ਕੈਨੇਡਾ ’ਚ ਇਕ ਹੋਰ ਪੰਜਾਬੀ ਡਰਾਈਵਰ ਜਿਊਂਦਾ ਸੜਿਆ

ਕੈਨੇਡਾ ਵਿਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਦਰਦਨਾਕ ਸੜਕ ਹਾਦਸੇ ਦੌਰਾਨ ਜਿਊਂਦਾ ਸੜ ਗਿਆ।

Update: 2024-12-17 13:02 GMT

ਟੋਰਾਂਟੋ : ਕੈਨੇਡਾ ਵਿਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਦਰਦਨਾਕ ਸੜਕ ਹਾਦਸੇ ਦੌਰਾਨ ਜਿਊਂਦਾ ਸੜ ਗਿਆ। ਉਨਟਾਰੀਓ ਦੇ ਹਾਈਵੇਅ 11 ’ਤੇ ਲੌਂਗਲਕ ਅਤੇ ਹਰਸਟ ਦਰਮਿਆਨ ਦੋ ਟਰੱਕਾਂ ਦੀ ਟੱਕਰ ਮਗਰੋਂ ਅੱਗ ਲੱਗ ਗਈ ਅਤੇ 2 ਜਣੇ ਦਮ ਤੋੜ ਗਏ ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖਤ ਜਸਵਿੰਦਰ ਸਿੰਘ ਜੱਸੀ ਵਜੋਂ ਕੀਤੀ ਗਈ ਹੈ। ਜੱਸੀ ਦੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਜਿਸ ਵਿਚ ਹਾਦਸੇ ਮਗਰੋਂ ਸੜਦੇ ਟਰੱਕਾਂ ਦੀ ਵੀਡੀਓ ਦਾ Çਲੰਕ ਵੀ ਅਟੈਚ ਕੀਤਾ ਗਿਆ ਹੈ। ਸਰੀ ਦੇ ਪਵਨ ਜੋਸ਼ੀ ਮੁਤਾਬਕ ਜਸਵਿੰਦਰ ਸਿੰਘ ਜੱਸੀ ਆਪਣੇ ਪਿੱਛੇ ਪਤਨੀ ਪ੍ਰਨੀਤ ਕੌਰ ਅਤੇ ਦੋ ਬੱਚੇ ਅਮਰੀਨ ਤੇ ਆਲਮ ਛੱਡ ਗਿਆ ਹੈ।

ਉਨਟਾਰੀਓ ਦੇ ਹਾਈਵੇਅ 11 ’ਤੇ 2 ਟਰੱਕਾਂ ਦੀ ਹੋਈ ਟੱਕਰ

ਜਸਵਿੰਦਰ ਸਿੰਘ ਜੱਸੀ ਮਜ਼ਬਤੁ ਇਰਾਦਿਆਂ ਵਾਲਾ ਇਨਸਾਨ ਸੀ ਅਤੇ ਦੋਸਤਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦਾ ਪਰ ਅੱਖ ਦੇ ਫੋਰ ਵਿਚ ਆਪਣੇ ਪਰਵਾਰ ਅਤੇ ਦੋਸਤਾਂ ਨੂੰ ਸਦੀਵੀ ਵਿਛੋੜਾ ਦੇ ਗਿਆ। ਗੋਫੰਡਮੀ ਪੇਜ ’ਤੇ ਲਿਖੇ ਸੁਨੇਹੇ ਮੁਤਾਬਕ ਜੱਸੀ ਦੇ ਜਾਣ ਨਾਲ ਪਿਆ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਲੋਕਾਂ ਵੱਲੋਂ ਕੀਤੀ ਆਰਥਿਕ ਮਦਦ ਪਰਵਾਰ ਨੂੰ ਸਹਾਰਾ ਜ਼ਰੂਰ ਦੇ ਸਕਦੀ ਹੈ। ਦੂਜੇ ਪਾਸੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਕੈਨੋਰਾ ਡਿਟੈਚਮੈਂਟ ਨੇ ਦੱਸਿਆ ਕਿ ਹਾਦਸੇ ਦੀ ਇਤਲਾਹ ਮਿਲਦਿਆਂ ਹੀ ਫ਼ਾਇਰ ਸਰਵਿਸ ਅਤੇ ਐਮਰਜੰਸੀ ਮੈਡੀਕਲ ਸੇਵਾਵਾਂ ਵਾਲੇ ਮੌਕੇ ’ਤੇ ਪੁੱਜ ਗਏ। ਪੁਲਿਸ ਵੱਲੋਂ ਬਰਫ਼ੀਲੇ ਮੌਸਮ ਦੇ ਮੱਦੇਨਜ਼ਰ ਡਰਾਈਵਰਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਹਾਈਵੇਜ਼ ’ਤੇ ਰਫ਼ਤਾਰ ਕੰਟਰੋਲ ਹੇਠ ਰੱਖੀ ਜਾਵੇ। ਸੜਕ ’ਤੇ ਬਰਫ਼ ਹੋਣ ਦੀ ਸੂਰਤ ਵਿਚ ਇਕ ਗੱਡੀ ਤੋਂ ਦੂਜੀ ਗੱਡੀ ਦਰਮਿਆਲ ਫਾਸਲਾ ਜ਼ਿਆਦਾ ਹੋਣਾ ਚਾਹੀਦਾ ਹੈ ਤਾਂਕਿ ਐਮਰਜੰਸੀ ਹਾਲਾਤ ਵਿਚ ਗੱਡੀ ਰੋਕੀ ਜਾ ਸਕੇ ਅਤੇ ਸਾਹਮਣੇ ਜਾ ਰਹੀ ਗੱਡੀ ਨਾਲ ਟੱਕਰ ਤੋਂ ਬਚਿਆ ਜਾ ਸਕੇ।

ਬੀ.ਸੀ. ਦੇ ਜਸਵਿੰਦਰ ਸਿੰਘ ਜੱਸੀ ਵਜੋਂ ਹੋਈ ਸ਼ਨਾਖ਼ਤ

ਪੁਲਿਸ ਨੇ ਅੱਗੇ ਕਿਹਾ ਕਿ ਟਰੱਕ ਜਾਂ ਕਾਰ ਦੀ ਰਫ਼ਤਾਰ ਵਿਚ ਵਾਧਾ ਹੌਲੀ ਹੌਲੀ ਕੀਤਾ ਜਾਵੇ। ਇਕਦਮ ਕੀਤਾ ਟਰੱਕ ਦੇ ਬੇਕਾਬੂ ਹੋਣ ਦਾ ਕਾਰਨ ਬਣ ਸਕਦਾ ਹੈ। ਸਭ ਤੋਂ ਅਹਿਮ ਲੰਮੇ ਸਫ਼ਰ ’ਤੇ ਜਾਣ ਤੋਂ ਪਹਿਲਾਂ ਵਿੰਟਰ ਸਰਵਾਈਵਲ ਕਿਟ ਜ਼ਰੂਰ ਰੱਖੀ ਜਾਵੇ ਜਿਸ ਵਿਚ ਗਰਮ ਕੱਪੜੇ, ਕੰਬਲ, ਖਾਣਾ, ਪਾਣੀ ਅਤੇ ਫਸਟਏਡ ਕਿਟ ਸ਼ਾਮਲ ਹੋਣੀ ਚਾਹੀਦੀ ਹੈ। ਦੂਜੇ ਪਾਸੇ ਮਿਸੀਸਾਗਾ ਦੀ ਚੇਤਨਾ ਬਜਾਜ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਹੈ ਜਿਸ ਦਾ 8 ਦਸੰਬਰ ਨੂੰ ਵਿਆਹ ਹੋਇਆ ਅਤੇ 14 ਦਸੰਬਰ ਨੂੰ ਪਤੀ ਇਸ ਦੁਨੀਆਂ ਤੋਂ ਚਲਾ ਗਿਆ। ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸਕੀ ਕਿ ਲੌਂਗਲਕ ਨੇੜੇ ਟਰੱਕਾਂ ਦੀ ਟੱਕਰ ਵਿਚ ਮਰਨ ਵਾਲਾ ਦੂਜਾ ਡਰਾਈਵਰ ਰਾਹੁਲ ਸੀ ਪਰ ਉਸ ਦੀ ਜਾਨ ਵੀ ਇਕ ਸੜਕ ਹਾਦਸੇ ਦੌਰਾਨ ਗਈ। ਚੇਤਨਾ ਮੁਤਾਬਕ ਰਾਹੁਲ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ ਅਤੇ ਉਸ ਦੀ ਦੇਹ ਥੰਡਰ ਬੇਅ ਦੇ ਹਾਰਬਰ ਫਿਊਨਰਲ ਸੈਂਟਰ ਵਿਚ ਰੱਖੀ ਗਈ ਹੈ। ਰਾਹੁਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਇਸ ਹਾਦਸੇ ਨੇ ਪੂਰੇ ਪਰਵਾਰ ਦੀ ਜ਼ਿੰਦਗੀ ਵੀਰਾਨ ਕਰ ਦਿਤੀ। ਰਾਹੁਲ ਦਾ ਪਰਵਾਰ ਮੋਹਾਲੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਅਤੇ ਚੇਤਨਾ ਵੱਲੋਂ ਇਸ ਦੁੱਖ ਦੀ ਘੜੀ ਦੌਰਾਨ ਆਰਥਿਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।

Tags:    

Similar News