ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਹੋਣ ਲੱਗੇ ਲਾਮਬੰਦ

ਏਅਰ ਕੈਨੇਡਾ ਦੇ 10 ਹਜ਼ਾਰ ਤੋਂ ਵੱਧ ਫਲਾਈਟ ਅਟੈਂਡੈਂਟਸ ਸੰਭਾਵਤ ਹੜਤਾਲ ਤੋਂ ਪਹਿਲਾਂ ਟੋਰਾਂਟੋ, ਵੈਨਕੂਵਰ, ਕੈਲਗਰੀ ਅਤੇ ਮੌਂਟਰੀਅਲ ਹਵਾਈ ਅੱਡਿਆਂ ’ਤੇ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ।

Update: 2025-08-11 13:12 GMT

ਟੋਰਾਂਟੋ : ਏਅਰ ਕੈਨੇਡਾ ਦੇ 10 ਹਜ਼ਾਰ ਤੋਂ ਵੱਧ ਫਲਾਈਟ ਅਟੈਂਡੈਂਟਸ ਸੰਭਾਵਤ ਹੜਤਾਲ ਤੋਂ ਪਹਿਲਾਂ ਟੋਰਾਂਟੋ, ਵੈਨਕੂਵਰ, ਕੈਲਗਰੀ ਅਤੇ ਮੌਂਟਰੀਅਲ ਹਵਾਈ ਅੱਡਿਆਂ ’ਤੇ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ। ਏਅਰ ਕੈਨੇਡਾ ਵੱਲੋਂ ਹੜਤਾਲ ਟਾਲਣ ਲਈ ਤਨਖਾਹਾਂ ਵਿਚ 32.5 ਫ਼ੀ ਸਦੀ ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਮੁਲਾਜ਼ਮ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਅੱਗੇ ਅਜਿਹੀ ਕੋਈ ਪੇਸ਼ਕਸ਼ ਨਹੀਂ ਆਈ। ਮੁਲਾਜ਼ਮ ਯੂਨੀਅਨ ਦੀ ਆਗੂ ਸ਼ੈਨਿਨ ਇਲੀਅਟ ਨੇ ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਕੰਮਲ ਵਰਦੀ ਵਿਚ ਫਲਾਈਟ ਅਟੈਂਡੈਂਟਸ ਨੂੰ ਹਵਾਈ ਅੱਡਿਆਂ ’ਤੇ ਦੇਖਿਆ ਜਾ ਸਕਦਾ ਹੈ ਜੋ ਆਪਣੀਆਂ ਮੰਗਾਂ ਮਨਵਾਉਣਾ ਚਾਹੁੰਦੇ ਹਨ।

ਟੋਰਾਂਟੋ ਅਤੇ ਵੈਨਕੂਵਰ ਹਵਾਈ ਅੱਡਿਆਂ ’ਤੇ ਸਰਗਰਮੀਆਂ ਵਧੀਆਂ

ਇਸ ਹਫ਼ਤੇ ਯੂਨੀਅਨ ਆਗੂਆਂ ਅਤੇ ਏਅਰ ਕੈਨੇਡਾ ਦੀ ਮੈਨੇਜਮੈਂਟ ਦਰਮਿਆਨ ਗੱਲਬਾਤ ਹੋਣੀ ਹੈ ਅਤੇ ਦੋਹਾਂ ਧਿਰਾਂ ਦੀ ਤਸੱਲੀ ਮੁਤਾਬਕ ਕੋਈ ਸਿੱਟਾ ਨਾ ਨਿਕਲਿਆ ਤਾਂ 15 ਅਗਸਤ ਅਤੇ 16 ਅਗਸਤ ਦੀ ਦਰਮਿਆਨ ਰਾਤ ਹੜਤਾਲ ਸ਼ੁਰੂ ਹੋ ਸਕਦੀ ਹੈ ਪਰ ਇਸ ਵਾਸਤੇ 72 ਘੰਟੇ ਪਹਿਲਾਂ ਨੋਟਿਸ ਦੇਣਾ ਹੋਵੇਗਾ। ਏਅਰ ਕੈਨੇਡਾ ਦੇ ਮੁਲਾਜ਼ਮਾਂ ਵੱਲੋਂ ਵਾਧੂ ਸਮਾਂ ਡਿਊਟੀ ਕਰਨ ’ਤੇ ਢੁਕਵਾਂ ਮੁਆਵਜ਼ਾ ਵੀ ਮੰਗਿਆ ਜਾ ਰਿਹਾ ਹੈ। ਮੁਲਾਜ਼ਮਾਂ ਦੀ ਦਲੀਲ ਹੈ ਕਿ ਸਿਰਫ਼ ਅਸਮਾਨ ਵਿਚ ਲੱਗਣ ਵਾਲੇ ਸਮੇਂ ਦਾ ਹੀ ਮਿਹਨਤਾਨਾ ਅਦਾ ਕੀਤਾ ਜਾਂਦਾ ਹੈ ਅਤੇ ਹਵਾਈ ਅੱਡਿਆਂ ’ਤੇ ਖਰਚ ਹੋਣ ਵਾਲੇ ਸਮੇਂ ਦੀ ਕੋਈ ਭਰਪਾਈ ਕਰਨ ਨੂੰ ਤਿਆਰ ਨਹੀਂ।

ਮੰਗਾਂ ਨਾ ਮੰਨੇ ਜਾਣ ’ਤੇ 16 ਅਗਸਤ ਤੋਂ ਹੋ ਸਕਦੀ ਹੈ ਹੜਤਾਲ

ਇਥੇ ਦਸਣਾ ਬਣਦਾ ਹੈ ਕਿ 99.7 ਫ਼ੀ ਸਦੀ ਮੁਲਾਜ਼ਮਾਂ ਵੱਲੋਂ ਮੰਗਾਂ ਦੇ ਹੱਕ ਵਿਚ ਹੜਤਾਲ ਦੀ ਹਮਾਇਤ ਕੀਤੀ ਗਈ ਅਤੇ ਹੜਤਾਲ ਹੋਣ ਦੀ ਸੂਰਤ ਵਿਚ ਕੌਮਾਂਤਰੀ ਅਤੇ ਘਰੇਲੂ ਹਵਾਈ ਸਫ਼ਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦਾ ਹੈ। ਏਅਰ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਮੁਸਾਫ਼ਰਾਂ ਨੂੰ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜਲਦ ਹੀ ਕੋਈ ਸਰਬਪ੍ਰਵਾਨਤ ਰਾਹ ਅਖਤਿਆਰ ਕੀਤਾ ਜਾ ਸਕਦਾ ਹੈ।

Tags:    

Similar News