ਟੋਰਾਂਟੋ ਅਤੇ ਨਿਊ ਯਾਰਕ ਵਿਖੇ ਸਜਾਏ ਅਲੌਕਿਕ ਨਗਰ ਕੀਰਤਨ
ਖਾਲਸਾ ਸਾਜਨਾ ਦਿਹਾੜੇ ਦੇ ਸਬੰਧ ਵਿਚ ਟੋਰਾਂਟੋ ਅਤੇ ਨਿਊ ਯਾਰਕ ਵਿਖੇ ਸਜਾਏ ਅਲੌਕਿਕ ਨਗਰ ਕੀਰਤਨ ਦੌਰਾਨ ਲੱਖਾਂ ਦੀ ਗਿਣਤੀ ਸੰਗਤ ਨੇ ਹਾਜ਼ਰੀ ਭਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਟੋਰਾਂਟੋ : ਖਾਲਸਾ ਸਾਜਨਾ ਦਿਹਾੜੇ ਦੇ ਸਬੰਧ ਵਿਚ ਟੋਰਾਂਟੋ ਅਤੇ ਨਿਊ ਯਾਰਕ ਵਿਖੇ ਸਜਾਏ ਅਲੌਕਿਕ ਨਗਰ ਕੀਰਤਨ ਦੌਰਾਨ ਲੱਖਾਂ ਦੀ ਗਿਣਤੀ ਸੰਗਤ ਨੇ ਹਾਜ਼ਰੀ ਭਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਉਨਟਾਰੀਓ ਸਿੱਖ ਐਂਡ ਗੁਰਦਵਾਰਾਜ਼ ਕੌਂਸਲ ਦੇ ਇਵੈਂਟ ਕੋਆਰਡੀਨੇਟਰ ਮਨਜੀਤ ਸਿੰਘ ਪਰਮਾਰ ਨੇ ਦੱਸਿਆ ਕਿ 1986 ਤੋਂ ਟੋਰਾਂਟੋ ਵਿਖੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਅਤੇ ਹਰ ਵਾਰ ਸੰਗਤ ਦੀ ਸ਼ਮੂਲੀਅਤ ਵਿਚ ਵਾਧਾ ਹੁੰਦਾ ਹੈ। ਸਿੱਖ ਧਰਮ ਦੇ ਅਮੀਰ ਵਿਰਸੇ ਅਤੇ ਬਹਾਦਰੀ ਭਰੇ ਇਤਿਹਾਸ ਬਾਰੇ ਟੋਰਾਂਟੋ ਵਾਸੀਆਂ ਨੂੰ ਜਾਣੂ ਕਰਵਾਉਣ ਦਾ ਇਹ ਬਿਹਤਰੀਨ ਮੌਕਾ ਵੀ ਹੈ। ਬਰੈਂਪਟਨ ਤੋਂ ਖਾਸ ਤੌਰ ’ਤੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਪੁੱਜੇ ਤੇਜਿੰਦਰ ਸਿੰਘ ਦਾ ਕਹਿਣਾ ਸੀ ਕਿ ਜਦੋਂ ਤੁਸੀਂ ਆਪਣਾ ਮੁਲਕ ਛੱਡ ਕੇ ਕੈਨੇਡਾ ਆ ਚੁੱਕੇ ਹੋ ਤਾਂ ਭਾਈਚਾਰੇ ਨੂੰ ਇਕਜੁਟ ਕਰਨ ਵਾਲੇ ਸਮਾਗਮਾਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ।
ਲੱਖਾਂ ਦੀ ਗਿਣਤੀ ਵਿਚ ਸੰਗਤ ਸੀਸ ਨਿਵਾਉਣ ਪੁੱਜੀ
ਟੋਰਾਂਟੋ ਵਿਖੇ ਨਗਰ ਕੀਰਤਨ ਦੀ ਆਰੰਭਤਾ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਤੋਂ ਹੋਈ ਅਤੇ ਸਿਟੀ ਹਾਲ ਵਿਖੇ ਸੰਪੰਨ ਹੋਇਆ ਜਿਥੇ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਤਕਰੀਰਾਂ ਕੀਤੀਆਂ। ਵੈਨਕੂਵਰ ਵਿਖੇ ਵਾਪਰੀ ਘਟਨਾ ਦੇ ਮੱਦੇਨਜ਼ਰ ਟੋਰਾਂਟੋ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਚੱਪੇ-ਚੱਪੇ ’ਤੇ ਪੁਲਿਸ ਅਫਸਰ ਤੈਨਾਤ ਨਜ਼ਰ ਆ ਰਹੇ ਸਨ। ਮਨਜੀਤ ਸਿੰਘ ਪਰਮਾਰ ਨੇ ਦੱਸਿਆ ਕਿ ਨਗਰ ਕੀਰਤਨ ਦੀ ਸਮਾਪਤੀ ਤੱਕ ਉਹ ਲਗਾਤਾਰ ਟੋਰਾਂਟੋ ਪੁਲਿਸ ਦੇ ਸੰਪਰਕ ਵਿਚ ਰਹੇ। ਉਧਰ ਮੈਨਹਟਨ ਵਿਖੇ 37ਵੇਂ ਸਾਲਾਨਾ ਨਗਰ ਕੀਰਤਨ ਵਿਚ ਸਿਰਫ਼ ਨਿਊ ਯਾਰਕ ਹੀ ਨਹੀਂ ਸਗੋਂ ਨਿਊ ਜਰਸੀ, ਵਰਜੀਨੀਆ ਅਤੇ ਵਾਸ਼ਿੰਗਟਨ ਤੋਂ ਸੰਗਤਾਂ ਸੀਸ ਨਿਵਾਉਣ ਪੁੱਜੀਆਂ। ਸਿੱਖ ਕਲਚਰਲ ਸੋਸਾਇਟੀ ਦੇ ਨੁਮਾਇੰਦੇ ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਭਾਵੇਂ ਪੰਜਾਬ ਸਣੇ ਦੁਨੀਆਂ ਦੇ ਕੋਨੇ ਕੋਨੇ ਵਿਚ 13 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਹਾੜਾ ਮਨਾਇਆ ਜਾ ਚੁੱਕਾ ਹੈ ਪਰ ਨਿਊ ਯਾਰਕ ਸ਼ਹਿਰ ਵਿਚ ਕਈ ਦਹਾਕਿਆਂ ਤੋਂ ਰਹਿ ਰਹੇ ਸਿੱਖ ਮਹਿਸੂਸ ਕਰਦੇ ਹਨ ਕਿ ਇਲਾਕਾ ਵਾਸੀਆਂ ਨੂੰ ਆਪਣੇ ਧਰਮ ਅਤੇ ਸਭਿਆਚਾਰ ਤੋਂ ਲਾਜ਼ਮੀ ਤੌਰ ’ਤੇ ਜਾਣੂ ਕਰਵਾਇਆ ਜਾਵੇ। ਨਗਰ ਕੀਰਤਨ ਦੀ ਸਮਾਪਤੀ ਮੈਡੀਸਨ ਸੁਕਏਅਰ ਪਾਰਕ ਵਿਖੇ ਹੋਏ ਜਿਥੇ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।