3 ਪੰਜਾਬੀਆਂ ਦੀ ਮੌਤ ਦੇ ਮਾਮਲੇ ਵਿਚ ਗੁਰਸ਼ਾਨ ਸੰਧੂ ਗ੍ਰਿਫ਼ਤਾਰ

ਬੀ.ਸੀ. ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਜਾਨ ਕਾਰ ਰੇਸਿੰਗ ਕਾਰਨ ਗਈ ਅਤੇ ਮੌਕੇ ਤੋਂ ਕਥਿਤ ਤੌਰ ’ਤੇ ਫਰਾਰ ਹੋਏ ਗੁਰਸ਼ਾਨ ਸੰਧੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਦਿਆਂ ਉਸ ਦੀ ਟੈਸਲਾ ਕਾਰ ਜ਼ਬਤ ਕਰਨ ਦੀ ਅਪੀਲ ਦਾਇਰ ਕੀਤੀ ਹੈ।;

Update: 2025-03-12 12:31 GMT

ਵੈਨਕੂਵਰ : ਬੀ.ਸੀ. ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਜਾਨ ਕਾਰ ਰੇਸਿੰਗ ਕਾਰਨ ਗਈ ਅਤੇ ਮੌਕੇ ਤੋਂ ਕਥਿਤ ਤੌਰ ’ਤੇ ਫਰਾਰ ਹੋਏ ਗੁਰਸ਼ਾਨ ਸੰਧੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਦਿਆਂ ਉਸ ਦੀ ਟੈਸਲਾ ਕਾਰ ਜ਼ਬਤ ਕਰਨ ਦੀ ਅਪੀਲ ਦਾਇਰ ਕੀਤੀ ਹੈ। ਬੀ.ਸੀ. ਦੀ ਸੁਪਰੀਮ ਕੋਰਟ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਟੈਸਲਾ ਗੱਡੀ ਚਲਾ ਰਿਹਾ ਡਰਾਈਵਰ ਕਥਿਤ ਤੌਰ ’ਤੇ ਨਿਸਾਨ ਅਲਟਿਮਾ ਵਿਚ ਸਵਾਰ ਨੌਜਵਾਨਾਂ ਨਾਲ ਰੇਸ ਲਾ ਰਿਹਾ ਸੀ। ਇਸੇ ਦੌਰਾਨ ਨਿਸਾਨ ਅਲਟਿਮਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਕਮਰਸ਼ੀਅਲ ਟਰੱਕ ਵਿਚ ਜਾ ਵੱਜੀ ਅਤੇ ਤਿੰਨ ਜਣੇ ਦਮ ਤੋੜ ਗਏ ਜਦਕਿ ਇਕ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਗੁਰਸ਼ਾਨ ਸਿੰਘ ਸੰਧੂ ਹੀ ਕਥਿਤ ਤੌਰ ’ਤੇ ਟੈਸਲਾ ਚਲਾ ਰਿਹਾ ਸੀ।

ਬੀ.ਸੀ. ਪਟੂਲੋ ਬ੍ਰਿਜ ’ਤੇ ਵਾਪਰਿਆ ਸੀ ਹੌਲਨਾਕ ਹਾਦਸਾ

ਸਰੀ ਪੁਲਿਸ ਨੇ ਦੱਸਿਆ ਕਿ ਗੁਰਸ਼ਾਨ ਸਿੰਘ ਸੰਧੂ ਵਿਰੁੱਧ ਕਿਸੇ ਕਿਸਮ ਦਾ ਦੋਸ਼ ਲਾਉਣ ਦੀ ਪ੍ਰਵਾਨਗੀ ਨਹੀਂ ਮੰਗੀ ਗਈ ਅਤੇ ਸਿਵਲ ਮੁਕੱਦਮੇ ਵਿਚ ਕੀਤੇ ਦਾਅਵੇ ਅਦਾਲਤ ਵਿਚ ਸਾਬਤ ਕੀਤੇ ਜਾਣੇ ਬਾਕੀ ਹਨ। ਪੁਲਿਸ ਦਾ ਕਹਿਣਾ ਹੈ ਕਿ 14 ਫਰਵਰੀ ਨੂੰ ਪਟੂਲੋ ਬ੍ਰਿਜ ’ਤੇ ਵਾਪਰੇ ਦੀ ਪੜਤਾਲ ਬੇਹੱਦ ਗੁੰਝਲਦਾਰ ਅਤੇ ਗੰਭੀਰ ਸਿੱਟੇ ਸਾਹਮਣੇ ਲਿਆਉਣ ਵਾਲੀ ਹੈ। ਬੀ.ਸੀ. ਦੇ ਸਿਵਲ ਫੌਰਫਿਚਰ ਡਾਇਰੈਕਟਰ ਵੱਲੋਂ ਗੁਰਸ਼ਾਨ ਸਿੰਘ ਸੰਧੂ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਗੱਡੀ ਦਾ ਕਬਜ਼ਾ ਮੰਗਿਆ ਗਿਆ ਹੈ ਕਿਉਂਕਿ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਇਸ ਦੀ ਵਰਤੋਂ ਅਪਰਾਧਕ ਸਰਗਰਮੀ ਦੌਰਾਨ ਕੀਤੀ ਗਈ। ਸੁਪਰੀਮ ਕੋਰਟ ਵਿਚ ਦਾਇਰ ਦਾਅਵੇ ਮੁਤਾਬਕ ਗੱਡੀ ਦੀ ਵਰਤੋਂ ਗੁਰਸ਼ਾਨ ਸਿੰਘ ਸੰਧੂ ਅਤੇ ਇਸ ਵਿਚ ਸਵਾਰ ਹੋਰਨਾਂ ਵੱਲੋਂ ਗੈਰਕਾਨੂੰਨੀ ਸਰਗਰਮੀਆਂ ਵਾਸਤੇ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਵੱਡੀ ਨੁਕਸਾਨ ਹੋ ਸਕਦਾ ਸੀ। ਸਿਵਲ ਫੌਰਫਿਚਰ ਡਾਇਰੈਕਟਰ ਵੱਲੋਂ ਮੋਟਰ ਵ੍ਹੀਕਲਜ਼ ਐਕਟ ਦੀਆਂ ਧਾਰਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਨਾ ਰਹਿਣਾ, ਹੱਦ ਤੋਂ ਜ਼ਿਆਦਾ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਵਰਗੀਆਂ ਹਰਕਤਾਂ ਅਪਰਾਧਕ ਘੇਰੇ ਵਿਚ ਆਉਂਦੀਆਂ ਹਨ।

ਕਾਰ ਜ਼ਬਤ ਕਰਨ ਲਈ ਬੀ.ਸੀ. ਦੀ ਸੁਪਰੀਮ ਕੋਰਟ ਵਿਚ ਮੁਕੱਦਮਾ

ਅਦਾਲਤ ਵਿਚ ਦਾਇਰ ਦਾਅਵੇ ਮੁਤਾਬਕ ਜੇ ਸਬੰਧਤ ਗੱਡੀ ਡਿਫੈਂਡੈਂਟਸ ਨੂੰ ਦੇ ਦਿਤੀ ਗਈ ਤਾਂ ਇਸ ਦੀ ਵਰਤੋਂ ਮੁੜ ਗੈਰਕਾਨੂੰਨੀ ਸਰਗਰਮੀ ਵਾਸਤੇ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਜਾਨਲੇਵਾ ਹਾਦਸੇ ਦੀ ਪੜਤਾਲ ਲਗਾਤਾਰ ਜਾਰੀ ਹੈ ਅਤੇ ਵਾਜਬ ਸਮਾਂ ਆਉਣ ਦੇ ਵਿਸਤਾਰਤ ਜਾਣਕਾਰੀ ਮੁਹੱਈਆ ਕਰਵਾਉਣ ਬਾਰੇ ਜ਼ਿਕਰ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਨਿਊ ਵੈਸਟਮਿੰਸਟਰ ਅਤੇ ਸਰੀ ਦਰਮਿਆਨ ਪਟੂਲੋ ਬ੍ਰਿਜ ’ਤੇ ਦੋ ਕਾਰਾਂ ਅਤੇ ਇਕ ਸੈਮੀ ਟਰੱਕ ਵਿਚਾਲੇ ਟੱਕਰ ਮਗਰੋਂ ਪੁਲ ਨੂੰ ਆਵਾਜਾਈ ਵਾਸਤੇ ਬੰਦ ਕਰ ਦਿਤਾ ਗਿਆ। ਮੀਡੀਆ ਰਿਪੋਰਟਾਂ ਵਿਚ ਮਰਨ ਵਾਲਿਆਂ ਦੀ ਉਮਰ 18 ਸਾਲ ਤੋਂ 20 ਸਾਲ ਦਰਮਿਆਨ ਹੋਣ ਦਾ ਜ਼ਿਕਰ ਕਰਦਿਆਂ ਸਾਰੇ ਜਣੇ ਸਾਊਥ ਏਸ਼ੀਅਨ ਮੂਲ ਦੇ ਦੱਸੇ ਗਏ।

Tags:    

Similar News