ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਦੇ ਵੱਡੇ ਗਿਰੋਹ ਦਾ ਪਰਦਾ ਫਾਸ਼
ਕਾਰ ਚੋਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਟੋਰਾਂਟੋ ਪੁਲਿਸ ਵੱਲੋਂ 59 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਰੁੱਧ 300 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ।;
ਟੋਰਾਂਟੋ : ਕਾਰ ਚੋਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਟੋਰਾਂਟੋ ਪੁਲਿਸ ਵੱਲੋਂ 59 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਰੁੱਧ 300 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ। ਜੁਲਾਈ ਵਿਚ ਆਰੰਭੇ ਪ੍ਰੌਜੈਕਟ ਥੌਰੋਬ੍ਰੈੱਡ ਅਧੀਨ 360 ਚੋਰੀ ਕੀਤੀਆਂ ਗੱਡੀਆਂ ਬਰਾਮਦ ਹੋ ਚੁੱਕੀਆਂ ਹਨ ਅਤੇ ਵੱਡੀ ਗਿਣਤੀ ਵਿਚ ਹੋਰ ਗ੍ਰਿਫ਼ਤਾਰੀਆਂ ਹੋਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਬਰਾਮਦ ਗੱਡੀਆਂ ਦੀ ਕੀਮਤ 14 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਫਰਜ਼ੀ ਤਰੀਕੇ ਨਾਲ ਤਿਆਰ ਕੀਤੇ ਵ੍ਹੀਕਲ ਆਇਡੈਂਟੀਫਿਕੇਸ਼ਨ ਨੰਬਰਾਂ ਰਾਹੀਂ ਅੱਗੇ ਵੇਚਿਆ ਜਾਂਦਾ। ਜਾਅਲੀ ਵੀ.ਆਈ.ਐਨ. ਤਿਆਰ ਕਰਨ ਵਿਚ ਸਰਵਿਸ ਉਨਟਾਰੀਓ ਦੇ ਕੁਝ ਮੁਲਾਜ਼ਮ ਵੀ ਕਾਰ ਚੋਰਾਂ ਦਾ ਸਾਥ ਦੇ ਰਹੇ ਸਨ। ਸਰਵਿਸ ਉਨਟਾਰੀਓ ਦੇ ਮੁਲਾਜ਼ਮਾਂ ਵੱਲੋਂ ਕਥਿਤ ਤੌਰ ’ਤੇ ਅਸਲ ਵੀ.ਆਈ.ਐਨ. ਨਾਲ ਮੇਲ ਖਾਂਦੇ ਨੰਬਰ ਤਿਆਰ ਕੀਤੇ ਜਾਂਦੇ ਅਤੇ ਮਹਿੰਗੀ ਗੱਡੀ ਸਸਤੇ ਭਾਅ ’ਤੇ ਗਾਹਕਾਂ ਨੂੰ ਵੇਚ ਦਿਤੀ ਜਾਂਦੀ।
14 ਮਿਲੀਅਨ ਡਾਲਰ ਦੀਆਂ 360 ਗੱਡੀਆਂ ਬਰਾਮਦ
ਟੋਰਾਂਟੋ ਪੁਲਿਸ ਵੱਲੋਂ ਫਿਲਹਾਲ ਸਰਵਿਸ ਉਨਟਾਰੀਓ ਦੇ ਕਿਸੇ ਮੁਲਾਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਦੂਜੇ ਪਾਸੇ ਪੁਲਿਸ ਵੱਲੋਂ ਸ਼ਹਿਰ ਵਿਚ ਕਈ ਅਜਿਹੀਆਂ ਦੁਕਾਨਾਂ ਦੀ ਪਛਾਣ ਵੀ ਕੀਤੀ ਗਈ ਹੈ ਜਿਥੇ ਗੱਡੀਆਂ ਦਾ ਮੂੰਹ ਮੁਹਾਂਦਰਾ ਹੀ ਬਦਲ ਦਿਤਾ ਜਾਂਦਾ ਸੀ। ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਦੇ ਵੱਡੇ ਗਿਰੋਹ ਦਾ ਪਰਦਾ ਫਾਸ਼ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਉਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਵੱਲੋਂ ਜਾਅਲੀ ਰਜਿਸਟ੍ਰੇਸ਼ਨ ਰੋਕਣ ਲਈ ਉਪਾਵਾਂ ਦਾ ਐਲਾਨ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਸ਼ੱਕੀਆਂ ਦੀ ਉਮਰ 18 ਸਾਲ ਤੋਂ 69 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਅਤੇ ਫਿਲਹਾਲ ਇਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।