Canada ਵਿਚ asylum ਮੰਗਣ ਵਾਲਿਆਂ ਦਾ ਆਇਆ ਹੜ੍ਹ

ਕੈਨੇਡੀਅਨ ਬਾਰਡਰ ਨਾਲ ਲਗਦੇ ਅਮੈਰਿਕਨ ਰਾਜਾਂ ਵਿਚ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਕਾਰਵਾਈ ਤੇਜ਼ ਕਰ ਦਿਤੀ ਹੈ

Update: 2026-01-23 13:50 GMT

ਮੌਂਟਰੀਅਲ : ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦਾ ਹੜ੍ਹ ਆਉਂਦਾ ਮਹਿਸੂਸ ਹੋ ਰਿਹਾ ਹੈ। ਜੀ ਹਾਂ, ਕੈਨੇਡੀਅਨ ਬਾਰਡਰ ਨਾਲ ਲਗਦੇ ਅਮੈਰਿਕਨ ਰਾਜਾਂ ਵਿਚ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਕਾਰਵਾਈ ਤੇਜ਼ ਕਰ ਦਿਤੀ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਆਪਣਾ ਜੁੱਲੀ-ਬਿਸਤਰਾ ਚੁੱਕ ਕੇ ਇੰਟਰਨੈਸ਼ਨਲ ਬਾਰਡਰ ਪਾਰ ਕਰ ਰਹੇ ਹਨ। ਅਮਰੀਕਾ ਵਿਚ ਪਨਾਹ ਮਿਲਣ ਦੀਆਂ ਉਮੀਦਾਂ ਖ਼ਤਮ ਹੋਣ ਮਗਰੋਂ ਕੈਨੇਡਾ ਦਾਖਲ ਹੋ ਰਹੇ ਪ੍ਰਵਾਸੀਆਂ ਨੂੰ ਇਥੇ ਵੀ ਰਾਹਤ ਮਿਲਣ ਦੇ ਆਸਾਰ ਨਹੀਂ ਪਰ ਡਿਪੋਰਟੇਸ਼ਨ ਦਾ ਡਰ ਬਰਫ਼ੀਲੇ ਮੌਸਮ ਵਿਚ ਵੀ ਇਨ੍ਹਾਂ ਨੂੰ ਇੰਟਰਨੈਸ਼ਨਲ ਬਾਰਡਰ ਕਰਨ ਲਈ ਮਜਬੂਰ ਕਰ ਰਿਹਾ ਹੈ ਅਤੇ ਭੀੜ ਨੂੰ ਕਾਬੂ ਕਰਨਾ ਆਰ.ਸੀ.ਐਮ.ਪੀ. ਵਾਸਤੇ ਔਖਾ ਹੋ ਗਿਆ ਹੈ। ਭਾਵੇਂ ਜਨਵਰੀ 2025 ਤੋਂ ਨਵੰਬਰ 2025 ਦਰਮਿਆਨ ਅਸਾਇਲਮ ਕਲੇਮ ਕਰਨ ਵਾਲਿਆਂ ਦੀ ਗਿਣਤੀ ਵਿਚ 33 ਫ਼ੀ ਸਦੀ ਕਮੀ ਆਈ ਪਰ ਨਵਾਂ ਵਰ੍ਹਾ ਚੜ੍ਹਨ ਤੋਂ ਕੁਝ ਹਫ਼ਤੇ ਪਹਿਲਾਂ ਹਾਲਾਤ ਬਦਲ ਗਏ।

ਟਰੰਪ ਦੇ ਛਾਪਿਆਂ ਤੋਂ ਘਬਰਾਏ ਪ੍ਰਵਾਸੀ ਕੈਨੇਡਾ ਵੱਲ ਦੌੜੇ

‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਐਂਡ ਰਫ਼ਿਊਜੀ ਬੋਰਡ ਕੋਲ ਵਿਚਾਰ ਅਧੀਨ ਅਸਾਇਲਮ ਕਲੇਮਜ਼ ਵਿਚੋਂ 43,480 ਭਾਰਤ ਨਾਲ ਸਬੰਧਤ ਹਨ ਜਦਕਿ 29,565 ਅਰਜ਼ੀਆਂ ਹੈਤੀ ਦੇ ਨਾਗਰਿਕਾਂ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ। 24,526 ਅਰਜ਼ੀਆਂ ਨਾਲ ਤੀਜੇ ਸਥਾਨ ’ਤੇ ਮੈਕਸੀਕੋ ਆਉਂਦਾ ਹੈ ਅਤੇ ਤਕਰੀਬਨ 20 ਹਜ਼ਾਰ ਅਰਜ਼ੀਆ ਬੰਗਲਾਦੇਸ਼ੀ ਨਾਗਰਿਕਾਂ ਨੇ ਦਾਖਲ ਕੀਤੀਆਂ। ਉਧਰ ਕੈਨੇਡੀਅਨ ਕੌਂਸਲ ਫ਼ੌਰ ਰਫ਼ਿਊਜੀਜ਼ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਰਫ਼ਿਊਜੀਆਂ ਜਾਂ ਪ੍ਰਵਾਸੀਆਂ ਸਾਹਮਣੇ ਕੌਮਾਂਤਰੀ ਸਰਹੱਦ ਪਾਰ ਕਰਨ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਿਆ ਪਰ ਸੇਫ਼ ਥਰਡ ਕੰਟਰੀ ਐਗਰੀਮੈਂਟ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ 2025 ਦੌਰਾਨ ਅਸਾਇਲਮ ਦੀਆਂ 34 ਹਜ਼ਾਰ ਤੋਂ ਵੱਧ ਅਰਜ਼ੀਆਂ ਦਾਖਲ ਹੋਈਆਂ ਜਿਨ੍ਹਾਂ ਦੀ ਨਿਪਟਾਰਾ ਹੋਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਕੋਲ ਪਰਮਾਨੈਂਟ ਰੈਜ਼ੀਡੈਂਸੀ ਦੀਆਂ 9 ਲੱਖ 41 ਹਜ਼ਾਰ 600 ਅਰਜ਼ੀਆਂ ਵਿਚਾਰ ਅਧੀਨ ਹਨ ਜਦਕਿ ਟੈਂਪਰੇਰੀ ਰੈਜ਼ੀਡੈਂਟਸ ਦੀਆਂ 9 ਲੱਖ 42 ਹਜ਼ਾਰ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡੀਅਨ ਸਿਟੀਜ਼ਨਸ਼ਿਪ ਦੀਆਂ 2 ਲੱਖ 47 ਹਜ਼ਾਰ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।

2025 ਦੌਰਾਨ ਅਸਾਇਲਮ ਕਲੇਮਜ਼ ਵਿਚ ਆਈ ਸੀ 33 ਫ਼ੀ ਸਦੀ ਕਮੀ

ਦੱਸ ਦੇਈਏ ਅਕਤੂਬਰ ਮਹੀਨੇ ਦੌਰਾਨ 115 ਪ੍ਰਵਾਸੀਆਂ ਨੂੰ ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ ਅਤੇ ਨਵੰਬਰ ਵਿਚ ਇਹ ਅੰਕੜਾ ਵਧ ਕੇ 134 ਹੋ ਗਿਆ ਪਰ ਦਸੰਬਰ ਦੇ ਅੰਤ ਅਤੇ ਜਨਵਰੀ ਦੇ ਸ਼ੁਰੂ ਵਿਚ ਗਿਣਤੀ ਤੇਜ਼ੀ ਨਾਲ ਵਧੀ ਅਤੇ ਗੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਰੱਖਣਾ ਸੌਖਾ ਨਹੀਂ। ਪਨਾਹ ਦੇ ਦਾਅਵਿਆਂ ਬਾਰੇ ਔਟਵਾ ਦੀ ਇੰਮੀਗ੍ਰੇਸ਼ਨ ਵਕੀਲ ਹੈਦਰ ਨੌਇਫੈਲਡ ਦਾ ਕਹਿਣਾ ਹੈ ਕਿ ਹਰ ਅਰਜ਼ੀ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਜਾ ਸਕਦਾ। ਵੱਡੀ ਗਿਣਤੀ ਵਿਚ ਲੋਕ ਆਪਣੇ ਪਰਵਾਰ ਨੂੰ ਸੁਰੱਖਿਅਤ ਰੱਖਣ ਲਈ ਜੱਦੀ ਮੁਲਕ ਛਡਦੇ ਹਨ ਪਰ ਅਸਾਇਲਮ ਕਲੇਮ ਮਨਜ਼ੂਰ ਹੋਣ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਸੀ ਮਿਲਣ ਵਿਚ ਲੰਮਾ ਸਮਾਂ ਲੱਗ ਜਾਂਦਾ ਹੈ ਅਤੇ ਪਿਛੇ ਰਹਿ ਗਏ ਪਰਵਾਰਕ ਮੈਂਬਰਾਂ ਦੀ ਜਾਨ ਸੂਲੀ ’ਤੇ ਟੰਗੀ ਰਹਿੰਦੀ ਹੈ। ਯੂ.ਕੇ. ਵਰਗੇ ਮੁਲਕਾਂ ਵਿਚ ਰਫ਼ਿਊਜੀਆਂ ਨੂੰ ਤੁਰਤ ਪੀ.ਆਰ. ਦਾ ਨਿਯਮ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਹਰ ਢਾਈ ਸਾਲ ਬਾਅਦ ਰਫ਼ਿਊਜੀ ਦਾ ਦਰਜਾ ਨਵਿਆਉਣਾ ਹੋਵੇਗਾ। ਸਿਰਫ਼ ਇਥੇ ਹੀ ਬੱਸ ਨਹੀਂ, ਪੀ.ਆਰ. ਵਾਸਤੇ ਰਫ਼ਿਊਜੀਆਂ ਨੂੰ 20 ਸਾਲ ਦੀ ਉਡੀਕ ਕਰਵਾਈ ਜਾਵੇਗੀ। ਇਸੇ ਦੌਰਾਨ ਕੈਨੇਡਾ ਦੀ ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਕਿਹਾ ਕਿ ਮੁਲਕ ਦਾ ਅਸਾਇਲਮ ਸਿਸਟਮ ਅਜਿਹਾ ਬਣਾਇਆ ਜਾ ਰਿਹਾ ਜੋ ਖ਼ਤਰੇ ਦੀ ਜ਼ਦ ਵਿਚ ਆਏ ਲੋਕਾਂ ਦੀ ਮਦਦ ਕਰ ਸਕੀ ਅਤੇ ਸਿਰਫ਼ ਪੱਕਾ ਹੋਣ ਦੇ ਮਕਸਦ ਤਹਿਤ ਅਸਾਇਲਮ ਕਲੇਮ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾ ਸਕੇ।

Tags:    

Similar News