ਕੈਨੇਡਾ ’ਚ 2 ਮੁਸਲਮਾਨ ਬੱਚਿਆਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼
ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਸਕੂਲ ਜਾ ਰਹੇ 2 ਮੁਸਲਮਾਨ ਬੱਚਿਆਂ ਉਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ
ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਸਕੂਲ ਜਾ ਰਹੇ 2 ਮੁਸਲਮਾਨ ਬੱਚਿਆਂ ਉਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੇ ਪਿਤਾ ਸਯਦ ਸਈਦ ਨੇ ਦੱਸਿਆ ਕਿ ਘਟਨਾ 8 ਸਤੰਬਰ ਨੂੰ ਵਾਪਰੀ ਜਦੋਂ ਉਨ੍ਹਾਂ ਦੇ ਬੱਚੇ ਪੈਦਲ ਐਰਿਨ ਸੈਂਟਰ ਮਿਡਲ ਸਕੂਲ ਵੱਲ ਜਾ ਰਹੇ ਸਨ। ਜਦੋਂ ਬੱਚਿਆਂ ਨੇ ਟੈਨਥ ਲਾਈਨ ਵੈਸਟ ਅਤੇ ਪਰੈਨੀਅਲ ਡਰਾਈਵ ਦਾ ਇੰਟਰਸੈਕਸ਼ਨ ਪਾਰ ਕੀਤਾ ਤਾਂ ਖੱਬੇ ਹੱਥ ਮੁੜ ਰਹੀ ਟੌਯੋਟਾ ਸੀਐਨਾ ਗੱਡੀ ਨੇ ਬੇਟੇ ਨੂੰ ਟੱਕਰ ਮਾਰ ਦਿਤੀ ਜੋ ਹਵਾਈ ਵਿਚ ਕਈ ਫੁੱਟ ਉਛਲ ਕੇ ਧਰਤੀ ’ਤੇ ਡਿੱਗਿਆ। ਬੱਚਾ ਘਬਰਾਅ ਗਿਆ ਅਤੇ ਘਰ ਵੱਲ ਦੌੜਿਆ ਜਦਕਿ ਡਰਾਈਵਰ ਨੇ ਗੱਡੀ ਨਾ ਰੋਕੀ ਅਤੇ ਫਰਾਰ ਹੋ ਗਿਆ।
13 ਸਾਲ ਦਾ ਮੁੰਡਾ ਹੋਇਆ ਜ਼ਖਮੀ, 11 ਸਾਲ ਦੀ ਕੁੜੀ ਵਾਲ ਵਾਲ ਬਚੀ
ਪੁਲਿਸ ਦੀ ਸੁਸਤ ਰਫ਼ਤਾਰ ਤੋਂ ਤੰਗ ਪਿਤਾ ਨੇ ਖੁਦ ਪੜਤਾਲ ਆਰੰਭੀ ਅਤੇ ਡਰਾਈਵਰ ਲੱਭ ਲਿਆ। ਡਰਾਈਵਰ ਨੇ ਦਲੀਲ ਦਿਤੀ ਕਿ ਹਾਦਸੇ ਮਗਰੋਂ ਬੱਚੇ ਨੇ ਸੰਕੇਤ ਦਿਤਾ ਕਿ ਉਹ ਠੀਕ ਹੈ ਜਿਸ ਮਗਰੋਂ ਉਸ ਨੇ ਗੱਡੀ ਨਾ ਰੋਕੀ ਅਤੇ ਅੱਗੇ ਵਧ ਗਿਆ। ਸਈਦ ਵੱਲੋਂ ਸਾਰੀ ਜਾਣਕਾਰੀ ਪੁਲਿਸ ਨੂੰ ਮੁਹੱਈਆ ਕਰਵਾਈ ਗਈ ਪਰ ਅੰਤਮ ਰਿਪੋਰਟ ਮਿਲਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਪੁਲਿਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਦਸੇ ਦੌਰਾਨ ਬੱਚਾ ਗੰਭੀਰ ਜ਼ਖਮੀ ਨਹੀਂ ਹੋਇਆ ਪਰ ਜ਼ਿੰਮੇਵਾਰ ਸ਼ਖਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਉਹ ਪਰਵਾਰ ਦੇ ਲਗਾਤਾਰ ਸੰਪਰਕ ਵਿਚ ਹਨ। ਉਧਰ ਸਈਦ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਘਬਰਾਏ ਹੋਏ ਹਨ ਅਤੇ ਇਉਂ ਮਹਿਸੂਸ ਹੁੰਦਾ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਇਥੇ ਦਸਣਾ ਬਣਦਾ ਹੈ ਕਿ ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਜਦੋਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਸਕੂਲ ਜ਼ੋਨਾਂ ਸਣੇ ਵੱਖ ਵੱਖ ਥਾਵਾਂ ’ਤੇ ਲੱਗੇ ਸਪੀਡ ਕੈਮਰੇ ਪੁੱਟਣ ਦੀਆਂ ਗੱਲਾਂ ਕਰ ਰਹੇ ਹਨ।