ਅਨੀਤਾ ਆਨੰਦ ਨੂੰ ਮਿਲੀ ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰੀ

ਪਾਬਲੋ ਰੌਡਰੀਗੈਜ਼ ਦੇ ਅਸਤੀਫ਼ੇ ਮਗਰੋਂ ਅਨੀਤਾ ਆਨੰਦ ਨੂੰ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ।

Update: 2024-09-20 12:22 GMT

ਔਟਵਾ : ਪਾਬਲੋ ਰੌਡਰੀਗੈਜ਼ ਦੇ ਅਸਤੀਫ਼ੇ ਮਗਰੋਂ ਅਨੀਤਾ ਆਨੰਦ ਨੂੰ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ। ਕਿਊਬੈਕ ਵਿਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਲਈ ਪਾਬਲੋ ਰੌਡਰੀਗੈਜ਼ ਨੇ ਅਸਤੀਫ਼ਾ ਦਿਤਾ ਅਤੇ ਜਨਵਰੀ ਵਿਚ ਲੀਡਰਸ਼ਿਪ ਮੁਹਿੰਮ ਸ਼ੁਰੂ ਹੋਣ ਤੱਕ ਆਜ਼ਾਦ ਐਮ.ਪੀ. ਵਜੋਂ ਸੰਸਦ ਵਿਚ ਬੈਠਣਗੇ। ਇਹ ਸਾਰਾ ਘਟਨਾਕ੍ਰਮ ਮੌਂਟਰੀਅਲ ਸੀਟ ’ਤੇ ਲਿਬਰਲ ਪਾਰਟੀ ਦੀ ਹਾਰ ਮਗਰੋਂ ਵਾਪਰਿਆ ਹੈ। ਪਾਬਲੋ ਰੌਡਰੀਗੈਜ਼ ਦੇ ਅਸਤੀਫ਼ੇ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਸਤੇ ਇਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ। ਪੱਤਰਕਾਰਾਂ ਵੱਲੋਂ ਜਦੋਂ ਇਸ ਮੁੱਦੇ ’ਤੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਬਲੇ ਦੇ ਅਸਤੀਫ਼ੇ ਦਾ ਲਾਸਾਲ-ਇਮਾਰਡ-ਵਰਡਨ ਸੀਟ ਦੇ ਨਤੀਜੇ ਨਾਲ ਕੋਈ ਵਾਹ-ਵਾਸਤਾ ਨਹੀਂ।

ਪਾਬਲੋ ਰੌਡਰੀਗੈਜ਼ ਦੇ ਅਸਤੀਫੇ ਨਾਲ ਟਰੂਡੋ ਨੂੰ ਇਕ ਹੋਰ ਝਟਕਾ

ਰੌਡਰੀਗੈਜ਼ ਦੀ ਵਿਦਾਇਗੀ ਦੇ ਮੱਦੇਨਜ਼ਰ ਜਨਤਕ ਸੇਵਾਵਾਂ ਬਾਰੇ ਮੰਤਰੀ ਜੀਨ ਈਵ ਡਕਲੌਸ ਨੂੰ ਕਿਊਬੈਕ ਮਾਮਲਿਆਂ ਦੇ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਹੁੰਦਾ ਪਰ ਪ੍ਰਧਾਨ ਮੰਤਰੀ ਦਫ਼ਤਰ ਵਿਚ ਇਸ ਵੀ ਵੱਡੀ ਅਹਿਮੀਅਤ ਹੈ। ਇਥੇ ਦਸਣਾ ਬਣਦਾ ਹੈ ਕਿ ਕਿਸੇ ਨਵੇਂ ਐਮ.ਪੀ. ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਬਜਾਏ ਅਨੀਤਾ ਆਨੰਦ ਨੂੰ ਟ੍ਰਾਂਸਪੋਰਟ ਮੰਤਰਾਲਾ ਸੌਂਪਿਆ ਗਿਆ ਹੈ ਅਤੇ ਕੰਜ਼ਰਵੇਟਿਵ ਪਾਰਟੀ ਟਰੂਡੋ ਸਰਕਾਰ ਦੀ ਨੁਕਤਾਚੀਨੀ ਕਰ ਰਹੀ ਹੈ। ਟੋਰੀ ਐਮ.ਪੀ. ਫਿਲਿਪ ਲੌਰੈਂਸ ਨੇ ਕਿਹਾ ਕਿ ਲਿਬਰਲ ਸਰਕਾਰ ਪਾਰਟ ਟਾਈਮ ਟ੍ਰਾਂਸਪੋਰਟ ਮੰਤਰੀ ਲੱਭ ਲਿਆ ਹੈ। ਸਾਡਾ ਸਵਾਲ ਇਹ ਹੈ ਕਿ ਲਿਬਰਲ ਸਰਕਾਰ ਟ੍ਰਾਂਸਪੋਰਟ ਵਿਭਾਗ ਨੂੰ ਗੰਭੀਰਤਾ ਨਾਲ ਲੈਣਾ ਕਦੋਂ ਸ਼ੁਰੂ ਕਰੇਗੀ? ਦੂਜੇ ਪਾਸੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਅਨੀਤਾ ਆਨੰਦ ਨੂੰ ਟ੍ਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ ਜਿਨ੍ਹਾਂ ਕੋਲ ਖ਼ਜ਼ਾਨਾ ਬੋਰਡ ਦੀ ਜ਼ਿੰਮੇਵਾਰੀ ਵੀ ਹੈ।

Tags:    

Similar News