ਕੈਨੇਡਾ ਵਿਚ ਇਕ ਹੋਰ ਭਾਰਤੀ ਕਾਰੋਬਾਰੀ ਦਾ ਕਤਲ
ਕੈਨੇਡਾ ਵਿਚ ਇਕ ਹੋਰ ਭਾਰਤੀ ਕਾਰੋਬਾਰੀ ਦੀ ਹੱਤਿਆ ਕਰਨ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ
ਐਡਮਿੰਟਨ : ਕੈਨੇਡਾ ਵਿਚ ਇਕ ਹੋਰ ਭਾਰਤੀ ਕਾਰੋਬਾਰੀ ਦੀ ਹੱਤਿਆ ਕਰਨ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ 19 ਅਕਤੂਬਰ ਨੂੰ ਐਡਮਿੰਟਨ ਦੇ ਡਾਊਨਟਾਊਨ ਵਿਚ ਵਾਪਰੀ ਜਦੋਂ 55 ਸਾਲ ਦਾ ਆਰਵੀ ਸਿੰਘ ਸੱਗੂ ਆਪਣੀ ਗਰਲਫਰੈਂਡ ਨਾਲ ਰੈਸਟੋਰੈਂਟ ਵਿਚ ਖਾਣਾ ਖਾਣ ਮਗਰੋਂ ਬਾਹਰ ਆ ਰਿਹਾ ਸੀ ਅਤੇ ਇਕ ਅਣਪਛਾਤਾ ਸ਼ਖਸ ਆਰਵੀ ਸਿੰਘ ਦੀ ਕਾਰ ਨੇੜੇ ਪਿਸ਼ਾਬ ਕਰਦਾ ਨਜ਼ਰ ਆਇਆ। ਆਰਵੀ ਸਿੰਘ ਨੇ ਉਸ ਨੂੰ ਟੋਕਿਆ ਤਾਂ ਇਤਰਾਜ਼ਯੋਗ ਹਰਕਤ ਕਰ ਰਹੇ ਸ਼ਖਸ ਨੇ ਆਰਵੀ ਦੇ ਸਿਰ ਉਤੇ ਵਾਰ ਕਰ ਦਿਤਾ।
ਆਰਵੀ ਸਿੰਘ ਦੇ ਸਿਰ ’ਤੇ ਕੀਤਾ ਸ਼ੱਕੀ ਨੇ ਵਾਰ
ਹਮਲੇ ਮਗਰੋਂ ਆਰਵੀ ਸਿੰਘ ਬੇਹੋਸ਼ ਹੋ ਕੇ ਧਰਤੀ ’ਤੇ ਡਿੱਗ ਗਿਆ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੰਜ ਦਿਨ ਆਈ.ਸੀ.ਯੂ. ਵਿਚ ਰਹਿਣ ਮਗਰੋਂ ਆਰਵੀ ਸਿੰਘ ਨੇ ਦਮ ਤੋੜ ਦਿਤਾ। ਉਧਰ ਐਡਮਿੰਟਨ ਪੁਲਿਸ ਨੇ ਦੱਸਿਆ ਕਿ 40 ਸਾਲ ਦੇ ਕਾਇਲ ਪੈਪਿਨ ਨੂੰ ਗ੍ਰਿਫ਼ਤਾਰ ਕਰਦਿਆਂ ਖਤਰਨਾਕ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਪਰ ਹੁਣ ਦੋਸ਼ਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਆਰਵੀ ਸਿੰਘ ਸੱਗੂ ਅਤੇ ਪੈਪਿਨ ਇਕ-ਦੂਜੇ ਨੂੰ ਜਾਣਦੇ ਨਹੀਂ ਸਨ। ਪੈਪਿਨ ਦੀ ਅਦਾਲਤ ਵਿਚ ਪੇਸ਼ੀ 4 ਨਵੰਬਰ ਨੂੰ ਹੋਣੀ ਹੈ।