ਕੈਨੇਡਾ ਦੇ ਗੁਰਦਵਾਰਿਆਂ ’ਤੇ ਹਮਲਾ ਕਰਨ ਦਾ ਸੱਦਾ ਦੇਣ ਵਾਲਾ ਗ੍ਰਿਫ਼ਤਾਰ
ਕੈਨੇਡਾ ਦੇ ਗੁਰਦਵਾਰਿਆਂ ’ਤੇ ਹਮਲਾ ਕਰਨ ਦਾ ਸੱਦਾ ਦੇ ਰਹੇ ਇਕ ਸ਼ਖਸ ਦੀ ਵੀਡੀਓ ਸਾਹਮਣੇ ਮਗਰੋਂ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਟੋਰਾਂਟੋ ਦੇ ਰਣੇਂਦਰ ਲਾਲ ਬੈਨਰਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ;
ਬਰੈਂਪਟਨ : ਕੈਨੇਡਾ ਦੇ ਗੁਰਦਵਾਰਿਆਂ ’ਤੇ ਹਮਲਾ ਕਰਨ ਦਾ ਸੱਦਾ ਦੇ ਰਹੇ ਇਕ ਸ਼ਖਸ ਦੀ ਵੀਡੀਓ ਸਾਹਮਣੇ ਮਗਰੋਂ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਟੋਰਾਂਟੋ ਦੇ ਰਣੇਂਦਰ ਲਾਲ ਬੈਨਰਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਕਿਚਨਰ ਦੇ ਅਰਮਾਨ ਗਹਿਲੋਤ ਅਤੇ ਅਰਪਿਤ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਸੋਮਵਾਰ ਸ਼ਾਮ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਬਾਹਰ ਹੋਏ ਇਕੱਠ ਅਤੇ ਮੁਜ਼ਾਹਰਾਕਾਰੀਆਂ ਕੋਲ ਹਥਿਆਰਾਂ ਦੀ ਮੌਜੂਦਗੀ ਦੇ ਮਾਮਲੇ ਵਿਚ ਕੀਤੀ ਗਈ ਹੈ। ਪੀਲ ਪੁਲਿਸ ਦੇ ਕਾਂਸਟੇਬਲ ਟਾਇਲਰ ਬੈੱਲ ਮੌਰੇਨਾ ਨੇ ਦੱਸਿਆ ਕਿ ਰੋਸ ਵਿਖਾਵਿਆਂ ਨਾਲ ਸਬੰਧਤ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਵਿਚੋਂ ਇਕ ਵੀਡੀਓ ਵਿਚ ਇਕ ਸ਼ਖਸ ਲਾਊਡ ਸਪੀਕਰ ’ਤੇ ਹਿੰਸਾ ਅਤੇ ਨਫ਼ਰਤ ਭੜਕਾਉਣ ਦੀਆਂ ਗੱਲਾਂ ਕਰਦਾ ਸੁਣਿਆ ਗਿਆ।
ਪੁਲਿਸ ਵੱਲੋਂ ਅਰਮਾਨ ਗਹਿਲੋਤ ਅਤੇ ਅਰਪਿਤ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ
ਪੁਲਿਸ ਨੇ ਵੀਡੀਓ ਦੀ ਘੋਖ-ਪੜਤਾਲ ਕਰਦਿਆਂ 57 ਸਾਲ ਦੇ ਟੋਰਾਂਟੋ ਵਾਸੀ ਰਣੇਂਦਰ ਲਾਲ ਬੈਨਰਜੀ ਨੂੰ ਗ੍ਰਿਫ਼ਤਾਰ ਕਰ ਲਿਆ। ਬੈਨਰਜੀ ਵਿਰੁੱਧ ਕੈਨੇਡੀਅਨ ਕ੍ਰਿਮੀਨਲ ਕੋਡ ਦੀ ਧਾਰਾ 319 (1) ਅਧੀਨ ਲੋਕਾਂ ਵਿਚ ਨਫ਼ਰਤ ਭੜਕਾਉਣ ਦੇ ਦੋਸ਼ ਆਇਦ ਕੀਤੇ ਗਏ ਅਤੇ ਸ਼ਰਤਾਂ ਦੇ ਆਧਾਰ ’ਤੇ ਜ਼ਮਾਨਤ ਦੇ ਦਿਤੀ ਗਈ। ਪੁਲਿਸ ਵੱਲੋਂ ਕਿਚਨਰ ਦੇ 24 ਸਾਲਾ ਅਰਮਾਨ ਗਹਿਲੋਤ ਅਤੇ ਬਗੈਰ ਕਿਸੇ ਪਤੇ-ਟਿਕਾਣੇ ਵਾਲੇ 22 ਸਾਲਾ ਅਰਪਿਤ ਵਿਰੁੱਧ ਜਾਨੋ ਮਾਰਨ ਦੀਆਂ ਧਮਕੀਆਂ ਦੇਣ, ਹਥਿਆਰਾਂ ਨਾਲ ਹਮਲਾ ਕਰਨ ਦੀ ਸਾਜ਼ਿਸ਼ ਘੜਨ ਅਤੇ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਘੜਨ ਦੇ ਦੋਸ਼ ਲਾਉਂਦਿਆਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਵੱਲੋਂ ਦੋਹਾਂ ਨੂੰ ਆਪਣੇ ਵਕੀਲ ਰਾਹੀਂ ਆਤਮ ਸਮਰਪਣ ਕਰਨ ਦਾ ਸੱਦਾ ਦਿਤਾ ਗਿਆ ਹੈ। ਕਾਂਸਟੇਬਲ ਟਾਇਲਰ ਬੈੱਲ ਮੌਰੇਨਾ ਨੇ ਅੱਗੇ ਕਿਹਾ ਕਿ ਪੀਲ ਰੀਜਨਲ ਪੁਲਿਸ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰਨ ਦੇ ਹੱਕ ਦਾ ਸਤਿਕਾਰ ਕਰਦੀ ਹੈ ਪਰ ਹਿੰਸਾ ਅਤੇ ਅਪਰਾਧਕ ਸਰਗਰਮੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਪੁਲਿਸ ਵੱਲੋਂ ਅਜਿਹੇ ਹਰ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਮਾਲਟਨ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਘੇਰਾ ਪਾਉਣ ਅਤੇ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਬਾਹਰ ਖਾਲਿਸਤਾਨ ਹਮਾਇਤੀਆਂ ਵੱਲੋਂ ਕੀਤੀ ਹਿੰਸਾ ਤੋਂ ਇਕ ਦਿਨ ਬਾਅਦ ਗੋਰ ਰੋਡ ’ਤੇ ਮੁਜ਼ਾਹਰਾਕਾਰੀ ਇਕੱਤਰ ਹੋਏ। ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਵੱਲੋਂ ਇਨ੍ਹਾਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਹਿੰਦੂ ਸਭਾ ਮੰਦਰ ਦੇ ਪ੍ਰਧਾਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਕਿਸੇ ਵੀ ਸ਼ਰਧਾਲੂ ਨੂੰ ਆਪਣੇ ਧਾਰਮਿਕ ਸਥਾਨ ਦੇ ਅੰਦਰ ਜਾਂ ਆਲੇ-ਦੁਆਲੇ ਅਸੁਰੱਖਿਅਤ ਮਹਿਸੂਸ ਨਹੀਂ ਹੋਣਾ ਚਾਹੀਦਾ। ਹਿੰਦੂ ਸਭਾ ਦੋਹਾਂ ਭਾਈਚਾਰਿਆਂ ਦਰਮਿਆਨ ਖੁਸ਼ਨੁਮਾ ਮਾਹੌਲ ਦੀ ਵਕਾਲਤ ਕਰਦੀ ਹੈ। ਹਿੰਦੂ ਸਭਾ ਮੰਦਰ ਵੱਲੋਂ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਹੇਠ ਆਪਣੇ ਇਕ ਪੁਜਾਰੀ ਨੂੰ ਕੱਢਣ ਦਾ ਐਲਾਨ ਵੀ ਕੀਤਾ ਗਿਆ।
ਹਿੰਦੂ ਸਭਾ ਮੰਦਰ ਦੇ ਬਾਹਰ ਇਕੱਠ ਦੌਰਾਨ ਨਜ਼ਰ ਆਏ ਸਨ ਹਥਿਆਰ
ਦੂਜੇ ਪਾਸੇ ਉਨਟਾਰੀਓ ਗੁਰਦਵਾਰਾਜ਼ ਕਮੇਟੀ ਦੇ ਜਰਮਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹਿੰਦੂਆਂ ਅਤੇ ਸਿੱਖਾਂ ਦਰਮਿਆਨ ਕਿਸੇ ਕਿਸਮ ਦਾ ਟਕਰਾਅ ਨਹੀਂ ਅਤੇ ਐਤਵਾਰ ਦਾ ਰੋਸ ਵਿਖਾਵਾ ਕਿਸੇ ਧਰਮ ਵਿਰੁੱਧ ਨਹੀਂ ਬਲਕਿ ਮੰਦਰ ਵਿਚ ਕੌਂਸਲਰ ਸੇਵਾਵਾਂ ਮੁਹੱਈਆ ਕਰਵਾ ਰਹੇ ਭਾਰਤੀ ਅਧਿਕਾਰੀਆਂ ਵਿਰੁੱਧ ਸੀ। ਦੱਸ ਦੇਈਏ ਕਿ ਮੌਜੂਦ ਹਾਲਾਤ ਦੇ ਮੱਦੇਨਜ਼ਰ ਬਰੈਂਪਟਨ ਸਣੇ ਕੈਨੇਡਾ ਦੇ ਕਈ ਸ਼ਹਿਰਾਂ ਵੱਲੋਂ ਧਾਰਮਿਕ ਸਥਾਨਾਂ ਨੇੜੇ ਰੋਸ ਵਿਖਾਵਿਆਂ ’ਤੇ ਪਾਬੰਦੀ ਲਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।