਰਜ ਕੀਤਾ ਗਿਆ। ਬਰਨਬੀ ਈਸਟ ਤੋਂ ਐਨ.ਡੀ.ਪੀ. ਦੀ ਰੀਆ ਅਰੋੜਾ ਜੇਤੂ ਰਹੀ ਜਦਕਿ ਬਰਨਬੀ ਨਿਊ ਵੈਸਟਮਿੰਸਟਰ ਤੋਂ ਰਾਜ ਚੌਹਾਨ ਨੇ ਜਿੱਤ ਦਰਜ ਕੀਤੀ।

ਸਾਊਥ ਏਸ਼ੀਅਨ ਵਿਧਾਇਕਾਂ ਦੀ ਗਿਣਤੀ 15 ਤੋਂ ਘਟ ਕੇ 14 ਹੋਈ

ਡੈਲਟਾ ਨੌਰਥ ਤੋਂ ਐਨ.ਡੀ.ਪੀ. ਦੇ ਰਵੀ ਕਾਹਲੋਂ ਜੇਤੂ ਰਹੇ ਜਦਕਿ ਲੈਂਗਫੋਰਡ ਹਾਈਲੈਂਡਜ਼ ਤੋਂ ਐਨ.ਡੀ.ਪੀ. ਦੇ ਹੀ ਰਵੀ ਪਰਮਾਰ ਨੇ ਜਿੱਤ ਹਾਸਲ ਕੀਤੀ। ਲੈਂਗਲੀ ਐਬਸਫੋਰਡ ਤੋਂ ਕੰਜ਼ਰਵੇਟਿਵ ਪਾਰਟੀ ਦੇ ਹਰਮਨ ਭੰਗੂ ਜੇਤੂ ਰਹੇ ਜਦਕਿ ਲੈਂਗਲੀ ਵਿਲੋਬਰੂਕ ਤੋਂ ਜੌਡੀ ਤੂਰ ਨੇ ਜਿੱਤ ਦਰਜ ਕੀਤੀ। ਸਰੀ ਸਿਟੀ ਸੈਂਟਰ ਤੋਂ ਐਨ.ਡੀ.ਪੀ. ਦੀ ਆਮਨਾ ਸ਼ਾਹ ਨੇ ਜਿੱਤ ਹਾਸਲ ਕੀਤੀ ਜਦਕਿ ਸਰੀ ਫਲੀਟਵੁੱਡ ਤੋਂ ਜਗਰੂਪ ਬਰਾੜ ਜੇਤੂ ਰਹੇ। ਸਰੀ ਨੌਰਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਮਨਦੀਪ ਧਾਲੀਵਾਲ ਨੇ ਜਿੱਤ ਹਾਸਲ ਕੀਤੀ ਜਦਕਿ ਵੈਨਕੂਵਰ ਹੇਸਟਿੰਗਜ਼ ਤੋਂ ਐਨ.ਡੀ.ਪੀ. ਦੀ ਨਿੱਕੀ ਸ਼ਰਮਾ ਜੇਤੂ ਰਹੇ। ਵੈਨਕੂਵਰ ਲੰਗਾਰਾ ਤੋਂ ਐਨ.ਡੀ.ਪੀ. ਦੀ ਸੁਨੀਤਾ ਧੀਰ ਜੇਤੂ ਰਹੇ ਜਦਕਿ ਵਰਨੌਨ ਲੰਬੀ ਤੋਂ ਹਰਵਿੰਦਰ ਸੰਧੂ ਨੇ ਜਿੱਤ ਹਾਸਲ ਕੀਤੀ।

Tags:    

Similar News