ਟੋਰਾਂਟੋ ਦੇ ਜਸਪਾਲ ਥਿਆੜਾ ਵਿਰੁੱਧ ਗ੍ਰਿਫ਼ਤਾਰੀ ਵਾਰੰਟ
ਸੰਗੀਤ ਸਮਾਗਮਾਂ ਅਤੇ ਖੇਡ ਟੂਰਨਾਮੈਂਟ ਦੀਆਂ ਜਾਅਲੀ ਟਿਕਟਾਂ ਵੇਚਣ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 37 ਸਾਲ ਦੇ ਜਸਪਾਲ ਸਿੰਘ ਥਿਆੜਾ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।;
ਬਰੈਂਪਟਨ : ਸੰਗੀਤ ਸਮਾਗਮਾਂ ਅਤੇ ਖੇਡ ਟੂਰਨਾਮੈਂਟ ਦੀਆਂ ਜਾਅਲੀ ਟਿਕਟਾਂ ਵੇਚਣ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 37 ਸਾਲ ਦੇ ਜਸਪਾਲ ਸਿੰਘ ਥਿਆੜਾ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਫਰਵਰੀ ਤੋਂ ਅਕਤੂਬਰ ਦਰਮਿਆਨ ਠੱਗੀ ਦੇ ਕਈ ਮਾਮਲੇ ਸਾਹਮਣੇ ਆਏ ਅਤੇ ਹਾਲ ਹੀ ਵਿਚ ਟੋਰਾਂਟੋ ਵਿਖੇ ਟੇਲਰ ਸਵਿਫਟ ਦੇ ਸ਼ੋਅ ਦੀਆਂ ਜਾਅਲੀ ਟਿਕਟਾਂ ਵੀ ਵੇਚੀਆਂ ਹੋ ਸਕਦੀਆਂ ਹਨ। ਪੁਲਿਸ ਮੁਤਾਬਕ ਜਸਪਾਲ ਸਿੰਘ ਥਿਆੜਾ ਪਹਿਲਾਂ ਵੀ ਜਾਅਲੀ ਟਿਕਟਾਂ ਵੇਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕਾ ਹੈ ਅਤੇ ਇਸ ਵੇਲੇ ਜ਼ਮਾਨਤ ’ਤੇ ਚੱਲ ਰਿਹਾ ਹੈ। ਹੁਣ ਜਸਪਾਲ ਥਿਆੜਾ ਵਿਰੁੱਧ ਨਵੇਂ ਸਿਰੇ ਤੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਠੱਗੀ ਅਤੇ ਜ਼ਮਾਨਤ ਸ਼ਰਤਾਂ ਦੀ ਪਾਲਣਾ ਕਰਨ ਵਿਚ ਅਸਫ਼ਲ ਰਹਿਣ ਦੇ ਦੋਸ਼ ਲਾਏ ਗਏ ਹਨ।
ਜਾਅਲੀ ਟਿਕਟਾਂ ਵੇਚਣ ਦੇ ਮਾਮਲੇ ’ਚ ਪੀਲ ਰੀਜਨਲ ਪੁਲਿਸ ਦੀ ਕਾਰਵਾਈ
ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸ਼ੱਕੀ ਨੇ ਖੁਦ ਨੂੰ ਟਿਕਟਾਂ ਵੇਚਣ ਵਾਲੀਆਂ ਨਾਮੀ ਕੰਪਨੀਆਂ ਦਾ ਨੁਮਾਇੰਦਾ ਦੱਸਿਆ ਅਤੇ ਲੋਕਾਂ ਨੂੰ ਮਿਊਜ਼ਿਕ ਕੌਂਸਰਟ ਤੇ ਸਪੋਰਟਿੰਗ ਇਵੈਂਟ ਦੀਆਂ ਜਾਅਲੀ ਟਿਕਟਾਂ ਵੇਚ ਦਿਤੀਆਂ। ਗਰੇਟਰ ਟੋਰਾਂਟੋ ਏਰੀਆ ਵਿਚ ਇਸ ਹਫ਼ਤੇ ਲੋਕਾਂ ਵਧੇਰੇ ਸੁਚੇਤ ਰਹਿਣ ਲਈ ਆਖਿਆ ਗਿਆ ਕਿਉਂਕਿ ਨੌਸਰਬਾਜ਼ਾਂ ਵੱਲੋਂ ਟੇਲਰ ਸਵਿਫ਼ਟ ਦੇ ਸ਼ੋਅ ਦੀਆਂ ਜਾਅਲੀ ਟਿਕਟਾਂ ਵੇਚਣ ਦੇ ਆਸਾਰ ਨਜ਼ਰ ਆਏ। ਪੁਲਿਸ ਨੇ ਕਿਹਾ ਕਿ ਸ਼ੋਅ ਦੇਖਣ ਲਈ ਕਾਹਲੇ ਪੈ ਚੁੱਕੇ ਲੋਕਾਂ ਨੂੰ ਲਗਦਾ ਹੈ ਕਿ ਐਨ ਆਖਰੀ ਮੌਕੇ ’ਤੇ ਵੀ ਟਿਕਟਾਂ ਮਿਲ ਸਕਦੀਆਂ ਹਨ। ਜਸਪਾਲ ਸਿੰਘ ਥਿਆੜਾ ਦੇ ਮਾਮਲੇ ਵਿਚ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਜਸਪਾਲ ਥਿਆੜਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 3335 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।