ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ’ਚ 7ਵੀਂ ਕਟੌਤੀ
ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਲਗਾਤਾਰ ਸੱਤਵੀਂ ਕਟੌਤੀ ਕਰਦਿਆਂ ਬੈਂਚਮਾਰਕ ਰੇਟ 2.75 ਫ਼ੀ ਸਦੀ ਕਰ ਦਿਤਾ ਗਿਆ ਹੈ।;
ਟੋਰਾਂਟੋ : ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਲਗਾਤਾਰ ਸੱਤਵੀਂ ਕਟੌਤੀ ਕਰਦਿਆਂ ਬੈਂਚਮਾਰਕ ਰੇਟ 2.75 ਫ਼ੀ ਸਦੀ ਕਰ ਦਿਤਾ ਗਿਆ ਹੈ। ਕੇਂਦਰੀ ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਮਹਿੰਗਾਈ ਵਧਣ ਦੀ ਰਫ਼ਤਾਰ ਮੱਠੀ ਪੈ ਚੁੱਕੀ ਹੈ ਅਤੇ ਵਿਆਜ ਦਰਾਂ ਵਿਚ ਪਿਛਲੀ ਵਾਰ ਕੀਤੀ ਕਟੌਤੀ ਸਦਕਾ ਕੈਨੇਡੀਅਨ ਅਰਥਚਾਰੇ ਵਿਚ ਹੁਲਾਰਾ ਦੇਖਣ ਨੂੰ ਮਿਲ ਰਿਹਾ ਹੈ। ਪਰ ਅਮਰੀਕਾ ਦੀਆਂ ਟੈਰਿਫਸ ਕਾਰਨ ਪੈਦਾ ਹੋਇਆ ਗੈਰਯਕੀਨੀ ਦਾ ਮਾਹੌਲ ਇਸ ਵੇਲੇ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਹੈ। ਮੈਕਲਮ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਟੈਰਿਫਸ ਕਾਰਨ ਹੋਣ ਵਾਲਾ ਆਰਥਿਕ ਨੁਕਸਾਨ ਮਾਰੂ ਨਤੀਜੇ ਸਾਹਮਣੇ ਲਿਆ ਸਕਦਾ ਹੈ।
ਬੈਂਚਮਾਰਕ ਰੇਟ ਘਟ ਕੇ 2.75 ਫੀ ਸਦੀ ’ਤੇ ਆਇਆ
ਟੈਰਿਫ ਵਿਵਾਦ ਦਾ ਜਲਦ ਤੋਂ ਜਲਦ ਹੱਲ ਨਾ ਨਿਕਲਿਆ ਤਾਂ 2025 ਦੀ ਦੂਜੀ ਤਿਮਾਹੀ ਦੌਰਾਨ ਝਟਕਾ ਲੱਗ ਸਕਦਾ ਹੈ। ਬੈਂਕ ਆਫ਼ ਕੈਨੇਡਾ ਦੇ ਗਵਰਨਰ ਨੇ ਅੱਗੇ ਕਿਹਾ ਕਿ ਵਿਆਜ ਦਰਾਂ ਵਿਚ ਭਵਿੱਖ ਦੀ ਕਟੌਤੀ ਉਸ ਵੇਲੇ ਦੇ ਹਾਲਾਤ ’ਤੇ ਨਿਰਭਰ ਕਰੇਗੀ। ਕੇਂਦਰੀ ਬੈਂਕ ਦੀ ਅਗਲੀ ਸਮੀਖਿਆ ਮੀਟਿੰਗ 16 ਅਪ੍ਰੈਲ ਨੂੰ ਹੋਣੀ ਹੈ ਅਤੇ ਫਿਲਹਾਲ ਟਿਫ ਮੈਕਲਮ ਵੱਲੋਂ ਵਿਆਜ ਦਰਾਂ ਵਿਚ ਅੱਧਾ ਫ਼ੀ ਸਦੀ ਕਟੌਤੀ ਦਾ ਕੋਈ ਭਰੋਸਾ ਨਹੀਂ ਦਿਤਾ ਗਿਆ। ਇਸ ਵਾਰ ਵੀ ਚੌਥਾਈ ਫੀ ਸਦੀ ਕਟੌਤੀ ਨੂੰ ਤਰਜੀਹ ਦਿਤੀ ਗਈ ਪਰ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲਾ ਅੱਧਾ ਫੀ ਸਦੀ ਕਟੌਤੀ ਦਾ ਆਧਾਰ ਬਣ ਸਕਦਾ ਹੈ। ਦੱਸ ਦੇਈਏ ਕਿ ਕੈਨੇਡੀਅਨ ਕਾਰੋਬਾਰੀ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਟੈਰਿਫਸ ਕਾਰਨ ਪੈਣ ਵਾਲਾ ਬੋਝ ਸਿੱਧੇ ਤੌਰ ’ਤੇ ਲੋਕਾਂ ਉਤੇ ਪਾਉਣਗੇ ਜਦਕਿ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਉਹ ਕੈਨੇਡੀਅਨ ਵਸਤਾਂ ਖਰੀਦਣ ਨੂੰ ਤਰਜੀਹ ਦੇ ਰਹੇ ਹਨ ਅਤੇ ਘਰੇਲੂ ਖਰਚਾ ਸੀਮਤ ਰੱਖਣ ’ਤੇ ਜ਼ੋਰ ਦੇਣਗੇ।