ਕੈਨੇਡਾ ਵਿਚ ਮੁਸਲਮਾਨ ਔਰਤ ਦਾ ਕਾਰੋਬਾਰ ਦੂਜੀ ਵਾਰ ਅੱਗ ਲਾ ਕੇ ਸਾੜਿਆ

ਕੈਨੇਡਾ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਇਕ ਹੋਰ ਮਾਮਲੇ ਤਹਿਤ ਇਕ ਔਰਤ ਦੇ ਕਾਰੋਬਾਰੀ ਅਦਾਰੇ ਨੂੰ ਦੂਜੀ ਵਾਰ ਅੱਗ ਲਾ ਕੇ ਸਾੜ ਦਿਤਾ ਗਿਆ।

Update: 2024-07-20 11:36 GMT

ਟੋਰਾਂਟੋ : ਕੈਨੇਡਾ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਇਕ ਹੋਰ ਮਾਮਲੇ ਤਹਿਤ ਇਕ ਔਰਤ ਦੇ ਕਾਰੋਬਾਰੀ ਅਦਾਰੇ ਨੂੰ ਦੂਜੀ ਵਾਰ ਅੱਗ ਲਾ ਕੇ ਸਾੜ ਦਿਤਾ ਗਿਆ। ਸਕਾਰਬ੍ਰੋਅ ਦੇ ਓਲਡ ਕਿੰਗਸਟਨ ਰੋਡ ’ਤੇ ਸਥਿਤ ਹਾਈਲੈਂਡ ਕ੍ਰੀਕ ਮੈਡ ਸਪਾਅ ਚਲਾ ਰਹੀ ਮੈਡਲਿਨ ਚੈਲਹੂ ਨੇ ਦੱਸਿਆ ਕਿ ਪਹਿਲੀ ਵਾਰਦਾਤ ਪਿਛਲੇ ਸਾਲ ਸਤੰਬਰ ਵਿਚ ਵਾਪਰੀ ਅਤੇ ਕਿਸੇ ਤਰੀਕੇ ਨਾਲ ਉਸ ਨੇ ਆਪਣਾ ਕਾਰੋਬਾਰ ਮੁੜ ਖੜ੍ਹਾ ਕਰ ਲਿਆ ਪਰ 27 ਜੂਨ ਨੂੰ ਮੁੜ ਸਭ ਕੁਝ ਸਾੜ ਕੇ ਸੁਆਹ ਕਰ ਦਿਤਾ ਗਿਆ।

ਸਕਾਰਬ੍ਰੋਅ ਅਤੇ ਲੈਸਲੀਵਿਲ ਵਿਖੇ ਵਾਪਰੀਆਂ ਘਟਨਾਵਾਂ

12 ਸਾਲ ਪਹਿਲਾਂ ਲੈਬਨਨ ਤੋਂ ਆਈ ਮੈਡਲਿਨ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਤਸਵੀਰਾਂ ਵਿਚ ਦੋ ਨਕਾਬਪੋਸ਼ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਦਰਵਾਜ਼ਾ ਤੋੜਿਆ ਅਤੇ ਫਿਰ ਪੂਰੇ ਸਪਾਅ ਵਿਚ ਤੇਲ ਛਿੜਕ ਕੇ ਅੱਗ ਲਾ ਦਿਤੀ। ਟੋਰਾਂਟੋ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪਰ ਹੁਣ ਤੱਕ ਕੋਈ ਸ਼ੱਕੀ ਕਾਬੂ ਨਹੀਂ ਆਇਆ। ਪਿਛਲੇ ਸਾਲ ਸਤੰਬਰ ਵਿਚ ਵਾਪਰੀ ਵਾਰਦਾਤ ਮਗਰੋਂ ਮੈਡਲਿਨ ਨੇ ਸੋਚਿਆ ਕਿ ਅਜਿਹਾ ਕਿਸੇ ਨਾਲ ਵੀ ਵਾਪਰ ਸਕਦਾ ਹੈ। ਸੋ, ਉਸ ਨੇ ਆਪਣਾ ਸਪਾਅ ਮੁੜ ਤਿਆਰ ਕਰਵਾ ਲਿਆ ਪਰ ਕੁਝ ਮਹੀਨੇ ਦੇ ਫਰਕ ’ਤੇ ਹੋਇਆ ਹਮਲਾ ਮੈਡਲਿਨ ਨੂੰ ਤਬਾਹੀ ਵੱਲ ਧੱਕਾ ਦੇ ਗਿਆ। ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਹ ਕੰਮ ਕਰਨ ਵਾਲੇ ਪੈਸੇ ਪਿੱਛੇ ਨਹੀਂ ਸਨ ਆਏ ਕਿਉਂਕਿ ਸਪਾਅ ਵਿਚ ਲੱਗੀਆਂ ਮਹਿੰਗੀਆਂ ਮਸ਼ੀਨਾਂ ਤੋਂ ਲੈ ਕੇ ਗੱਲੇ ਵਿਚ ਪਿਆ ਕੈਸ਼ ਕਿਸੇ ਨੇ ਨਹੀਂ ਛੇੜਿਆ।

ਟੋਰਾਂਟੋ ਪੁਲਿਸ ਨੇ ਮੰਗੀ ਲੋਕਾਂ ਤੋਂ ਮਦਦ

ਸ਼ੱਕੀਆਂ ਵੱਲੋਂ ਵਰਤੀ ਗੱਡੀ ਦਾ ਨੰਬਰ ਵੀ ਪੁਲਿਸ ਨੂੰ ਪਤਾ ਲੱਗ ਗਿਆ ਪਰ ਇਹ ਚੋਰੀ ਕੀਤੀ ਹੋਈ ਸੀ। ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਲੈਸਲੀਵਿਲ ਵਿਖੇ ਵੀ ਸਾਹਮਣੇ ਆ ਚੁੱਕੀ ਹੈ ਪਰ ਪੁਲਿਸ ਦੋਹਾਂ ਮਾਮਲਿਆਂ ਨੂੰ ਆਪਸ ਵਿਚ ਜੋੜ ਕੇ ਨਹੀਂ ਦੇਖ ਰਹੀ। ਟੋਰਾਂਟੋ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰੇ। 

Tags:    

Similar News