ਕੈਨੇਡਾ ਦੇ ਤਿੰਨ ਸ਼ਹਿਰਾਂ ਵਿਚ 3 ਸਿੱਖਾਂ ’ਤੇ ਹੋਏ ਹਮਲੇ

ਕੈਨੇਡਾ ਵਿਚ 3 ਸਿੱਖਾਂ ’ਤੇ ਨਫ਼ਰਤੀ ਹਮਲਾ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਦੀਆਂ ਦਸਤਾਰਾਂ ਹਮਲਾਵਰ ਨਾਲ ਲੈ ਗਏ ਅਤੇ ਕੁਟਮਾਰ ਕਰਨ ਮਗਰੋਂ ਗੱਡੀ ਹੇਠ ਦਰੜਨ ਦਾ ਯਤਨ ਵੀ ਕੀਤਾ।;

Update: 2024-08-02 11:53 GMT

ਟੋਰਾਂਟੋ : ਕੈਨੇਡਾ ਵਿਚ 3 ਸਿੱਖਾਂ ’ਤੇ ਨਫ਼ਰਤੀ ਹਮਲਾ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਦੀਆਂ ਦਸਤਾਰਾਂ ਹਮਲਾਵਰ ਨਾਲ ਲੈ ਗਏ ਅਤੇ ਕੁਟਮਾਰ ਕਰਨ ਮਗਰੋਂ ਗੱਡੀ ਹੇਠ ਦਰੜਨ ਦਾ ਯਤਨ ਵੀ ਕੀਤਾ। ਪਹਿਲਾ ਮਾਮਲਾ ਟੋਰਾਂਟੋ ਦੇ ਸਕਾਰਬ੍ਰੋਅ ਇਲਾਕੇ ਵਿਚ ਸਾਹਮਣੇ ਆਇਆ ਜਿਥੇ ਰੁਪਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਗੁਰਦਵਾਰਾ ਸਾਹਿਬ ਤੋਂ ਘਰ ਪਰਤ ਰਿਹਾ ਸੀ। ਦੂਜਾ ਮਾਮਲਾ ਪੀਟਰਬ੍ਰੋਅ ਵਿਖੇ ਸਾਹਮਣੇ ਆਇਆ ਜਿਥੇ ਸਿੱਖ ਨੌਜਵਾਨ ਦੀ ਪੱਗ ਢਾਹੁਣ ਮਗਰੋਂ ਸਿਰ ’ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ। ਤੀਜਾ ਮਾਮਲਾ ਸਡਬਰੀ ਵਿਖੇ ਸਾਹਮਣੇ ਆਇਆ ਜਿਥੇ ਇਕ ਸਿੱਖ ਨੂੰ ਪਿਕਅੱਪ ਟਰੱਕ ਹੇਠ ਦਰੜਨ ਦਾ ਯਤਨ ਕੀਤਾ ਗਿਆ। ਰੁਪਿੰਦਰ ਸਿੰਘ ਨੇ ਦੱਸਿਆ ਕਿ ਇਕ ਕਾਰ ਵਿਚ ਸਵਾਰ ਕੁਝ ਲੋਕਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ ਅਤੇ ਜਿਉਂ ਹੀ ਉਹ ਆਪਣੇ ਘਰ ਨੇੜੇ ਪੁੱਜਾ ਤਾਂ ਇਕ ਹਮਲਾਵਰ ਨੇ ਕਾਰ ਵਿਚੋਂ ਨਿਕਲਦਿਆਂ ਉਸ ਦੀ ਦਸਤਾਰ ਨੂੰ ਹੱਥ ਪਾ ਲਿਆ।

ਦਸਤਾਰਾਂ ਲਾਹੀਆਂ, ਗੱਡੀ ਹੇਠ ਦਰੜਨ ਦਾ ਯਤਨ

ਹਮਲਾਵਰ ਦਸਤਾਰ ਖਿੱਚ ਕੇ ਕਾਰ ਵੱਲ ਦੌੜਿਆ ਜੋ ਗੋਲਡ-ਵਾਈਟ ਕਲਰ ਦੀ 7 ਸੀਟਰ ਸੀਐਨਾ ਗੱਡੀ ਸੀ। ਰੁਪਿੰਦਰ ਸਿੰਘ ਮੁਤਾਬਕ ਹਮਲਾਵਰਾਂ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ। ਰੁਪਿੰਦਰ ਸਿੰਘ ਨੇ 911 ’ਤੇ ਕਾਲ ਕੀਤੀ ਅਤੇ ਪੁਲਿਸ ਮੌਕੇ ’ਤੇ ਪੁੱਜ ਗਈ ਪਰ 16 ਜੁਲਾਈ ਦੀ ਵਾਰਦਾਤ ਮਗਰੋਂ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸੇ ਕਿਸਮ ਦੀ ਵਾਰਦਾਤ 25 ਜੁਲਾਈ ਨੂੰ ਉਨਟਾਰੀਓ ਦੇ ਪੀਟਰਬ੍ਰੋਅ ਵਿਖੇ ਵਾਪਰੀ ਜਿਥੇ ਇਕ ਸਿੱਖ ’ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ। ਹੰਟਰ ਸਟ੍ਰੀਟ ਈਸਟ ਅਤੇ ਮਾਰਕ ਸਟ੍ਰੀਟ ਵਿਚ ਹੋਈ ਵਾਰਦਾਤ ਨੂੰ ਪੁਲਿਸ ਨਫ਼ਰਤੀ ਅਪਰਾਧ ਮੰਨ ਰਹੀ ਹੈ। ਦੂਜੇ ਪਾਸੇ ਉਨਟਾਰੀਓ ਦੇ ਹੀ ਸਡਬਰੀ ਵਿਖੇ ਇਕ ਅੰਮ੍ਰਿਤਧਾਰੀ ਸਿੱਖ ’ਤੇ ਹਮਲਾ ਕਰਦਿਆਂ ਪਿਕਅੱਪ ਟਰੱਕ ਹੇਠ ਦਰੜਨ ਦਾ ਯਤਨ ਕੀਤਾ ਗਿਆ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਸਿੱਖਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਚਿੰਤਤ ਹੈ ਅਤੇ ਜਥੇਬੰਦੀ ਦਾ ਕਹਿਣਾ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਆਨਲਾਈਨ ਵੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਟੋਰਾਂਟੋ, ਪੀਟਰਬ੍ਰੋਅ ਅਤੇ ਸਡਬਰੀ ਵਿਖੇ ਹੋਈਆਂ ਵਾਰਦਾਤਾਂ

ਡਬਲਿਊ.ਐਸ.ਓ. ਨੇ ਕਿਹਾ ਕਿ ਕੈਨੇਡਾ ਦੀਆਂ ਕੱਟੜਪੰਥੀ ਜਥੇਬੰਦੀਆਂ ਅਤੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਹਮਲੇ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਇਥੇ ਦਸਣਾ ਬਣਦਾ ਹੈ ਕਿ ਐਬਸਫੋਰਡ ਦੇ ਸਿੱਖ ਫੋਟੋਗ੍ਰਾਫਰ ਗੁਰਕੀਰਤ ਸਿੰਘ ਨੇ ਪਿਛਲੇ ਦਿਨੀਂ ਐਲਬਰਟਾ ਦੇ ਬੈਂਫ ਇਲਾਕੇ ਵਿਚ ਇਕ ਫੋਟੋ ਖਿੱਚ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਤਾਂ ਇਸ ਉਤੇ ਕੈਨੇਡੀਅਨ ਖਾਤਿਆਂ ਅਤੇ ਭਾਰਤੀ ਨਾਗਰਿਕਾਂ ਦੇ ਖਾਤਿਆਂ ’ਤੇ ਨਸਲੀ ਟਿੱਪਣੀਆਂ ਹੋਣ ਲੱਗੀਆਂ। ਡਬਲਿਊ ਐਸ ਓ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਇਨ੍ਹਾਂ ਘਟਨਾਵਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਿੱਖਾਂ ਦੀ ਦਸਤਾਰ ਅਤੇ ਕੇਸਾਂ ਕਾਰਨ ਇਹ ਸਭਨਾਂ ਤੋਂ ਵੱਖਰੇ ਨਜ਼ਰ ਆਉਂਦੇ ਹਨ ਅਤੇ ਨਫ਼ਰਤੀ ਹਮਲਿਆਂ ਦਾ ਆਸਾਨ ਨਿਸ਼ਾਨਾ ਬਣ ਜਾਂਦੇ ਹਨ। ਸਿੱਖਾਂ ਬਾਰੇ ਜ਼ਹਿਰ ਭਰਿਆ ਮਾਹੌਲ ਸਿਰਜੇ ਜਾਣ ਦੀਆਂ ਘਟਨਾਵਾਂ ਬਾਰੇ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੂੰ ਜਾਣੂ ਕਰਵਾ ਦਿਤਾ ਗਿਆ ਹੈ ਅਤੇ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਡਬਲਿਊ.ਐਸ.ਓ. ਵੱਲੋਂ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਨਫ਼ਰਤੀ ਜਾਂ ਵਿਤਕਰੇ ਵਾਲੀ ਕੋਈ ਘਟਨਾ ਵਾਪਰਨ ’ਤੇ ਇਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇ ਅਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਵੈਬਸਾਈਟ ’ਤੇ ਜਾਣਕਾਰੀ ਦਰਜ ਕੀਤੀ ਜਾਵੇ।

Tags:    

Similar News