ਟੋਰਾਂਟੋ ਦੇ ਗੈਸ ਸਟੇਸ਼ਨ ’ਤੇ ਪੈ ਗਿਆ ਖਿਲਾਰਾ
ਇਟੋਬੀਕੋ ਦੇ ਗੈਸ ਸਟੇਸ਼ਨ ’ਤੇ ਸੋਮਵਾਰ ਸ਼ਾਮ ਖਲਾਰਾ ਪੈ ਗਿਆ ਜਦੋਂ ਇਕ ਸ਼ਖਸ ਨੇ ਗੱਡੀ ਵਿਚ ਤੇਲ ਪਾਉਣ ਮਗਰੋਂ ਨੋਜ਼ਲ ਕੱਢੇ ਬਗੈਰ ਹੀ ਗੱਡੀ ਭਜਾ ਲਈ
ਟੋਰਾਂਟੋ : ਇਟੋਬੀਕੋ ਦੇ ਗੈਸ ਸਟੇਸ਼ਨ ’ਤੇ ਸੋਮਵਾਰ ਸ਼ਾਮ ਖਲਾਰਾ ਪੈ ਗਿਆ ਜਦੋਂ ਇਕ ਸ਼ਖਸ ਨੇ ਗੱਡੀ ਵਿਚ ਤੇਲ ਪਾਉਣ ਮਗਰੋਂ ਨੋਜ਼ਲ ਕੱਢੇ ਬਗੈਰ ਹੀ ਗੱਡੀ ਭਜਾ ਲਈ ਅਤੇ ਇਸ ਦੀ ਲਪੇਟ ਵਿਚ ਆਉਣ ਕਾਰਨ ਉਥੇ ਮੌਜੂਦ ਇਕ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ। ਟੋਰਾਂਟੋ ਪੁਲਿਸ ਨੇਦੱਸਿਆ ਕਿ ਇਹ ਵਾਰਦਾਤ ਬਰਨਹੈਮਥੌਰਪ ਰੋਡ ਅਤੇ ਰੈਨਫਰਥ ਡਰਾਈਵ ਇਲਾਕੇ ਵਿਚ ਵਾਪਰੀ ਜਦੋਂ ਗੱਡੀ ਵਿਚ ਸਵਾਰ ਡਰਾਈਵਰ ਨੇ ਅਦਾਇਗੀ ਕੀਤੇ ਬਗੈਰ ਹੀ ਫਰਾਰ ਹੋਣ ਦਾ ਯਤਨ ਕੀਤਾ।
ਇਟੋਬੀਕੋ ਵਿਖੇ 11 ਗੱਡੀਆਂ ਦੀ ਟੱਕਰ, ਕਈ ਜ਼ਖਮੀ
ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਸ਼ੱਕੀ ਡਰਾਈਵਰ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ ਆਇਦ ਕੀਤਾ ਗਿਆ ਹੈ। ਦੂਜੇ ਪਾਸੇ ਇਟੋਬੀਕੋ ਵਿਖੇ ਸੋਮਵਾਰ ਬਾਅਦ ਦੁਪਹਿਰ 11 ਗੱਡੀਆਂ ਦੀ ਟੱਕਰ ਹੋ ਗਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਜ਼Çਲੰਗਟਨ ਐਵੇਨਿਊ ਅਤੇ ਲੇਕਸ਼ੋਰ ਬੁਲੇਵਾਰਡ ’ਤੇ ਵੱਡਾ ਹਾਦਸਾ ਵਾਪਰਨ ਦੀ ਇਤਲਾਹ ਮਿਲੀ। ਮੁਢਲੇ ਤੌਰ ’ਤੇ ਇਕ ਜੈਗੁਆਰ ਐਸ.ਯੂ.ਵੀ. ਦੀ ਟੱਕਰ ਇਕ ਹੋਰ ਗੱਡੀ ਨਾਲ ਹੋਈ ਪਰ ਡਰਾਈਵਰ ਨੇ ਗੱਡੀ ਨਾ ਰੋਕੀ ਜੋ ਅੱਗੇ ਜਾ ਕੇ ਕਈ ਗੱਡੀਆਂ ਵਿਚ ਜਾ ਵੱਜੀ। ਡੈਸ਼ਕੈਮ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਵੇਲੇ ਪੈਦਲ ਲੋਕ ਉਥੋਂ ਲੰਘ ਰਹੇ ਸਨ।
ਪੁਲਿਸ ਨੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਵੱਲੋਂ 31 ਸਾਲ ਦੇ ਸ਼ੱਕੀ ਨੂੰ ਹਿਰਾਸਤ ਵਿਚ ਲੈਂਦਿਆਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਦੋ ਹੋਰਨਾਂ ਨੂੰ ਵੀ ਮਾਮੂਲੀ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਵਿਸਤਾਰਤ ਪੜਤਾਲ ਮਗਰੋਂ ਡਰਾਈਵਰ ਵਿਰੁੱਧ ਵਧੇਰੇ ਦੋਸ਼ ਆਇਦ ਕੀਤੇ ਜਾ ਸਕਦੇ ਹਨ।