ਸਰੀ ਦੇ ਘਰ ਨੂੰ ਅੱਗ ਲਾ ਕੇ ਸਾੜਨ ਦਾ ਯਤਨ
ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਤਹਿਤ ਘਰਾਂ ’ਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਦਰਮਿਆਨ ਸਰੀ ਦੇ ਇਕ ਘਰ ਨੂੰ ਅੱਗ ਲਾ ਕੇ ਸਾੜਨ ਦਾ ਯਤਨ ਕੀਤਾ ਗਿਆ।;
ਸਰੀ : ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਤਹਿਤ ਘਰਾਂ ’ਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਦਰਮਿਆਨ ਸਰੀ ਦੇ ਇਕ ਘਰ ਨੂੰ ਅੱਗ ਲਾ ਕੇ ਸਾੜਨ ਦਾ ਯਤਨ ਕੀਤਾ ਗਿਆ। ਫਾਇਰ ਫਾਈਟਰਜ਼ ਵੱਲੋਂ 2 ਜਣਿਆਂ ਨੂੰ ਘਰ ਵਿਚੋਂ ਬਚਾਇਆ ਗਿਆ ਜਦਕਿ ਸਰੀ ਆਰ.ਸੀ.ਐਮ.ਪੀ. ਵੱਲੋਂ ਇਕ ਜਣੇ ਨੂੰ ਹਿਰਾਸਤ ਵਿਚ ਲਏ ਜਾਣ ਦੀ ਰਿਪੋਰਟ ਹੈ।
ਫਾਇਰ ਫਾਈਟਰਜ਼ ਨੇ 2 ਜਣਿਆਂ ਨੂੰ ਬਚਾਇਆ
ਪ੍ਰਾਪਤ ਜਾਣਕਾਰੀ ਮੁਤਾਬਕ ਫਾਇਰ ਫਾਈਟਰਜ਼ ਨੇ ਹੀ ਸ਼ੱਕੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਆਉਣ ਤੱਕ ਨੂੜ ਕੇ ਰੱਖਿਆ। ਫਿਲਹਾਲ ਅਗਜ਼ਨੀ ਦੀ ਵਾਰਦਾਤ ਦਾ ਮਕਸਦ ਪਤਾ ਨਹੀਂ ਲੱਗ ਸਕਿਆ ਪਰ ਆਲੇ ਦੁਆਲੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਸਾਫ਼ ਦੇਖਿਆ ਜਾ ਸਕਦਾ ਸੀ। ਮੌਕਾ ਏ ਵਾਰਦਾਤ ’ਤੇ ਪੁੱਜੇ ਇਕ ਫਰੀਲਾਂਸ ਫੋਟੋਗ੍ਰਾਫਰ ਨੇ ਦੱਸਿਆ ਕਿ ਦੋ ਜਣੇ ਘਰ ਦੀ ਬਾਲਕਨੀ ’ਤੇ ਫਸੇ ਹੋਏ ਸਨ ਅਤੇ ਇਸੇ ਦੌਰਾਨ ਫਾਇਰ ਫਾਈਟਰਜ਼ ਪੁੱਜ ਗਏ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਵਿਸਤਾਰਤ ਜਾਣਕਾਰੀ ਹੋਵੇ ਤਾਂ ਉਹ ਸਰੀ ਆਰ.ਸੀ.ਐਮ.ਪੀ. ਨਾਲ 604 599 0502 ’ਤੇ ਸੰਪਰਕ ਕਰੇ ਅਤੇ ਇਸ ਦੌਰਾਨ ਫਾਈਲ 2024-155357 ਦਾ ਜ਼ਿਕਰ ਜ਼ਰੂਰਤ ਕੀਤਾ ਜਾਵੇ।