ਸਰੀ ਦੇ ਜਸਵਿੰਦਰ ਸਿੰਘ ਵਿਰੁੱਧ ਲੱਗੇ ਚੋਰੀ ਦਾ ਮਾਲ ਖਰੀਦਣ ਦੇ ਦੋਸ਼

ਗੱਡੀਆਂ ਦੇ ਕੈਟਾਲਿਟਿਕ ਕਨਵਰਟਰ ਚੋਰੀ ਕਰਨ ਦੇ ਮਾਮਲੇ ਵਿਚ ਸਰੀ ਦੇ 50 ਸਾਲਾ ਜਸਵਿੰਦਰ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਬਰਨਬੀ ਆਰ.ਸੀ.ਐਮ.ਪੀ. ਦੇ ਵਿਸ਼ੇਸ਼ ਦਸਤੇ ਵੱਲੋਂ ਲੰਮੀ ਪੜਤਾਲ ਮਗਰੋਂ ਕੀਤੀ ਗਈ ਕਾਰਵਾਈ ਦੌਰਾਨ 439 ਕਨਵਰਟਰ ਬਰਾਮਦ ਕੀਤੇ ਗਏ

Update: 2024-06-27 11:45 GMT

ਸਰੀ : ਗੱਡੀਆਂ ਦੇ ਕੈਟਾਲਿਟਿਕ ਕਨਵਰਟਰ ਚੋਰੀ ਕਰਨ ਦੇ ਮਾਮਲੇ ਵਿਚ ਸਰੀ ਦੇ 50 ਸਾਲਾ ਜਸਵਿੰਦਰ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਬਰਨਬੀ ਆਰ.ਸੀ.ਐਮ.ਪੀ. ਦੇ ਵਿਸ਼ੇਸ਼ ਦਸਤੇ ਵੱਲੋਂ ਲੰਮੀ ਪੜਤਾਲ ਮਗਰੋਂ ਕੀਤੀ ਗਈ ਕਾਰਵਾਈ ਦੌਰਾਨ 439 ਕਨਵਰਟਰ ਬਰਾਮਦ ਕੀਤੇ ਗਏ ਜਿਨ੍ਹਾਂ ਵਿਚੋਂ ਜ਼ਿਆਦਾਤਰ ਚੋਰੀਸ਼ੁਦਾ ਨਿਕਲੇ ਅਤੇ ਇਨ੍ਹਾਂ ਨੂੰ ਅਮਰੀਕਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਕੈਨੇਡਾ ਵਿਚ ਕਾਰ ਚੋਰੀ ਦੀਆਂ ਵਾਰਦਾਤਾਂ ਵਾਂਗ ਕੈਟਾਲਿਟਿਕ ਕਨਵਰਟਰ ਚੋਰੀ ਹੋਣ ਦੀ ਸਮੱਸਿਆ ਵੀ ਲਗਾਤਾਰ ਵਧ ਰਹੀ ਹੈ ਅਤੇ ਬੀ.ਸੀ. ਵਿਚ ਅਜਿਹੀਆਂ ਘਟਨਾਵਾਂ ਕੁਝ ਜ਼ਿਆਦਾ ਹੀ ਸਾਹਮਣੇ ਆਉਂਦੀਆਂ ਹਨ। ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਦੇ ਅੰਕੜਿਆਂ ਮੁਤਾਬਕ 2023 ਦੇ ਪਹਿਲੇ ਸੱਤ ਮਹੀਨੇ ਦੌਰਾਨ ਕਨਵਰਟਰ ਚੋਰੀ ਨਾਲ ਸਬੰਧਤ ਤਕਰੀਬਨ 82 ਲੱਖ ਡਾਲਰ ਦੇ ਬੀਮਾ ਦਾਅਵੇ ਲੋਕਾਂ ਵੱਲੋਂ ਕੀਤੇ ਗਏ। ਇਕੱਲੇ ਬਰਨਬੀ ਸ਼ਹਿਰ ਵਿਚ ਸਾਲ 2022 ਦੌਰਾਨ 725 ਕੈਟਾਲਿਟਿਕ ਕਨਵਰਟਰ ਚੋਰੀ ਹੋਏ।

ਆਰ.ਸੀ.ਐਮ.ਪੀ. ਨੇ 439 ਕੈਟਾਲਿਟਿਕ ਕਨਵਰਟਰ ਕੀਤੇ ਬਰਾਮਦ

ਸ਼ਹਿਰ ਵਿਚ ਕੈਟਾਲਿਟਿਕ ਕਨਵਰਟਰ ਚੋਰੀ ਹੋਣ ਦੀਆਂ ਵਾਰਦਾਤਾਂ ਵਿਚ ਤੇਜ਼ ਵਾਧੇ ਨੂੰ ਵੇਖਦਿਆਂ ਆਰ.ਸੀ.ਐਮ.ਪੀ. ਵੱਲੋਂ ਪੜਤਾਲ ਆਰੰਭੀ ਗਈ ਅਤੇ ਇਕ ਸ਼ਖਸ ਬਾਰੇ ਪਤਾ ਲੱਗਾ ਜੋ ਚੋਰੀ ਕੀਤੇ ਕੈਟਾਲਿਟਿਕ ਕਨਵਰਟਰ ਖਰੀਦਣ ਦਾ ਕੰਮ ਕਰਦਾ ਸੀ। ਮੈਟਲ ਰੀਸਾਈਕÇਲੰਗ ਦਾ ਕਾਰੋਬਾਰ ਕਰ ਰਹੇ ਸ਼ੱਕੀ ਕੋਲ ਕਾਨੂੰਨੀ ਤਰੀਕੇ ਨਾਲ ਕੈਟਾਲਿਟਿਕ ਕਨਵਰਟਰ ਅਮਰੀਕਾ ਭੇਜਣ ਦਾ ਅਧਿਕਾਰ ਹੋਣ ਕਾਰਨ, ਉਹ ਕਥਿਤ ਤੌਰ ’ਤੇ ਚੋਰੀ ਹੋਏ ਕਨਵਰਟਰ ਖਰੀਦ ਕੇ ਅਮਰੀਕਾ ਭੇਜਣ ਲੱਗਾ। ਬਰਨਬੀ ਆਰ.ਸੀ.ਐਮ.ਪੀ. ਵੱਲੋਂ ਸ਼ੱਕੀ ਨਾਲ ਸਬੰਧਤ ਚਾਰ ਟਿਕਾਣਿਆਂ ’ਤੇ ਛਾਪੇ ਮਾਰਦਿਆਂ 439 ਕੈਟਾਲਿਟਿਕ ਕਨਵਰਟਰ ਬਰਾਮਦ ਕੀਤੇ ਗਏ ਜਿਨ੍ਹਾਂ ਵਿਚੋਂ 392 ਅਮਰੀਕਾ ਭੇਜਣ ਲਈ ਪੈਕ ਕੀਤੇ ਜਾ ਚੁੱਕੇ ਸਨ। ਪੁਲਿਸ ਕਾਰਵਾਈ ਮਗਰੋਂ ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਜਸਵਿੰਦਰ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦਾ ਯਤਨ ਕਰਨ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਨੂੰ ਵਿਦੇਸ਼ ਭੇਜਣ ਦਾ ਯਤਨ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਬਰਨਬੀ ਆਰ.ਸੀ.ਐਮ.ਪੀ. ਦੇ ਵਿਸ਼ੇਸ਼ ਦਸਤੇ ਦੇ ਸਾਰਜੈਂਟ ਜੈਮੀ ਬੈਲਵਿਲ ਕਿਹਾ ਕਿ ਚੋਰੀ ਕੀਤੇ ਕੈਟਾਲਿਟਿਕ ਕਨਵਰਟਰ ਖਰੀਦਣ ਵਿਚ ਸ਼ੱਕੀ ਦੀ ਕਥਿਤ ਸ਼ਮੂਲੀਅਤ ਦੇ ਸਿੱਟੇ ਵਜੋਂ ਹੀ ਵੱਡੀ ਗਿਣਤੀ ਵਿਚ ਕਨਵਰਟਰ ਜ਼ਬਤ ਕੀਤੇ ਗਏ। ਲੰਮੀ ਅਤੇ ਗੁੰਝਲਦਾਰ ਪੜਤਾਲ ਨੂੰ ਸਿਰੇ ਚੜ੍ਹਾਉਣ ਲਈ ਆਧੁਨਿਕ ਤਕਨੀਕ ਵਰਤੀ ਗਈ ਅਤੇ ਅੰਡਰਕਵਰ ਅਪ੍ਰੇਸ਼ਨ ਵੀ ਚਲਾਇਆ ਗਿਆ। ਇਥੇ ਦਸਣਾ ਬਣਦਾ ਹੈ ਕਿ ਬੀਤੇ ਦਿਨੀਂ ਕੈਲੇਡਨ ਵਿਖੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਨਸ਼ਾ ਕਰ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਛੇੜੀ ਮੁਹਿੰਮ ਦੌਰਾਨ ਇਕ ਗੱਡੀ ਨੂੰ ਰੋਕਿਆ ਤਾਂ ਇਸ ਵਿਚ ਸਵਾਰ ਤਿੰਨ ਜਣਿਆਂ ਕੋਲੋਂ ਪਸਤੌਲ ਬਰਾਮਦ ਕੀਤੀ ਗਈ। ਤਿੰਨ ਜਣਿਆਂ ਦੀ ਸ਼ਨਾਖਤ ਬਰੈਂਪਟਨ ਦੇ ਅਕਾਸ਼ਦੀਪ ਸਿੰਘ, ਮਮਿੰਦਰ ਸਿੰਘ ਅਤੇ ਕੈਲੇਡਨ ਦੇ ਨਵਸਾਗਰ ਸਿੰਘ ਵਜੋਂ ਕੀਤੀ ਗਈ ਹੈ ਜਿਨ੍ਹਾਂ ਵਿਰੁੱਧ ਲਾਪ੍ਰਵਾਹੀ ਨਾਲ ਹਥਿਆਰ ਰੱਖਣ ਅਤੇ ਅਣਅਧਿਕਾਰਤ ਤੌਰ ’ਤੇ ਹਥਿਆਰ ਰੱਖਣ ਦੇ ਦੋਸ਼ ਲਾਏ ਗਏ। ਤਿੰਨਾਂ ਕੋਲੋਂ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਗਿਆ।

Tags:    

Similar News