ਕੈਲਗਰੀ ਵਿਖੇ ਭਾਰਤੀਆਂ ਦੀ ਆਬਾਦੀ ਵਾਲੇ ਇਲਾਕੇ ਵਿਚ ਧਮਾਕਾ

ਕੈਲਗਰੀ ਵਿਖੇ ਸਾਊਥ ਏਸ਼ੀਅਨ ਭਾਈਚਾਰੇ ਦੀ ਸੰਘਣੀ ਆਬਾਦੀ ਵਾਲੀ ਮੌਂਟਰੇ ਪਾਰਕ ਇਲਾਕੇ ਵਿਚ ਇਕ ਵੱਡੇ ਧਮਾਕੇ ਮਗਰੋਂ 4 ਘਰ ਸੜ ਕੇ ਸੁਆਹ ਹੋ ਗਏ।;

Update: 2024-10-07 12:08 GMT

ਕੈਲਗਰੀ : ਕੈਲਗਰੀ ਵਿਖੇ ਸਾਊਥ ਏਸ਼ੀਅਨ ਭਾਈਚਾਰੇ ਦੀ ਸੰਘਣੀ ਆਬਾਦੀ ਵਾਲੀ ਮੌਂਟਰੇ ਪਾਰਕ ਇਲਾਕੇ ਵਿਚ ਇਕ ਵੱਡੇ ਧਮਾਕੇ ਮਗਰੋਂ 4 ਘਰ ਸੜ ਕੇ ਸੁਆਹ ਹੋ ਗਏ। ਧਮਾਕੇ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਘੱਟੋ ਘੱਟ ਛੇ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਵਾਲੀ ਥਾਂ ਨੇੜੇ ਰਹਿੰਦੀ ਵੰਸ਼ਿਕਾ ਤਨੇਜਾ ਨੇ ਦੱਸਿਆ ਕਿ ਇਕ ਵੱਡਾ ਧਮਾਕੇ ਨਾਲ ਆਲੇ ਦੁਆਲੇ ਦੇ ਘਰ ਕੰਬ ਗਏ। ਇਉਂ ਲੱਗਿਆ ਜਿਵੇਂ ਭੂਚਾਲ ਆ ਗਿਆ ਹੋਵੇ। ਇਲਾਕੇ ਦੇ ਇਕ ਹੋਰ ਵਸਨੀਕ ਸੁਖਜੀਵਨ ਧਾਲੀਵਾਲ ਮੁਤਾਬਕ ਜਦੋਂ ਉਹ ਮੌਕੇ ’ਤੇ ਪੁੱਜਾ ਤਾਂ ਅੱਗ ਦੇ ਭਾਂਬੜ ਉਠ ਰਹੇ ਸਨ।

ਚਾਰ ਘਰ ਸੜ ਕੇ ਸੁਆਹ, 6 ਜਣੇ ਹਸਪਤਾਲ ਦਾਖਲ

ਕੈਲਗਰੀ ਫਾਇਰ ਡਿਪਾਰਟਮੈਂਟ ਵੱਲੋਂ ਜਾਰੀ ਬਿਆਨ ਮੁਤਾਬਕ ਸ਼ਨਿੱਚਰਵਾਰ ਰਾਤ 11 ਵਜੇ ਧਮਾਕਾ ਹੋਣ ਅਤੇ ਘਰਾਂ ਨੂੰ ਅੱਗ ਲੱਗਣ ਦੀ ਇਤਲਾਹ ਮਿਲੀ ਜਿਸ ਮਗਰੋਂ ਫਾਇਰ ਫਾਈਟਰਜ਼ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਕਾਬੂ ਹੇਠ ਲਿਆਂਦੇ। ਛੇ ਜ਼ਖਮੀਆਂ ਵਿਚੋਂ ਚਾਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜਦਕਿ ਇਕ ਗੰਭੀਰ ਜ਼ਖਮੀ ਅਤੇ ਦੂਜਾ ਬੇਹੱਦ ਨਾਜ਼ੁਕ ਹਾਲਤ ਵਿਚ ਹੈ। ਫਾਇਰ ਫਾਈਟਰਜ਼ ਐਤਵਾਰ ਸਵੇਰੇ ਵੀ ਮੌਕੇ ’ਤੇ ਮੌਜੂਦ ਸਨ ਅਤੇ ਧਮਾਕੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਅਜਿਹੇ ਧਮਾਕੇ ਆਮ ਨਹੀਂ ਹੁੰਦੇ ਅਤੇ ਇਹ ਅੱਗ ਲੱਗਣ ਦਾ ਸਾਧਾਰਣ ਮਾਮਲਾ ਮਹਿਸੂਸ ਨਹੀਂ ਹੁੰਦਾ। ਲੌਸ ਅਮੈਰੀਕਾਜ਼ ਵਿਲਾਜ਼ ਦੇ ਆਲੇ ਦੁਆਲੇ ਰਹਿੰਦੇ ਲੋਕਾਂ ’ਤੇ ਚਿਹਰੇ ’ਤੇ ਘਬਰਾਹਟ ਸਾਫ਼ ਨਜ਼ਰ ਆ ਰਹੀ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਅਜਿਹਾ ਹਾਦਸਾ ਨਹੀਂ ਦੇਖਿਆ।

ਧਮਾਕੇ ਦੇ ਕਾਰਨਾਂ ਦੀ ਕੀਤੀ ਜਾ ਰਹੀ ਪੜਤਾਲ

ਗੁਆਂਢ ਵਿਚ ਰਹਿੰਦੀ ਲਾਇਲਾ ਬੌਇਡਨ ਅਤੇ ਉਸ ਦਾ ਪਰਵਾਰ ਧਮਾਕੇ ਮਗਰੋਂ ਪੂਰੀ ਰਾਤ ਸੌਂ ਨਾ ਸਕਿਆ। ਲਾਇਲਾ ਮੁਤਾਬਕ ਇਲਾਕੇ ਵਿਚ ਰਹਿੰਦਾ ਹਰ ਪਰਵਾਰ ਡਰਿਆ ਹੋਇਆ ਸੀ ਅਤੇ ਕਿਸੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਧਮਾਕੇ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਘਰਾਂ ਦੇ ਟੁੱਟੇ ਸ਼ੀਸ਼ੇ 100 ਫੁੱਟ ਦੂਰ ਤੱਕ ਖਿੱਲਰੇ ਪਏ ਸਨ। ਇਲਾਕੇ ਦੇ ਇਕ ਹੋਰ ਵਸਨੀਕ ਬਾਬਰ ਖਾਨ ਦਾ ਕਹਿਣਾ ਸੀ ਧਮਾਕੇ ਮਗਰੋਂ ਉਹ ਦੌੜ ਕੇ ਆਪਣੇ ਘਰੋਂ ਬਾਹਰ ਆਏ ਤਾਂ ਦੇਖਿਆ ਕਿ ਅਸਮਾਨ ਵੱਲ ਅੱਗ ਦੇ ਭਾਂਬੜ ਉਠ ਰਹੇ ਸਨ। ਕੁਝ ਹੀ ਮਿੰਟਾਂ ਵਿਚ ਅੱਗ ਆਲੇ ਦੁਆਲੇ ਦੇ ਘਰਾਂ ਵਿਚ ਫੈਲ ਗਈ। 

Tags:    

Similar News