ਕੈਨੇਡਾ ’ਚ ਇਕ ਹੋਰ ਪੰਜਾਬੀ ਨੇ ਗੁਨਾਹ ਕਬੂਲਿਆ

ਕੈਨੇਡਾ ਵਿਚ ਭਾਰਤੀ ਲੋਕਾਂ ਤੋਂ ਮੋਟੀਆਂ ਰਕਮਾਂ ਮੰਗਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਇਕ ਹੋਰ ਸ਼ੱਕੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

Update: 2025-08-04 12:32 GMT

ਐਡਮਿੰਟਨ : ਕੈਨੇਡਾ ਵਿਚ ਭਾਰਤੀ ਲੋਕਾਂ ਤੋਂ ਮੋਟੀਆਂ ਰਕਮਾਂ ਮੰਗਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਇਕ ਹੋਰ ਸ਼ੱਕੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਜੀ ਹਾਂ, ਐਡਮਿੰਟਨ ਪੁਲਿਸ ਵੱਲੋਂ ਪ੍ਰੌਜੈਕਟ ਗੈਸਲਾਈਟ ਅਧੀਨ ਗ੍ਰਿਫ਼ਤਾਰ 20 ਸਾਲ ਦੇ ਮਾਨਵ ਹੀਰ ਨੇ ਅਗਜ਼ਨੀ, ਜਬਰੀ ਵਸੂਲੀ ਅਤੇ ਜਬਰੀ ਵਸੂਲੀ ਦੀ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਕਰਦਿਆਂ ਦੱਸਿਆ ਕਿ ਚਾਰ ਰੀਅਲ ਅਸਟੇਟ ਡਿਵੈਲਪਰਾਂ ਵੱਲੋਂ ਉਸਾਰੇ ਜਾ ਰਹੇ ਘਰਾਂ ਨੂੰ ਅੱਗ ਲਾਉਣ ਅਤੇ ਇਕ ਕਾਰ ’ਤੇ ਏਅਰ ਸੌਫ਼ਟ ਗੰਨ ਨਾਲ ਹਮਲਾ ਕਰਨ ਦੀਆਂ ਵਾਰਦਾਤਾਂ ਵਿਚ ਉਹ ਸ਼ਾਮਲ ਰਿਹਾ। ਕਬੂਲਨਾਮੇ ਮੁਤਾਬਕ ਇਕ ਘਰ ਨੂੰ ਅੱਗ ਲਾਉਣ ਦੇ ਇਵਜ਼ ਵਿਚ ਮਾਨਵ ਹੀਰ ਨੂੰ ਇਕ ਹਜ਼ਾਰ ਡਾਲਰ ਤੋਂ ਵੱਧ ਰਕਮ ਮਿਲੀ ਅਤੇ ਇਸ ਮਗਰੋਂ ਪੈਸੇ ਖਾਤਰ ਉਹ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਾ।

ਮਾਨਵ ਹੀਰ ਨੇ ਐਡਮਿੰਟਨ ਦੇ ਕਈ ਘਰਾਂ ਨੂੰ ਲਾਈ ਅੱਗ

ਅਗਜ਼ਨੀ ਦੀਆਂ ਵਾਰਦਾਤਾਂ ਨਾਲ ਸਬੰਧਤ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵਿਚ ਕਈ ਵਾਰ ਮਾਨਵ ਹੀਰ ਨਜ਼ਰ ਆਇਆ। ਉਸ ਨੇ ਖਤਰਨਾਕ ਡਰਾਈਵਿੰਗ ਦੇ ਇਕ ਵੱਖਰੇ ਮਾਮਲੇ ਵਿਚ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਜੋ ਪ੍ਰੌਜੈਕਟ ਗੈਸਲਾਈਟ ਨਾਲ ਸਬੰਧਤ ਵਾਰਦਾਤਾਂ ਦੌਰਾਨ 25 ਨਵੰਬਰ 2023 ਨੂੰ ਹੋਇਆ। ਦੱਸ ਦੇਈਏ ਕਿ ਐਡਮਿੰਟਨ ਪੁਲਿਸ ਵੱਲੋਂ ਜੁਲਾਈ 2024 ਵਿਚ ਗ੍ਰਿਫ਼ਤਾਰ ਸ਼ੱਕੀਆਂ ਵਿਚੋਂ 19 ਸਾਲ ਦੇ ਦਿਵਨੂਰ ਸਿੰਘ ਆਸ਼ਟ ਨੇ ਮਈ ਮਹੀਨੇ ਦੌਰਾਨ ਸੱਤ ਦੋਸ਼ਾਂ ਵਿਚ ਤਿੰਨ ਕਬੂਲ ਕਰ ਲਏ ਸਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਆਸ਼ਟ ਨੇ ਮੰਨਿਆ ਕਿ ਜਬਰੀ ਵਸੂਲੀ ਦੇ ਇਰਾਦੇ ਨਾਲ ਕੀਤੀਆਂ ਜਾਂਦੀਆਂ ਅਗਜ਼ਨੀ ਦੀਆਂ ਵਾਰਦਾਤਾਂ ਵਿਚ ਉਹ ਸ਼ਾਮਲ ਰਿਹਾ ਜੋ ਮਨਿੰਦਰ ਧਾਲੀਵਾਲ ਅਤੇ ਹਰਪ੍ਰੀਤ ਸਿੰਘ ਉਪਲ ਦੀਆਂ ਹਦਾਇਤਾਂ ’ਤੇ ਅੰਜਾਮ ਦਿਤੀਆਂ ਜਾਂਦੀਆਂ। ਦਿਵਨੂਰ ਸਿੰਘ ਨੂੰ ਸਾਢੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਇਸ ਵਿਚੋਂ ਜੇਲ ਵਿਚ ਗੁਜ਼ਾਰਿਆ ਸਮਾਂ ਘਟਾ ਦਿਤਾ ਜਾਵੇਗਾ। ਦਿਵਨੂਰ ਅਤੇ ਮਾਨਵ ਹੀਰ ਤੋਂ ਬਾਅਦ ਤਿੰਨ ਹੋਰਨਾਂ ਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਜਿਨ੍ਹਾਂ ਵਿਚ ਗੁਰਕਰਨ ਸਿੰਘ, ਪਰਮਿੰਦਰ ਸਿੰਘ ਅਤੇ 17 ਸਾਲ ਦਾ ਇਕ ਅੱਲ੍ਹੜ ਸ਼ਾਮਲ ਹੈ। ਇਨ੍ਹਾਂ ਵਿਰੁੱਧ ਕੋਈ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤਾ ਗਿਆ। ਜਬਰੀ ਵਸੂਲੀ ਦੇ ਮਾਮਲੇ ਬੀ.ਸੀ. ਦੇ ਖ਼ਤਰਨਾਕ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਜੋੜਦੇ ਅਦਾਲਤੀ ਦਸਤਾਵੇਜ਼ ਸਾਹਮਣੇ ਆ ਚੁੱਕੇ ਹਨ ਅਤੇ ਇਕ ਸਾਊਥ ਏਸ਼ੀਅਨ ਕਾਰੋਬਾਰੀ ਤੋਂ ਪੰਜ ਲੱਖ ਡਾਲਰ ਦੀ ਰਕਮ ਮੰਗੇ ਜਾਣ ਦੀ ਸ਼ਿਕਾਇਤ ਵੀ ਸਾਹਮਣੇ ਆ ਚੁੱਕੀ ਹੈ।

ਅਗਜ਼ਨੀ ਅਤੇ ਜਬਰੀ ਵਸੂਲੀ ਦੇ ਮਾਮਲਿਆਂ ’ਚ 3 ਸ਼ੱਕੀ ਬਾਕੀ

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਕਤੂਬਰ ਅਤੇ ਨਵੰਬਰ 2023 ਦਰਮਿਆਨ ਤਿੰਨ ਬਿਲਡਰਾਂ ਦੀ ਮਾਲਕੀ ਵਾਲੇ ਮਕਾਨ ਸਾੜੇ ਗਏ ਅਤੇ ਕੁਲ ਨੁਕਸਾਨ 40 ਲੱਖ ਡਾਲਰ ਰਿਹਾ। ਦਸੰਬਰ 2023 ਵਿਚ ਅਗਜ਼ਨੀ ਦੀਆਂ ਵਾਰਦਾਤਾਂ ਬਾਰੇ ਕਥਿਤ ਹਦਾਇਤਾਂ ਦੇਣ ਵਾਲਾ ਨਵਾਂ ਸ਼ਖਸ ਗੁਰਕਰਨ ਸਿੰਘ ਦੇ ਰੂਪ ਵਿਚ ਉਭਰਿਆ। ਦੂਜੇ ਪਾਸੇ ਜਬਰੀ ਵਸੂਲੀ ਕਰਨ ਵਾਲਿਆਂ ਦਾ ਸਰਗਣਾ ਮਨਿੰਦਰ ਧਾਲੀਵਾਲ ਸੰਯੁਕਤ ਅਰਬ ਅਮੀਰਾਤ ਦੀ ਜੇਲ ਵਿਚ ਬੰਦ ਹੈ। ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਹਰਪ੍ਰੀਤ ਉਪਲ ਦੇ ਕਤਲ ਤੋਂ ਪਹਿਲਾਂ ਉਹ ਐਡਮਿੰਟਨ ਦੇ ਡਿਵੈਲਪਰਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕਰ ਰਿਹਾ ਸੀ। ਜਿਹੜੇ ਕਾਰੋਬਾਰੀ ਰਕਮ ਦੇਣ ਤੋਂ ਨਾਂਹ ਕਰਦੇ ਉਨ੍ਹਾਂ ਵੱਲੋਂ ਉਸਾਰੇ ਜਾ ਰਹੇ ਘਰ ਸਾੜ ਦਿਤੇ ਜਾਂਦੇ ਜਾਂ ਰਿਹਾਇਸ਼ ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ। ਉਨਟਾਰੀਓ ਅਤੇ ਬੀ.ਸੀ. ਵਿਚ ਵੀ 2023 ਦੌਰਾਨ ਹੀ ਇਹ ਰੁਝਾਨ ਸ਼ੁਰੂ ਹੋਇਆ। ਦਸਤਾਵੇਜ਼ ਕਹਿੰਦੇ ਹਨ ਕਿ ਦਿਵਨੂਰ ਸਿੰਘ ਆਸ਼ਟ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਵਿਚੋਲੇ ਦਾ ਰੋਲ ਅਦਾ ਕਰਦਾ ਜਿਸ ਨੂੰ ਨਾਮੀ ਗੈਂਗਸਟਰ ਹਦਾਇਤਾਂ ਦਿੰਦੇ ਅਤੇ ਹੇਠਲੇ ਪੱਧਰ ਦੀ ਟੀਮ ਤੋਂ ਉਹ ਵਾਰਦਾਤਾਂ ਕਰਵਾਉਂਦਾ। ਆਸ਼ਟ ਨੇ ਖੁਦ ਕੋਈ ਅੱਗ ਨਹੀਂ ਲਾਈ ਪਰ ਹੋਰਨਾਂ ਦੀ ਸ਼ਮੂਲੀਅਤ ਵਿਚ ਉਸ ਦੀ ਭੂਮਿਕਾ ਅਕਸਰ ਸਾਹਮਣੇ ਆਈ। ਅਕਤੂਬਰ 2023 ਵਿਚ ਇਸ ਗਿਰੋਹ ਨੇ ਦੋ ਹੋਮ ਬਿਲਡਰਜ਼ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਇਸ ਮਗਰੋਂ ਦਸੰਬਰ 2023 ਅਤੇ 2024 ਦੇ ਆਰੰਭ ਵਿਚ ਦੋ ਹੋਰ ਡਿਵੈਲਪਰ ਨਿਸ਼ਾਨੇ ’ਤੇ ਆ ਗਏ ਪਰ ਇਸ ਮਾਮਲੇ ਵਿਚ ਆਸ਼ਟ ਨੇ ਸ਼ਮੂਲੀਅਤ ਤੋਂ ਨਾਂਹ ਕਰ ਦਿਤੀ।

Tags:    

Similar News