ਉਨਟਾਰੀਓ ’ਚ ਨਸ਼ਾ ਤਸਕਰਾਂ ਦੇ ਵੱਡੇ ਗਿਰੋਹ ਦਾ ਪਰਦਾ ਫਾਸ਼

ਨਸ਼ਾ ਤਸਕਰਾਂ ਦੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ 25 ਲੱਖ ਡਾਲਰ ਮੁੱਲ ਦੇ ਨਸ਼ੇ ਅਤੇ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।;

Update: 2024-06-20 12:00 GMT

ਮਾਰਖਮ : ਨਸ਼ਾ ਤਸਕਰਾਂ ਦੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ 25 ਲੱਖ ਡਾਲਰ ਮੁੱਲ ਦੇ ਨਸ਼ੇ ਅਤੇ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ‘ਪ੍ਰੌਜੈਕਟ ਲੁਕਆਊਟ’ ਅਧੀਨ ਕੀਤੀ ਕਾਰਵਾਈ ਦੌਰਾਨ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਹੇਅਵਨ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 14 ਮਹੀਨੇ ਤੱਕ ਚੱਲੀ ਪੜਤਾਲ ਦੇ ਆਧਾਰ ’ਤੇ ਇਹ ਕਾਰਵਾਈ ਸੰਭਵ ਹੋ ਸਕੀ ਜਿਸ ਵਿਚ ਟੋਰਾਂਟੋ, ਪੀਲ ਰੀਜਨ, ਓ.ਪੀ.ਪੀ. ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਨੇ ਵੀ ਮਦਦ ਕੀਤੀ।

25 ਲੱਖ ਡਾਲਰ ਮੁੱਲ ਦੇ ਨਸ਼ੇ ਅਤੇ ਹਥਿਆਰ ਬਰਾਮਦ

ਦੱਸਿਆ ਜਾ ਰਿਹਾ ਹੈ ਕਿ ਸਟ੍ਰੀਟ ਗੈਂਗ ਦੀ ਸ਼ੁਰੂਆਤ ਟੋਰਾਂਟੋ ਤੋਂ ਹੋਈ ਪਰ ਹੌਲੀ ਹੌਲੀ ਇਹ ਯਾਰਕ ਰੀਜਨ ਦੇ ਦੱਖਣੀ ਹਿੱਸੇ ਵਿਚ ਸਰਗਰਮ ਹੋ ਗਿਆ। ਅੰਡਰ ਕਵਰ ਅਫਸਰਾਂ ਨੇ ਦੇਖਿਆ ਕਿ ਜੀ.ਟੀ.ਏ. ਵਿਚ ਕੋਕੀਨ ਵਰਗੇ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਇਕ ਆਧੁਨਿਕ ਕ੍ਰਿਮੀਨਲ ਨੈਟਵਰਕ ਵੱਲੋਂ ਕੀਤੀ ਜਾ ਰਹੀ ਸੀ। ਸਭ ਤੋਂ ਪਹਿਲਾਂ ਸ਼ੱਕੀਆਂ ਦੀ ਪਛਾਣ ਕੀਤੀ ਗਈ ਜੋ ਲਗਾਤਾਰ ਹੇਅਵਨ ਗੈਂਗ ਵਾਸਤੇ ਕੰਮ ਕਰ ਰਹੇ ਸਨ। ਗਰੇਟਰ ਟੋਰਾਂਟੋ ਏਰੀਆ ਵਿਚ 33 ਵੱਖ ਵੱਖ ਥਾਵਾਂ ’ਤੇ ਮਾਰੇ ਗਏ ਛਾਪਿਆਂ ਦੌਰਾਨ 19.8 ਕਿਲੋ ਕੋਕੀਨ, 4.8 ਕਿਲੋ ਕੈਨਾਬਿਸ ਅਤੇ ਵੱਡੀ ਗਿਣਤੀ ਵਿਚ ਐਮ.ਡੀ.ਐਮ.ਏ. ਤੇ ਔਕਸੀਕੌਡੋਨ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਬਰਾਮਦ ਕੀਤੀ ਕੋਕੀਨ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਇਹ 89 ਤੋਂ 97 ਫੀ ਸਦੀ ਪਿਓਰ ਸਾਬਤ ਹੋਈ। ਮੰਨਿਆ ਜਾ ਰਿਹਾ ਹੈ ਕਿ ਨਸ਼ਿਆਂ ਨੂੰ ਵੱਖ ਵੱਖ ਥਾਵਾਂ ਵੇਚਿਆ ਜਾਂਦਾ ਹੋਵੇਗਾ।

ਯਾਰਕ ਰੀਜਨਲ ਪੁਲਿਸ ਨੇ 20 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਵੱਲੋਂ ਨਸ਼ਿਆਂ ਤੋਂ ਇਨਾਵਾ 2 ਲੱਖ 45 ਹਜ਼ਾਰ ਡਾਲਰ ਨਕਦ ਅਤੇ ਤਕਰੀਬਨ ਢਾਈ ਲੱਖ ਡਾਲਰ ਮੁੱਲ ਦੀਆਂ ਚਾਰ ਗੱਡੀਆਂ ਤੇ ਮਹਿੰਗੀਆਂ ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਬਰਾਮਦ ਕੀਤੇ ਹਥਿਆਰ ਅਮਰੀਕਾ ਤੋਂ ਲਿਆਂਦੇ ਗਏ ਅਤੇ ਪੁਲਿਸ ਦੀ ਤਾਜ਼ਾ ਕਾਰਵਾਈ ਗਿਰੋਹ ਦਾ ਲੱਕ ਤੋੜਨ ਦਾ ਕੰਮ ਕਰੇਗੀ। ਪੁਲਿਸ ਵੱਲੋਂ ਪੜਤਾਲ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ ਅਤੇ ਲੋਕਾਂ ਵਧੇਰੇ ਜਾਣਕਾਰੀ ਦੀ ਮੰਗ ਕੀਤੀ ਜਾ ਰਹੀ ਹੈ।

Tags:    

Similar News