ਏਅਰ ਕੈਨੇਡਾ ਦੀਆਂ ਫਲਾਈਟਸ ਮੁੜ ਠੱਪ ਹੋਣ ਦਾ ਖਦਸ਼ਾ

ਏਅਰ ਕੈਨੇਡਾ ਦੀਆਂ ਫਲਾਈਟਸ ਮੁੜ ਠੱਪ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ

Update: 2025-08-23 11:44 GMT

ਟੋਰਾਂਟੋ : ਏਅਰ ਕੈਨੇਡਾ ਦੀਆਂ ਫਲਾਈਟਸ ਮੁੜ ਠੱਪ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਜੀ ਹਾਂ, ਵੱਡੀ ਗਿਣਤੀ ਵਿਚ ਫਲਾਈਟ ਅਟੈਂਡੈਂਟਸ ਤਨਖਾਹਾਂ ਵਿਚ ਵਾਧੇ ਤੋਂ ਸੰਤੁਸ਼ਟ ਨਹੀਂ ਅਤੇ ਉਨ੍ਹਾਂ ਵੱਲੋਂ ਸਮਝੌਤੇ ਵਿਰੁੱਧ ਵੋਟਿੰਗ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਏਅਰ ਕੈਨੇਡਾ ਦੇ ਮੁਲਾਜ਼ਮਾਂ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਨਵੇਂ ਸਮਝੌਤੇ ਵਿਚ ਫਲਾਈਟ ਦੀ ਉਡੀਕ ਕਰਦਿਆਂ ਖਰਚ ਹੋਣ ਵਾਲੇ ਸਮੇਂ ਵਾਸਤੇ ਅਦਾਇਗੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਇਹ ਸਮਝੌਤਾ ਐਂਟਰੀ ਲੈਵਲ ਵਰਕਰਾਂ ਨੂੰ ਗੁਜ਼ਾਰਾ ਕਰਨ ਜੋਗੀ ਤਨਖਾਹ ਵੀ ਮੁਹੱਈਆ ਨਹੀਂ ਕਰਵਾਉਂਦਾ। ਮਹਿਲਾ ਮੁਲਾਜ਼ਮਾਂ ਨੂੰ ਜਦੋਂ ਨਵੇਂ ਸਮਝੌਤਾ ਬਾਰੇ ਵਿਸਤਾਰਤ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਖੁਦ ਨੂੰ ਠੱਗਿਆ ਮਹਿਸੂਸ ਕੀਤਾ ਅਤੇ ਜ਼ਾਰੋ-ਜ਼ਾਰ ਰੋਣ ਲੱਗੀਆਂ।

ਤਨਖਾਹਾਂ ਵਿਚ ਮਾਮੂਲੀ ਵਾਧੇ ਤੋਂ ਮੁਲਾਜ਼ਾਂ ਦਾ ਗੁੱਸਾ ਭੜਕਿਆ

ਸੋਸ਼ਲ ਮੀਡੀਆ ਰਾਹੀਂ ਫਲਾਈਟ ਅਟੈਂਡੈਂਟਸ ਦੇ ਵਿਚਾਰਾਂ ਨੂੰ ਵੱਡੇ ਪੱਧਰ ’ਤੇ ਹਮਾਇਤ ਮਿਲ ਰਹੀ ਹੈ ਅਤੇ ਹਮਾਇਤ ਕਰਨ ਵਾਲੇ ਖੁਦ ਨੂੰ ਫਲਾਈਟ ਅਟੈਂਡੈਂਟ ਦੱਸ ਰਹੇ ਹਨ। ਦੂਜੇ ਪਾਸੇ ਕੈਨੇਡਾ ਸਰਕਾਰ ਵੱਲੋਂ ਹੜਤਾਲ ਖਤਮ ਕਰਵਾਉਣ ਲਈ ਦਿਤੇ ਦਖਲ ਤੋਂ ਵੀ ਫਲਾਈਟ ਅਟੈਂਡੈਂਟਸ ਖੁਸ਼ ਨਹੀਂ। ਇਥੇ ਦਸਣਾ ਬਣਦਾ ਹੈ ਕਿ ਚਾਰ ਦਿਨ ਦੀ ਹੜਤਾਲ ਦੌਰਾਨ 5 ਲੱਖ ਤੋਂ ਵੱਧ ਹਵਾਈ ਮੁਸਾਫ਼ਰ ਪ੍ਰਭਾਵਤ ਹੋਏ ਅਤੇ ਇਨ੍ਹਾਂ ਵਿਚੋਂ ਹਜ਼ਾਰਾਂ ਵਿਦੇਸ਼ੀ ਧਰਤੀ ’ਤੇ ਫਸੇ ਹੋਏ ਸਨ। ਮੁਲਾਜ਼ਮ ਯੂਨੀਅਨ ਵੱਲੋਂ ਏਅਰ ਕੈਨੇਡਾ ਨਾਲ ਸਮਝੌਤੇ ਨੂੰ ਵੱਡੀ ਜਿੱਤ ਕਰਾਰ ਦਿਤਾ ਗਿਆ ਪਰ ਇਸ ਵਿਚਲੀਆਂ ਕਮੀਆਂ ਹੁਣ ਉਭਰ ਕੇ ਸਾਹਮਣੇ ਆ ਰਹੀਆਂ ਹਨ। ਸਮਝੌਤੇ ਵਿਚਲੀਆਂ ਸ਼ਰਤਾਂ ਤੋਂ ਦੁਖੀ ਏਅਰ ਕੈਨੇਡਾ ਦੇ ਮੁਲਾਜ਼ਮਾਂ ਵੱਲੋਂ ਟਾਊਨ ਹਾਲ ਵਰਗੀਆਂ ਮੀਟਿੰਗਜ਼ ਕੀਤੇ ਜਾਣ ਦੀ ਰਿਪੋਰਟ ਹੈ ਅਤੇ ਜਲਦ ਕੋਈ ਵੱਡਾ ਫੈਸਲਾ ਸਾਹਮਣੇ ਆ ਸਕਦਾ ਹੈ।

ਹੰਝੂਆਂ ਵਿਚ ਤਬਦੀਲ ਹੋਈ ਜਿੱਤ ਦੇ ਜਸ਼ਨ

ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਦੀ ਏਅਰ ਕੈਨੇਡਾ ਇਕਾਈ ਦੇ ਪ੍ਰਧਾਨ ਵੈਸਲੀ ਲੈਸੌਸਕੀ ਦਾ ਕਹਿਣਾ ਸੀ ਕਿ ਉਹ ਫਲਾਈਟ ਅਟੈਂਡੈਂਟਸ ਦੇ ਗੁੱਸੇ ਨੂੰ ਸਮਝਦੇ ਹਨ ਪਰ ਜਦੋਂ ਫੈਡਰਲ ਸਰਕਾਰ ਨੇ ਸਾਫ਼ ਲਫਜ਼ਾਂ ਵਿਚ ਆਖ ਦਿਤਾ ਕਿ ਜਲਦ ਤੋਂ ਜਲਦ ਸਮਝੌਤਾ ਨੇਪਰੇ ਚਾੜ੍ਹਿਆ ਜਾਵੇ ਤਾਂ ਯੂਨੀਅਨ ਕੋਲ ਲੰਮੀ ਬਹਿਸ ਕਰਨ ਦਾ ਸਮਾਂ ਬਾਕੀ ਨਹੀਂ ਸੀ ਰਹਿ ਗਿਆ। ਫਲਾਈਟ ਅਟੈਂਡੈਂਟਸ, ਸਮਝੌਤੇ ਨੂੰ ਰੱਦ ਕਰਦੇ ਹਨ ਤਾਂ ਇਸ ਦੇ ਤਨਖਾਹਾਂ ਵਾਲੇ ਹਿੱਸੇ ਨੂੰ ਵਿਚੋਲਗੀ ਰਾਹੀਂ ਸੁਲਝਾਇਆ ਜਾ ਸਕਦਾ ਹੈ। ਲੈਸੌਸਕੀ ਨੇ ਦਾਅਵਾ ਕੀਤਾ ਕਿ ਯੂਨੀਅਨ ਵੱਲੋਂ ਹਰ ਮੰਗ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਗਿਆ ਅਤੇ ਮੁਲਾਜ਼ਮ ਵੀ ਰੋਸ ਵਿਖਾਵਿਆਂ ਦੌਰਾਨ ਡਟੇ ਰਹੇ। ਇਹ ਕਿਸੇ ਵੱਡੀ ਸਫ਼ਲਤਾ ਤੋਂ ਘੱਟ ਨਹੀਂ। ਦੱਸ ਦੇਈਏ ਕਿ ਫਲਾਈਟ ਅਟੈਂਡੈਂਟਸ ਵੱਲੋਂ ਨਵੇਂ ਸਮਝੌਤੇ ਬਾਰੇ ਵੋਟਿੰਗ ਦਾ ਸਿਲਸਿਲਾ 27 ਅਗਸਤ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜੋ 6 ਸਤੰਬਰ ਤੱਕ ਜਾਰੀ ਰਹੇਗਾ। ਕੋਈ ਨਹੀਂ ਸੀ ਜਾਣਦਾ ਕਿ ਸਮਝੌਤਾ ਸਿਰੇ ਚੜ੍ਹਨ ਦੀ ਖੁਸ਼ੀ ਵਿਚ ਮਨਾਏ ਜਾ ਰਹੇ ਜਸ਼ਨ ਜਲਦ ਹੀ ਹੰਝੂਆਂ ਵਿਚ ਤਬਦੀਲ ਹੋ ਜਾਣਗੇ। ਸਮਝੌਤੇ ਮੁਤਾਬਕ ਆਉਂਦੇ ਚਾਰ ਸਾਲ ਦੌਰਾਨ ਨਵੇਂ ਭਰਤੀ ਹੋਏ ਮੁਲਾਜ਼ਮਾਂ ਦੀਆਂ ਉਜਰਤ ਦਰਾਂ ਵਿਚ 20 ਫ਼ੀ ਸਦੀ ਤੱਕ ਵਾਧਾ ਹੋਵੇਗਾ ਜਦਕਿ ਤਜਰਬੇਕਾਰ ਫਲਾਈਟ ਅਟੈਂਡੈਂਟਸ ਨੂੰ 16 ਫ਼ੀ ਸਦੀ ਵਾਧਾ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਛੋਟੇ ਜਹਾਜ਼ਾਂ ਦੇ ਕਰੂ ਮੈਂਬਰਜ਼ ਨੂੰ ਫਲਾਈਟ ਰਵਾਨਾ ਹੋਣ ਤੋਂ ਪਹਿਲਾਂ ਖਰਚ ਹੋਣ ਵਾਲੇ ਸਮੇਂ ਵਿਚੋਂ ਇਕ ਘੰਟੇ ਦਾ ਮਿਹਨਤਾਨਾ ਮਿਲੇਗਾ ਜਦਕਿ ਵੱਡੇ ਜਹਾਜ਼ਾਂ ਦੇ ਮਾਮਲੇ ਵਿਚ 70 ਮਿੰਟ ਦੀ ਤਨਖਾਹ ਮਿਲੇਗੀ। ਦੂਜੇ ਪਾਸੇ ਏਅਰ ਕੈਨੇਡਾ ਵੱਲੋਂ ਫਲਾਈਟ ਅਟੈਂਡੈਂਟਸ ਦੀ ਨਾਰਾਜ਼ਗੀ ਬਰਕਰਾਰ ਹੋਣ ਦੇ ਮੁੱਦੇ ’ਤੇ ਫ਼ਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ।

Tags:    

Similar News