ਬੇਵਿਸਾਹੀ ਮਤੇ ’ਤੇ ਵੋਟਿੰਗ ਪਹਿਲਾਂ ਹੀ ਆਇਆ ਕੈਨੇਡੀਅਨ ਸਿਆਸਤ ’ਚ ਭੂਚਾਲ
ਕੈਨੇਡੀਅਨ ਸੰਸਦ ਵਿਚ ਬੇਵਿਸਾਹੀ ਮਤੇ ’ਤੇ ਵੋਟਿੰਗ ਤੋਂ ਪਹਿਲਾਂ ਹੀ ਸਿਆਸੀ ਭੂਚਾਲ ਆ ਗਿਆ ਜਦੋਂ ਪ੍ਰਮੁੱਖ ਮੀਡੀਆ ਅਦਾਰੇ ਸੀ.ਟੀ.ਵੀ. ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਤਿਆਰ ਕੀਤੀ ਇਕ ਵੀਡੀਓ ਟੈਲੀਵਿਜ਼ਨ ’ਤੇ ਚਲਾ ਦਿਤੀ।
ਔਟਵਾ : ਕੈਨੇਡੀਅਨ ਸੰਸਦ ਵਿਚ ਬੇਵਿਸਾਹੀ ਮਤੇ ’ਤੇ ਵੋਟਿੰਗ ਤੋਂ ਪਹਿਲਾਂ ਹੀ ਸਿਆਸੀ ਭੂਚਾਲ ਆ ਗਿਆ ਜਦੋਂ ਪ੍ਰਮੁੱਖ ਮੀਡੀਆ ਅਦਾਰੇ ਸੀ.ਟੀ.ਵੀ. ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਤਿਆਰ ਕੀਤੀ ਇਕ ਵੀਡੀਓ ਟੈਲੀਵਿਜ਼ਨ ’ਤੇ ਚਲਾ ਦਿਤੀ। ਵੀਡੀਓ ਬੇਵਿਸਾਹੀ ਮਤੇ ਨਾਲ ਸਬੰਧਤ ਸੀ ਅਤੇ ਹਾਊਸ ਆਫ਼ ਕਾਮਨਜ਼ ਵਿਚ ਬੇਵਿਸਾਹੀ ਮਤੇ ’ਤੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਆਗੂ ਨੇ ਬੈਲ ਕੈਨੇਡਾ ਦੀ ਖਬਰ ਨੂੰ ਬੇਇਮਾਨੀ ਦੀ ਮਿਸਾਲ ਕਰਾਰ ਦਿਤਾ। ਪੌਇਲੀਐਵ ਨੇ ਅਸਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਇਸੇ ਕਰ ਕੇ ਅਸੀਂ ਕਾਰਬਨ ਟੈਕਸ ਇਲੈਕਸ਼ਨ ਵਾਸਤੇ ਮਤਾ ਹਾਊਸ ਆਫ਼ ਕਾਮਨਜ਼ ਵਿਚ ਲਿਆਂਦਾ ਹੈ ਪਰ ਸੀ.ਟੀ.ਵੀ. ਦੇ ਬਰੌਡਕਾਸਟ ਵਿਚ ਇਨ੍ਹਾਂ ਸ਼ਬਦਾਂ ਨੂੰ ਡੈਂਟਲ ਕੇਅਰ ਬਾਰੇ ਪੁੱਛੇ ਸਵਾਲ ਦੇ ਜਵਾਬ ਨਾਲ ਜੋੜ ਦਿਤਾ ਗਿਆ। ਪੌਇਲੀਐਵ ਨੂੰ ਪੁੱਛਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਬਣਨ ਮਗਰੋਂ ਉਹ ਡੈਂਟਲ ਕੇਅਰ ਦਾ ਕੀ ਕਰਨਗੇ।
ਸੀ.ਟੀ.ਵੀ. ਨੇ ਤੋੜ-ਮਰੋੜ ਕੇ ਚਲਾਈ ਕੰਜ਼ਰਵੇਟਿਵ ਆਗੂ ਕੀ ਵੀਡੀਓ
ਸੀ.ਟੀ.ਵੀ. ਨੇ ਵੀਡੀਓ ਦੇ ਮੁੱਦੇ ’ਤੇ ਮੁਆਫੀ ਮੰਗ ਲਈ ਹੈ ਪਰ ਪੌਇਲੀਐਵ ਦੇ ਬੁਲਾਰੇ ਨੇ ਮੁਆਫੀ ਨੂੰ ਰੱਦ ਕਰ ਦਿਤਾ। ਦੱਸ ਦੇਈਏ ਕਿ ਪਿਅਰੇ ਪੌਇਲੀਐਵ ਇਸ ਤੋਂ ਪਹਿਲਾਂ ਸੀ.ਬੀ.ਸੀ. ਅਤੇ ਕੈਨੇਡੀਅਨ ਪ੍ਰੈਸ ’ਤੇ ਲਿਬਰਲ ਪਾਰਟੀ ਦੇ ਪੱਖ ਵਿਚ ਰਿਪੋਰਟਿੰਗ ਕਰਨ ਦੇ ਦੋਸ਼ ਲਾ ਚੁੱਕੇ ਹਨ। ਪੌਇਲੀਐਵ ਨੇ ਸੀ.ਟੀ.ਵੀ. ਦੇ ਮੁੱਖ ਕਾਰਜਕਾਰੀ ਅਫਸਰ ਮਰਕੋ ਬਿਬਕ ਨੂੰ ਵੀ ਕਰੜੇ ਹੱਥੀਂ ਲਿਆ ਜੋ ਇਲੈਕਸ਼ਨਜ਼ ਕੈਨੇਡਾ ਦੇ ਰਿਕਾਰਡ ਮੁਤਾਬਕ ਅਤੀਤ ਵਿਚ ਕੰਜ਼ਰਵੇਟਿਵ ਪਾਰਟੀ ਨੂੰ ਚੰਦਾ ਦਿੰਦੇ ਆਏ ਹਨ ਪਰ 2004 ਵਿਚ ਔਟਵਾ ਤੋਂ ਲਿਬਰਲ ਉਮੀਦਵਾਰ ਨੂੰ ਵੀ ਚੰਦਾ ਦਿਤਾ ਸੀ। 2022 ਵਿਚ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵੇਲੇ ਮਰਕੋ ਬਿਬਕ ਨੇ ਪੌਇਲੀਐਵ ਦੇ ਮੁੱਖ ਵਿਰੋਧੀ ਜੀਨ ਚਾਰੈਸਟ ਦੀ ਆਰਥਿਕ ਮਦਦ ਕੀਤੀ। ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੁੱਦੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਹੁਦਿਆਂ ’ਤੇ ਬੈਠੇ ਜਾਂ ਅਹੁਦਿਆਂ ’ਤੇ ਬੈਠਣ ਦੀ ਉਮੀਦ ਕਰ ਰਹੇ ਲੋਕਾਂ ਨੂੰ ਚੁਣੌਤੀ ਦੇਣਾ ਪੱਤਰਕਾਰਾਂ ਦਾ ਕੰਮ ਹੈ। ਮੀਡੀਆ ਦੀ ਆਜ਼ਾਦੀ ਕਾਇਮ ਰੱਖਣਾ ਬੇਹੱਦ ਲਾਜ਼ਮੀ ਹੈ ਅਤੇ ਜਿਹੜੇ ਸਿਆਸਤਦਾਨ ਪੇਸ਼ੇਵਰ ਪੱਤਰਕਾਰਾਂ ਦੀ ਸਖ਼ਤ ਮਿਹਨਤ ’ਤੇ ਸਵਾਲ ਉਠਾਉਂਦੇ ਰਹਿੰਦੇ ਹਨ, ਉਹ ਕਦੇ ਵੀ ਲੋਕਤੰਤਰ ਜਾਂ ਮੀਡੀਆ ਦੀ ਆਜ਼ਾਦੀ ਵਾਸਤੇ ਖੜ੍ਹੇ ਨਹੀਂ ਹੋ ਸਕਦੇ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿਚ ਸ਼ਾਮਲ ਹੋਣ ਮਗਰੋਂ ਟਰੂਡੋ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ ਲੋਕਤੰਤਰੀ ਕਦਰਾਂ ਕੀਮਤਾਂ ਵਾਸਤੇ ਖਤਰਾ ਪੈਦਾ ਹੋ ਰਿਹਾ ਹੈ।