ਏਅਰ ਕੈਨੇਡਾ ਦੇ ਮੁਲਾਜ਼ਮਾਂ ਨੇ ਫੈਡਰਲ ਸਰਕਾਰ ਨਾਲ ਲਿਆ ਪੰਗਾ
ਏਅਰ ਕੈਨੇਡਾ ਦੇ 10 ਹਜ਼ਾਰ ਫਲਾਈਟ ਅਟੈਂਡੈਂਟਸ ਨੇ ਫੈਡਰਲ ਸਰਕਾਰ ਦੇ ਹੁਕਮਾਂ ਨੂੰ ਟਿਚ ਜਾਣਦਿਆਂ ਕੰਮ ’ਤੇ ਪਰਤਣ ਤੋਂ ਸਾਫ਼ ਨਾਂਹ ਕਰ ਦਿਤੀ ਹੈ
ਟੋਰਾਂਟੋ : ਏਅਰ ਕੈਨੇਡਾ ਦੇ 10 ਹਜ਼ਾਰ ਫਲਾਈਟ ਅਟੈਂਡੈਂਟਸ ਨੇ ਫੈਡਰਲ ਸਰਕਾਰ ਦੇ ਹੁਕਮਾਂ ਨੂੰ ਟਿਚ ਜਾਣਦਿਆਂ ਕੰਮ ’ਤੇ ਪਰਤਣ ਤੋਂ ਸਾਫ਼ ਨਾਂਹ ਕਰ ਦਿਤੀ ਹੈ। ਕਿਰਤ ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਧਾਰਾ 107 ਲਾਗੂ ਹੋਣ ਮਗਰੋਂ ਕੰਮ ’ਤੇ ਨਾ ਪਰਤਣਾ ਯੂਨੀਅਨ ਨੂੰ ਮਹਿੰਗਾ ਪੈ ਸਕਦਾ ਹੈ ਅਤੇ ਮੋਟਾ ਜੁਰਮਾਨਾ ਲਾਇਆ ਜਾ ਸਕਦਾ ਹੈ ਜਦਕਿ ਦੂਜੇ ਪਾਸੇ ਏਅਰ ਕੈਨੇਡਾ ਨੂੰ ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਹੱਕ ਮਿਲ ਜਾਵੇਗਾ। ਇਸ ਦੇ ਉਲਟ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਕੰਮ ’ਤੇ ਨਾ ਪਰਤਣ ਦੀ ਜ਼ਿਦ ਮੁਲਾਜ਼ਮ ਯੂਨੀਅਨ ਵਾਸਤੇ ਫਾਇਦੇਮੰਦ ਵੀ ਸਾਬਤ ਹੋ ਸਕਦੀ ਹੈ ਕਿਉਂਕਿ ਹੋਰ ਮੁਲਾਜ਼ਮ ਯੂਨੀਅਨਾਂ ਹੜਤਾਲ ਦੀ ਹਮਾਇਤ ਵਿਚ ਆ ਸਕਦੀਆਂ ਹਨ ਅਤੇ ਕੈਨੇਡਾ ਵਿਚ ਵੱਡੇ ਪੱਧਰ ’ਤੇ ਹੜਤਾਲ ਹੋਣ ਦਾ ਖਦਸ਼ਾ ਸਰਕਾਰ ਨੂੰ ਪੈਰ ਪਿੱਛੇ ਖਿੱਚਣ ਲਈ ਮਜਬੂਰ ਕਰ ਸਕਦਾ ਹੈ।
ਕੰਮ ’ਤੇ ਪਰਤਣ ਦੇ ਹੁਕਮਾਂ ਨੂੰ ਰੱਦੀ ਵਾਲੀ ਟੋਕਰੀ ’ਚ ਸੁੱਟਿਆ
ਬਿਲਕੁਲ ਇਸੇ ਕਿਸਮ ਦਾ ਘਟਨਾਕ੍ਰਮ 2022 ਵਿਚ ਉਨਟਾਰੀਓ ਦੇ ਸਿੱਖਿਆ ਮੁਲਾਜ਼ਮਾਂ ਦੀ ਹੜਤਾਲ ਵੇਲੇ ਵਾਪਰ ਚੁੱਕਾ ਹੈ। ਦੱਸ ਦੇਈਏ ਕਿ ਰੁਜ਼ਗਾਰ ਮੰਤਰੀ ਪੈਟੀ ਹੈਦੂ ਨੇ ਕੈਨੇਡਾ ਲੇਬਰ ਕੋਡ ਦੀ ਧਾਰਾ 107 ਲਾਗੂ ਕਰਦਿਆਂ ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਨੂੰ ਹਦਾਇਤ ਦਿਤੀ ਕਿ ਉਹ ਏਅਰਲਾਈਨ ਅਤੇ ਇਸ ਦੇ ਹੜਤਾਲੀ ਮੁਲਾਜ਼ਮਾਂ ਨੂੰ ਕੰਮ ’ਤੇ ਪਰਤਣ ਦੇ ਹੁਕਮ ਜਾਰੀ ਕਰਨ। ਏਅਰ ਕੈਨੇਡਾ ਨੇ ਹੁਕਮਾਂ ਦੀ ਪਾਲਣਾ ਕਰਦਿਆਂ ਫਲਾਈਟਸ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਪਰ ਕੋਈ ਫਲਾਈਟ ਅਟੈਂਡੈਂਟ ਹੜਤਾਲ ਛੱਡ ਕੇ ਨਾ ਆਇਆ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਜ਼ਬਰਦਸਤੀ ਕੰਮ ’ਤੇ ਪਰਤਣ ਲਈ ਮਜਬੂਰ ਕਰਨਾ ਸਰਾਸਰ ਗੈਰਸੰਵਿਧਾਨਕ ਹੈ ਅਤੇ ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦਿਤੀ ਜਾਵੇਗੀ। ਫਲਾਈਟ ਅਟੈਂਡੈਂਟਸ ਵਿਚੋਂ 70 ਫ਼ੀ ਸਦੀ ਔਰਤਾਂ ਹਨ ਅਤੇ ਬਗੈਰ ਤਨਖਾਹ ਤੋਂ ਕੰਮ ਵਾਲੇ ਨਿਯਮ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਏਅਰ ਕੈਨੇਡਾ ਦੀ ਮੈਨੇਜਮੈਂਟ ਅਤੇ ਮੁਲਾਜ਼ਮਾਂ ਦਰਮਿਆਨ 10 ਸਾਲ ਪਹਿਲਾਂ ਹੋਇਆ ਕੌਂਟ੍ਰੈਕਟਰ ਬੀਤੇ ਮਾਰਚ ਮਹੀਨੇ ਦੌਰਾਨ ਖਤਮ ਹੋਇਆ ਅਤੇ ਉਦੋਂ ਤੋਂ ਹੀ ਫਲਾਈਟ ਅਟੈਂਡੈਂਟਸ ਵੱਲੋਂ ਹਵਾਈ ਅੱਡਿਆਂ ’ਤੇ ਲੱਗਣ ਵਾਲੇ ਸਮੇਂ ਦਾ ਵੀ ਮਿਹਨਤਾਨਾ ਮੰਗਿਆ ਜਾ ਰਿਹਾ ਹੈ। ਯੂਨੀਅਨ ਦੀ ਦਲੀਲ ਹੈ ਕਿ ਮੁਸਾਫ਼ਰਾਂ ਦੇ ਜਹਾਜ਼ ਚੜ੍ਹਨ ਅਤੇ ਉਤਰਨ ਤੋਂ ਬਾਅਦ ਵੀ ਫਲਾਈਟ ਅਟੈਂਡੈਂਟਸ ਨੂੰ ਕਈ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ ਪਰ ਮਿਹਨਤਾਨੇ ਦੇ ਨਾਂ ’ਤੇ ਕੁਝ ਨਹੀਂ ਮਿਲਦਾ। ਉਧਰ ਹੜਤਾਲ ਕਾਰਨ ਰੋਜ਼ਾਨਾ ਇਕ ਲੱਖ 30 ਹਜ਼ਾਰ ਮੁਸਾਫ਼ਰ ਪ੍ਰਭਾਵਤ ਹੋ ਰਹੇ ਹਨ ਅਤੇ ਹਵਾਈ ਸਫ਼ਰ ਮਹਿੰਗਾ ਵੀ ਹੋ ਗਿਆ ਹੈ।
ਹੜਤਾਲੀ ਮੁਲਾਜ਼ਮਾਂ ਵਿਰੁੱਧ ਹੋ ਸਕਦੀ ਹੈ ਵੱਡੀ ਕਾਰਵਾਈ
ਸਭ ਤੋਂ ਜ਼ਿਆਦਾ ਮੁਸ਼ਕਲਾਂ ਵਿਦੇਸ਼ਾਂ ਵਿਚ ਫਸੇ ਮੁਸਾਫ਼ਰਾਂ ਨੂੰ ਆ ਰਹੀਆਂ ਹਨ ਜਿਨ੍ਹਾਂ ਨੂੰ ਬਦਲਵੀਆਂ ਫਲਾਈਟਸ ਨਹੀਂ ਮਿਲ ਰਹੀਆਂ ਅਤੇ ਕਿਸੇ ਹੋਰ ਏਅਰਲਾਈਨ ਦੀ ਫਲਾਈਟ ਵਿਚ ਬੁਕਿੰਗ ਵਾਸਤੇ ਦੁੱਗਣੀ ਰਕਮ ਮੰਗੀ ਜਾ ਰਹੀ ਹੈ। ਏਅਰ ਕੈਨੇਡਾ ਵੱਲੋਂ ਮੁਸਾਫ਼ਰਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਹੋਰਨਾਂ ਏਅਰਲਾਈਨਜ਼ ਵਿਚ ਸੀਟ ਕਨਫਰਮ ਹੋਣ ਤੋਂ ਬਾਅਦ ਹੀ ਹਵਾਈ ਅੱਡੇ ਵੱਲ ਰਵਾਨਾ ਹੋਣ। ਰੱਦ ਹੋਈਆਂ ਫਲਾਈਟਸ ਦਾ ਜਿਥੇ ਪੂਰਾ ਕਿਰਾਇਆ ਮੁਸਾਫ਼ਰਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ, ਉਥੇ ਹੀ ਉਹ ਬਦਲ ਵੀ ਮੁਹੱਈਆ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਰੀਬੁਕਿੰਗ ਜਾਂ ਭਵਿੱਖ ਦੇ ਸਫ਼ਰ ਵਾਸਤੇ ਵੋਚਰ ਹਾਸਲ ਕੀਤੇ ਜਾ ਸਕਦੇ ਹਨ।