ਸਕੂਲ ਵਿਚ ਗੈਰਹਾਜ਼ਰੀ ਦੇ ਸੁਨੇਹੇ ਨੇ ਬਚਾਈ ਬੱਚੀ ਦੀ ਜਾਨ
ਸਕੂਲ ਵਿਚ ਗੈਰਹਾਜ਼ਰੀ ਦੇ ਸੁਨੇਹੇ ਨੇ ਬੱਸ ਵਿਚ ਇਕੱਲੀ ਰਹਿ ਗਈ 8 ਸਾਲਾ ਬੱਚੀ ਦੀ ਜਾਨ ਬਚਾ ਦਿਤੀ।;
ਐਡਮਿੰਟਨ : ਸਕੂਲ ਵਿਚ ਗੈਰਹਾਜ਼ਰੀ ਦੇ ਸੁਨੇਹੇ ਨੇ ਬੱਸ ਵਿਚ ਇਕੱਲੀ ਰਹਿ ਗਈ 8 ਸਾਲਾ ਬੱਚੀ ਦੀ ਜਾਨ ਬਚਾ ਦਿਤੀ। ਮਾਇਨਸ 25 ਡਿਗਰੀ ਦੀ ਠੰਢ ਦੌਰਾਨ ਸੈਲੀਨ ਤਵਾਚੀ ਦੇ ਹੱਥ ਪੈਰ ਸੁੰਨ ਹੋਣ ਲੱਗੇ ਪਰ ਕੋਈ ਉਸ ਦੇ ਰੋਣ ਦੀ ਆਵਾਜ਼ ਜਾਂ ਮਦਦ ਲਈ ਪਾਇਆ ਰੌਲਾ ਨਹੀਂ ਸੀ ਸੁਣ ਰਿਹਾ। 4 ਫ਼ਰਵਰੀ ਦੀ ਦਿਲ ਕੰਬਾਊ ਘਟਨਾ ਬਾਰੇ ਸੈਲੀਨ ਤਵਾਚੀ ਨੇ ਦੱਸਿਆ ਕਿ ਉਸ ਵੱਲੋਂ ਬੱਸ ਦਾ ਐਮਰਜੰਸੀ ਐਗਜ਼ਿਟ ਖੋਲ੍ਹਣ ਦਾ ਯਤਨ ਕੀਤਾ ਗਿਆ ਪਰ ਸਫ਼ਲ ਨਾ ਹੋਈ। ਇਸ ਮਗਰੋਂ ਉਸ ਨੇ ਫਰੰਟ ਡੋਰ ’ਤੇ ਵੀ ਲੱਤਾਂ ਮਾਰੀਆਂ ਪਰ ਕੋਈ ਫ਼ਾਇਦਾ ਨਾ ਹੋਇਆ।
ਮਨਫ਼ੀ 25 ਡਿਗਰੀ ਤਾਪਮਾਨ ਦੌਰਾਨ ਬੱਸ ਵਿਚ ਸੁੱਤੀ ਗਈ ਸੈਲੀਨ
ਇਥੇ ਦਸਣਾ ਬਣਦਾ ਹੈ ਕਿ ਸੈਲੀਨ ਦੇ ਪਿਤਾ ਨੇ ਸਵੇਰੇ ਪੌਣੇ ਅੱਠ ਵਜੇ ਆਪਣੀ ਬੇਟੀ ਨੂੰ ਬੱਸ ਵਿਚ ਬਿਠਾਇਆ ਪਰ ਕਲਾਸ ਵਿਚ ਨਾ ਪੁੱਜਣ ਕਾਰਨ 9.30 ਵਜੇ ਗੈਰਹਾਜ਼ਰੀ ਦਾ ਸੁਨੇਹਾ ਆ ਗਿਆ। ਪਿਤਾ ਨੇ ਸੋਚਿਆ ਕਿ ਗਲਤੀ ਨਾਲ ਗੈਰਹਾਜ਼ਰੀ ਲੱਗ ਗਈ ਹੋਣੀ ਹੈ ਪਰ ਫਿਰ ਸੋਚਿਆ ਕਿ ਸਕੂਲ ਫੋਨ ਕਰ ਲੈਣਾ ਚਾਹੀਦਾ ਹੈ। ਸੈਲੀਨ ਦੇ ਪਿਤਾ ਨੇ ਘੱਟੋ ਘੰਟ 9 ਵਾਰ ਫੋਨ ਕੀਤਾ ਪਰ ਸਕੂਲ ਵੱਲੋਂ ਕੋਈ ਜਵਾਬ ਨਾ ਮਿਲਿਆ। ਆਖਰਕਾਰ 10 ਵਜੇ ਸੈਲੀਨ ਦੇ ਪਿਤਾ ਨੂੰ ਇਕ ਫੋਨ ਕਾਲ ਆਈ ਜੋ ਸਕੂਲ ਪ੍ਰਿੰਸੀਪਲ ਦੀ ਸੀ। ਉਨ੍ਹਾਂ ਦੱਸਿਆ ਕਿ ਸੈਲੀਨ ਬੱਸ ਵਿਚ ਸੌਂ ਗਈ ਅਤੇ ਬੱਚਿਆਂ ਨੂੰ ਉਤਾਰਨ ਮਗਰੋਂ ਡਰਾਈਵਰ ਬੱਸ ਨੂੰ ਪਾਰਕਿੰਗ ਵਿਚ ਖੜ੍ਹੀ ਕਰ ਕੇ ਚਲਾ ਗਿਆ ਜਦਕਿ ਜਾਣ ਤੋਂ ਪਹਿਲਾਂ ਬੱਸ ਦੇ ਅੰਦਰ ਚੰਗੀ ਤਰ੍ਹਾਂ ਦੇਖਣਾ ਲਾਜ਼ਮੀ ਸੀ।
ਹੱਥ ਪੈਰ ਹੋਣ ਲੱਗੇ ਸੁੰਨ, ਮਹਿਲਾ ਡਰਾਈਵਰ ਨੇ ਸੁਣੀ ਆਵਾਜ਼
ਸੈਲੀਨ ਦਾ ਰੋਅ-ਰੋਅ ਕੇ ਬੁਰਾ ਹਾਲ ਸੀ ਅਤੇ ਕੜਾਕੇ ਦੀ ਠੰਢ ਉਸ ਨੂੰ ਆਪਣੀ ਜਕੜ ਵਿਚ ਲੈ ਰਹੀ ਸੀ ਪਰ ਖੁਸ਼ਕਿਸਮਤੀ ਨਾਲ ਇਕ ਹੋਰ ਬੱਸ ਦੀ ਮਹਿਲਾ ਡਰਾਈਵਰ ਨੇ ਉਸ ਦੀ ਆਵਾਜ਼ ਸੁਣ ਲਈ ਅਤੇ ਬੱਚੀ ਦੀ ਜਾਨ ਬਚ ਗਈ। ਉਧਰ ਗੋਲਡਨ ਐਰੋ ਨੇ ਇਸ ਗੱਲ ਦੀ ਤਸਦੀਕ ਕਰ ਦਿਤੀ ਕਿ 4 ਫ਼ਰਵਰੀ ਨੂੰ ਇਕ ਬੱਚੀ ਬੱਸ ਵਿਚ ਰਹਿ ਗਈ ਸੀ। ਗੋਲਡਨ ਐਰੋ ਵੱਲੋਂ ਬੱਸ ਡਰਾਈਵਰ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਹੈ ਜਿਸ ਨੇ ਬੱਸ ਲੌਕ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਅੰਦਰ ਚੈਕਿੰਗ ਨਾ ਕੀਤੀ। ਇਸੇ ਦੌਰਾਨ ਗਲੈਗੈਰੀ ਸਕੂਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਜ਼ਿੰਮੇਵਾਰ ਡਰਾਈਵਰ ਕਦੇ ਵੀ ਐਡਮਿੰਟਨ ਦੇ ਸਕੂਲਾਂ ਵਿਚ ਕੰਮ ਨਹੀਂ ਕਰ ਸਕੇਗਾ।