ਬਰੈਂਪਟਨ ਵਿਖੇ ਕਤਲ ਦੀ ਵਾਰਦਾਤ ਮਗਰੋਂ ਸਹਿਮ ਗਿਆ ਭਾਰਤੀ ਪਰਵਾਰ
ਬਰੈਂਪਟਨ ਰਹਿੰਦਾ ਭਾਰਤੀ ਮੂਲ ਦਾ ਪਰਵਾਰ ਬੇਹੱਦ ਡਰ ਗਿਆ ਜਦੋਂ ਉਨ੍ਹਾਂ ਦੇ ਘਰ ਬਾਹਰ ਖੜ੍ਹੀ ਇਕ ਅਣਜਾਣ ਗੱਡੀ ਵਿਚੋਂ ਗੋਲੀਆਂ ਨਾਲ ਵਿੰਨ੍ਹੀ ਲਾਸ਼ ਬਰਾਮਦ ਕੀਤੀ ਗਈ।
ਬਰੈਂਪਟਨ : ਬਰੈਂਪਟਨ ਰਹਿੰਦਾ ਭਾਰਤੀ ਮੂਲ ਦਾ ਪਰਵਾਰ ਬੇਹੱਦ ਡਰ ਗਿਆ ਜਦੋਂ ਉਨ੍ਹਾਂ ਦੇ ਘਰ ਬਾਹਰ ਖੜ੍ਹੀ ਇਕ ਅਣਜਾਣ ਗੱਡੀ ਵਿਚੋਂ ਗੋਲੀਆਂ ਨਾਲ ਵਿੰਨ੍ਹੀ ਲਾਸ਼ ਬਰਾਮਦ ਕੀਤੀ ਗਈ। ਘਰ ਦੀ ਮਾਲਕਣ ਸਰਿਤਾ ਰਾਏ ਨੇ ਦੱਸਿਆ ਕਿ ਉਹ ਕੰਮ ਤੋਂ ਘਰ ਪਰਤੇ ਤਾਂ ਕਾਲੇ ਰੰਗ ਦੀ ਐਸ.ਯੂ.ਵੀ. ਘਰ ਦੇ ਡਰਾਈਵ ਵੇਅ ਵਿਚ ਖੜ੍ਹੀ ਸੀ ਜਿਸ ਦਾ ਇੰਜਣ ਸਟਾਰਟ ਅਤੇ ਹੈਡਲਾਈਟਸ ਚੱਲ ਰਹੀਆਂ ਸਨ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਸਰਿਤਾ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਕਦੇ ਇਹ ਗੱਡੀ ਨਹੀਂ ਸੀ ਦੇਖੀ। ਇਸੇ ਦੌਰਾਨ ਸਰਿਤਾ ਰਾਏ ਦਾ ਬੇਟਾ ਘਰੋਂ ਬਾਹਰ ਆ ਗਿਆ ਅਤੇ ਦੋਹਾਂ ਨੇ ਧਿਆਨ ਨਾਲ ਦੇਖਿਆ ਤਾਂ ਗੱਡੀ ਵਿਚ ਬੈਠਾ ਸ਼ਖਸ ਬੇਹੋਸ਼ ਮਹਿਸੂਸ ਹੋ ਰਿਹਾ ਸੀ। ਸਰਿਤਾ ਰਾਏ ਅਤੇ ਉਨ੍ਹਾਂ ਨੇ ਬੇਟੇ ਨੇ ਉਚੀ ਆਵਾਜ਼ ਵਿਚ ਬੋਲਦਿਆਂ ਉਸ ਨੂੰ ਆਪਣੀ ਗੱਡੀ ਅੱਗੇ ਕਰਨ ਵਾਸਤੇ ਕਿਹਾ ਪਰ ਕੋਈ ਹੁੰਗਾਰਾ ਨਾ ਮਿਲਿਆ।
ਘਰ ਦੇ ਡਰਾਈਵ ਵੇਅ ਵਿਚ ਖੜ੍ਹੀ ਅਣਜਾਣ ਗੱਡੀ ’ਚੋਂ ਮਿਲੀ ਲਾਸ਼
ਇਸ ਮਗਰੋਂ ਪਰਵਾਰ ਨੇ 911 ’ਤੇ ਕਾਲ ਕਰ ਦਿਤੀ। ਮੌਕੇ ’ਤੇ ਪੁੱਜੀ ਪੀਲ ਰੀਜਨਲ ਪੁਲਿਸ ਦੀ ਅਫਸਰ ਮੌਲਿਕਾ ਸ਼ਰਮਾ ਨੇ ਦੱਸਿਆ ਕਿ ਪੈਰਾਮੈਡਿਕਸ ਵੱਲੋਂ ਕਾਫ਼ੀ ਯਤਨਾਂ ਮਗਰੋਂ ਉਸ ਸ਼ਖਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ। ਪੁਲਿਸ ਮੁਤਾਬਕ ਚਿੰਗੁਆਕਜ਼ੀ ਰੋਡ ਅਤੇ ਸਟੀਲਜ਼ ਐਵੇਨਿਊ ਨੇੜੇ ਮਿਲ ਸਟੋਨ ਡਰਾਈਵ ’ਤੇ ਵਾਪਰੀ ਘਟਨਾ ਤੋਂ ਲੋਕ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਹੁੰਦਾ ਪਰ ਇਲਾਕੇ ਦੇ ਲੋਕਾਂ ਵਿਚ ਡਰ ਪੈਦਾ ਹੋਣਾ ਲਾਜ਼ਮੀ ਹੈ। ਮੌਲਿਕਾ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਣ ਦੇ ਯਤਨ ਕੀਤੇ ਜਾ ਰਹੇ ਹਨ ਤਾਂਕਿ ਗੋਲੀਕਾਂਡ ਲਈ ਜ਼ਿੰਮੇਵਾਰ ਸ਼ੱਕੀਆਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਵੱਲੋਂ ਮਰਨ ਵਾਲੇ ਸ਼ਖਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਉਧਰ ਸਰਿਤਾ ਰਾਏ ਦਾ ਕਹਿਣਾ ਸੀ ਕਿ ਘਟਨਾ ਮਗਰੋਂ ਮਨ ਵਿਚ ਐਨਾ ਡਰ ਪੈਦਾ ਹੋ ਗਿਆ ਕਿ ਰਾਤ ਨੂੰ ਨੀਂਦ ਵੀ ਨਾ ਆਈ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਦੂਜੇ ਪਾਸੇ ਬਰੈਂਪਟਨ ਮਾਊਂਟੇਨਐਸ਼ ਰੋਡ ਅਤੇ ਜਡਸਨ ਗੇਟ ਇਲਾਕੇ ਵਿਚ ਸ਼ੁੱਕਰਵਾਰ ਸ਼ਾਮ ਗੋਲੀਬਾਰੀ ਦੌਰਾਨ ਇਕ ਔਰਤ ਜ਼ਖਮੀ ਹੋ ਗਈ। ਪੁਲਿਸ ਨੇ ਦੱਸਿਆ ਕਿ ਔਰਤ ਦੀ ਹਾਲਤ ਖਤਰੇ ਤੋਂ ਬਾਹਰ ਅਤੇ ਦੋ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਮੌਕਾ ਏ ਵਾਰਦਾਤ ਤੋਂ ਫਰਾਰ ਹੋ ਗਏ।