ਉਨਟਾਰੀਓ ਦੇ ਮਕਾਨ ’ਤੇ ਵਰਾਇਆ ਗੋਲੀਆਂ ਦਾ ਮੀਂਹ

ਉਨਟਾਰੀਓ ਦੇ ਯਾਰਕ ਰੀਜਨ ਵਿਚ ਇਕ ਘਰ ’ਤੇ ਗੋਲੀਆਂ ਦੀ ਮੀਂਹ ਵਰਾਉਣ ਦੀ ਵੀਡੀਓ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ।;

Update: 2024-11-05 12:00 GMT

ਟੋਰਾਂਟੋ : ਉਨਟਾਰੀਓ ਦੇ ਯਾਰਕ ਰੀਜਨ ਵਿਚ ਇਕ ਘਰ ’ਤੇ ਗੋਲੀਆਂ ਦੀ ਮੀਂਹ ਵਰਾਉਣ ਦੀ ਵੀਡੀਓ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ। ਐਤਵਾਰ ਵਾਪਰੀ ਵਾਰਦਾਤ ਨਾਲ ਸਬੰਧਤ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ੱਕੀ ਇਕ ਘਰ ’ਤੇ 18 ਗੋਲੀਆਂ ਚਲਾ ਕੇ ਫਰਾਰ ਹੋ ਜਾਂਦਾ ਹੈ। ਯਾਰਕ ਰੀਜਨ ਦੇ ਜਾਰਜੀਨਾ ਕਸਬੇ ਵਿਚ ਡੈਨੀ ਵ੍ਹੀਲਰ ਬੁਲੇਵਾਰਡ ਵਿਖੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ੱਕੀ ਸੜਕ ਦੇ ਐਨ ਵਿਚਕਾਰ ਖੜ੍ਹਾ ਹੋ ਕੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਾ ਹੈ।

ਯਾਰਕ ਰੀਜਨਲ ਪੁਲਿਸ ਨੇ ਸ਼ੱਕੀ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗੀ ਮਦਦ

ਸ਼ੱਕੀ ਵੱਲੋਂ ਚਲਾਈਆਂ ਗੋਲੀਆਂ ਘਰ ਦੇ ਬੈਡਰੂਮ ਦੀ ਬਾਰੀ ਵਿਚ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਗੋਲੀਬਾਰੀ ਕਰਨ ਮਗਰੋਂ ਸ਼ੱਕੀ ਨੇੜੇ ਹੀ ਖੜ੍ਹੀ ਇਕ ਐਸ.ਯੂ.ਵੀ. ਵਿਚ ਬੈਠ ਕੇ ਫਰਾਰ ਹੋ ਜਾਂਦਾ ਹੈ। ਸਿਰਫ ਛੇ ਸੈਕਿੰਡ ਦੇ ਸਮੇਂ ਦੌਰਾਨ 18 ਗੋਲੀਆਂ ਚੱਲਣ ਦੀ ਵਾਰਦਾਤ ਨੇ ਲੋਕਾਂ ਵਿਚ ਸਹਿਮ ਪੈਦਾ ਕਰ ਦਿਤਾ। ਪੁਲਿਸ ਨੂੰ ਕਈ ਚੱਲੇ ਹੋਏ ਕਾਰਤੂਸ ਸੜਕ ਤੋਂ ਮਿਲੇ ਜਦਕਿ ਕੁਝ ਘਰ ਦੇ ਅੰਦਰੋਂ ਬਰਾਮਦ ਕੀਤੇ ਗਏ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਦੇ ਡੈਸ਼ਕੈਮ ਜਾਂ ਸੀ.ਸੀ.ਟੀ.ਵੀ. ਫੁਟੇਜ ਵਿਚ ਸ਼ੱਕੀ ਦੀ ਤਸਵੀਰ ਸਾਹਮਣੇ ਆਈ ਹੋਵੇ ਤਾਂ ਉਹ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਫਿਲਹਾਲ ਸ਼ੱਕੀ ਦਾ ਹੁਲੀਆ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ।

Tags:    

Similar News