ਕੈਨੇਡਾ ਵਿਚ ਹਵਾਈ ਕਿਰਾਏ ਵਧਣ ਦੇ ਆਸਾਰ
ਕੈਲਗਰੀ ਵਿਖੇ ਸੋਮਵਾਰ ਨੂੰ ਹੋਈ ਗੜੇਮਾਰੀ ਹਵਾਈ ਕਿਰਾਇਆਂ ਵਿਚ ਵਾਧੇ ਦਾ ਕਾਰਨ ਬਣ ਸਕਦੀ ਹੈ। ਜੀ ਹਾਂ, ਗੜੇਮਾਰੀ ਦੌਰਾਨ ਵੈਸਟ ਜੈਟ ਅਤੇ ਫਲੇਅਰ ਏਅਰਲਾਈਨਜ਼ ਦੇ ਜਹਾਜ਼ ਨੁਕਸਾਨੇ ਗਏ ਅਤੇ ਸੈਂਕੜੇ ਫਲਾਈਟਸ ਰੱਦ ਹੋਣ ਕਾਰਨ ਹਜ਼ਾਰਾਂ ਮੁਸਾਫਰਾਂ ਨੂੰ ਖੱਜਲ ਖੁਆਰ ਹੋ ਗਿਆ;
ਕੈਲਗਰੀ : ਕੈਲਗਰੀ ਵਿਖੇ ਸੋਮਵਾਰ ਨੂੰ ਹੋਈ ਗੜੇਮਾਰੀ ਹਵਾਈ ਕਿਰਾਇਆਂ ਵਿਚ ਵਾਧੇ ਦਾ ਕਾਰਨ ਬਣ ਸਕਦੀ ਹੈ। ਜੀ ਹਾਂ, ਗੜੇਮਾਰੀ ਦੌਰਾਨ ਵੈਸਟ ਜੈਟ ਅਤੇ ਫਲੇਅਰ ਏਅਰਲਾਈਨਜ਼ ਦੇ ਜਹਾਜ਼ ਨੁਕਸਾਨੇ ਗਏ ਅਤੇ ਸੈਂਕੜੇ ਫਲਾਈਟਸ ਰੱਦ ਹੋਣ ਕਾਰਨ ਹਜ਼ਾਰਾਂ ਮੁਸਾਫਰਾਂ ਨੂੰ ਖੱਜਲ ਖੁਆਰ ਹੋ ਗਿਆ। ਏਅਰਲਾਈਨਜ਼ ਵੱਲੋਂ ਆਪਣੇ ਨੁਕਸਾਨ ਦੀ ਭਰਪਾਈ ਵਾਸਤੇ ਹਵਾਈ ਕਿਰਾਇਆਂ ਵਿਚ ਵਾਧੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਵੈਸਟਜੈਟ ਅਤੇ ਫਲੇਅਰ ਏਅਰਲਾਈਨਜ਼ ਦੇ ਕੁਲ ਹਵਾਈ ਜਹਾਜ਼ਾਂ ਵਿਚੋਂ 10 ਫੀ ਸਦੀ ਨੂੰ ਸੇਵਾਵਾਂ ਵਿਚੋਂ ਬਾਹਰ ਕਰ ਦਿਤਾ ਗਿਆ ਹੈ ਜਿਨ੍ਹਾਂ ਦੀ ਮੁਰੰਮਤ ਚੱਲ ਰਹੀ ਹੈ ਜਾਂ ਸੰਭਾਵਤ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਵੈਸਟਜੈਟ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੋਮਵਾਰ ਤੋਂ ਬੁੱਧਵਾਰ ਤੱਕ 248 ਫਲਾਈਟਸ ਰੱਦ ਹੋਈਆਂ ਅਤੇ ਕਈਆਂ ਦੇ ਰੂਟਾਂ ਵਿਚ ਵੀ ਤਬਦੀਲੀ ਕੀਤੀ ਗਈ।
ਗੜੇਮਾਰੀ ਕਾਰਨ ਕੈਲਗਰੀ ਵਿਖੇ ਨੁਕਸਾਨੇ ਗਏ ਕਈ ਏਅਰਲਾਈਨਜ਼ ਦੇ ਜਹਾਜ਼
ਇਸ ਤੋਂ ਇਲਾਵਾ ਵੀਰਵਾਰ ਅਤੇ ਸ਼ੁੱਕਰਵਾਰ ਨੂੰ 106 ਫਲਾਈਟਸ ਹੋਰ ਰੱਦ ਹੋਈਆਂ ਜਦਕਿ ਫਲੇਅਰ ਏਅਰਲਾਈਨਜ਼ ਨੂੰ ਵੀ ਆਪਣੀਆਂ ਫਲਾਈਟਸ ਦੀ ਗਿਣਤੀ ਸੀਮਤ ਕਰਨੀ ਪਈ। ਹਵਾਈ ਮੁਸਾਫਰਾਂ ਦੀ ਮੰਗ ਵਿਚ ਕੋਈ ਕਮੀ ਨਹੀਂ ਆਈ ਅਤੇ ਹੋਰਨਾਂ ਏਅਰਲਾਈਨਜ਼ ਵੱਲੋਂ ਹੌਲੀ ਹੌਲੀ ਕਿਰਾਏ ਉਪਰ ਵੱਲ ਲਿਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਆਫ਼ ਮੈਨੀਟੋਬਾ ਦੇ ਟ੍ਰਾਂਸਪੋਰਟ ਇੰਸਟੀਚਿਊਟ ਦੇ ਮੁਖੀ ਬੈਰੀ ਪ੍ਰੈਂਟਿਸ ਦਾ ਕਹਿਣਾ ਸੀ ਕਿ ਇਕਦਮ ਫਲਾਈਟਸ ਦੀ ਗਿਣਤੀ ਘਟਣ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਟਿਕਟਾਂ ਦੇ ਭਾਅ ਉਪਰ ਵੱਲ ਜਾ ਸਕਦੇ ਹਨ। ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਦੇ 10 ਫੀ ਸਦੀ ਜਹਾਜ਼ ਸੇਵਾ ਵਿਚ ਨਾ ਹੋਣ ਦਾ ਅਸਰ ਲਾਜ਼ਮੀ ਤੌਰ ’ਤੇ ਪਵੇਗਾ। ਇਸ ਤੋਂ ਇਲਾਵ ਖਰਾਬ ਮੌਸਮ ਕਾਰਨ ਵਧਣ ਵਾਲੇ ਖਰਚੇ ਨੂੰ ਵੇਖਦਿਆਂ ਏਅਰਲਾਈਨਜ਼ ਸਾਰਾ ਬੋਝ ਆਪਣੇ ਉਪਰ ਨਹੀਂ ਲੈਣਗੀਆਂ ਅਤੇ ਮੁਸਾਫਰਾਂ ਨੂੰ ਵੀ ਜੇਬ ਢਿੱਲੀ ਕਰਨੀ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਵੈਸਟਜੈਟ ਆਪਣੇ 22 ਜਹਾਜ਼ਾਂ ਵਿਚੋਂ ਸਿਰਫ 4 ਨੂੰ ਹੈਂਗਰ ਵਿਚ ਲਿਜਾ ਸਕੀ ਜਦਕਿ 16 ਜਹਾਜ਼ਾਂ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਗੜੇਮਾਰੀ ਦੇ ਮੱਦੇਨਜ਼ਰ 9 ਜਹਾਜ਼ਾਂ ਦਾ ਰਾਹ ਬਦਲਣਾ ਪਿਆ। ਉਧਰ ਫਲੇਅਰ ਏਅਰਲਾਈਨਜ਼ ਦੇ ਮੁੱਖ ਕਾਰਜਕਾਰੀ ਅਫਸਰ ਨੇ ਦੱਸਿਆ ਕਿ ਉਨ੍ਹਾਂ ਦੇ 20 ਜਹਾਜ਼ ਸੇਵਾ ਤੋਂ ਬਾਹਰ ਹਨ ਅਤੇ ਮੁੜ ਸੇਵਾ ਵਿਚ ਆਉਣ ਵਾਸਤੇ ਕੁਝ ਹਫਤੇ ਦਾ ਸਮਾਂ ਲੱਗੇਗਾ। ਦੱਸ ਦੇਈਏ ਕਿ ਗੌਲਫ ਬਾਲ ਦੇ ਆਕਾਰ ਵਾਲੇ ਗੜੇ ਵੱਜਣ ਕਾਰਨ ਕਈ ਜਹਾਜ਼ਾਂ ਵਿਚ ਚਿੱਬ ਪੈ ਗਏ।