ਕੈਨੇਡਾ ਦੇ ਵਾਲਮਾਰਟ 'ਚ ਲੁਧਿਆਣੇ ਦੀ ਕੁੜੀ ਨਾਲ ਵਾਪਰਿਆ ਵੱਡਾ ਹਾਦਸਾ

19 ਸਾਲਾ ਲੜਕੀ ਕਰਮਚਾਰੀ ਵਜੋਂ ਵਾਲਮਾਰਟ 'ਚ ਕਰਦੀ ਸੀ ਕੰਮ

Update: 2024-10-21 20:15 GMT

21 ਅਕਤੂਬਰ, ਕੈਨੇਡਾ (ਗੁਰਜੀਤ ਕੌਰ)- ਨੋਵਾ ਸਕੋਸ਼ੀਆ ਦੇ ਹੈਲੀਫੈਕਸ ਖੇਤਰੀ ਪੁਲਿਸ ਇੱਕ 19 ਸਾਲਾ ਲੜਕੀ ਦੀ ਅਚਾਨਕ ਮੌਤ ਦੀ ਜਾਂਚ ਕਰ ਰਹੀ ਹੈ। ਦੱਸਦਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੜਕੀ ਸ਼ਹਿਰ ਦੇ ਪੱਛਮੀ ਸਿਰੇ ਵਿੱਚ ਇੱਕ ਵਾਲਮਾਰਟ ਵਿੱਚ ਕੰਮ ਕਰ ਰਹੀ ਸੀ। ਸੁਣਨ 'ਚ ਆ ਰਿਹਾ ਹੈ ਕਿ ਲੜਕੀ ਓਵਨ 'ਚ ਮ੍ਰਿਤਕ ਪਾਈ ਗਈ ਹੈ, ਪਰ ਪੁਲਿਸ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਕਰੀਬ 9:30 ਵਜੇ ਸਟੋਰ 'ਤੇ ਬੁਲਾਇਆ ਗਿਆ ਅਤੇ ਲੜਕੀ ਨੂੰ ਮ੍ਰਿਤਕ ਪਾਇਆ ਗਿਆ। ਜੋ ਲੜਕੀ ਮ੍ਰਿਤਕ ਪਾਈ ਗਈ ਹੈ, ਉਹ ਪੰਜਾਬਣ ਹੈ ਅਤੇ ਉਹ ਸਟੂਡੈਂਟ ਦੇ ਤੌਰ 'ਤੇ ਕੈਨੇਡਾ ਆਈ ਸੀ।

ਪੁਲਿਸ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਜਾਂਚਕਰਤਾ ਹੁਣ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵਾਲਮਾਰਟ ਦੇ ਕਰਮਚਾਰੀ ਦੀ ਮੌਤ ਕਿਵੇਂ ਹੋਈ ਅਤੇ ਪ੍ਰੋਵਿੰਸ਼ੀਅਲ ਲੇਬਰ ਡਿਪਾਰਟਮੈਂਟ ਅਤੇ ਨੋਵਾ ਸਕੋਸ਼ੀਆ ਮੈਡੀਕਲ ਐਗਜ਼ਾਮੀਨਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਪੁਲਿਸ ਵੱਲੋਂ ਇਸ ਤੋਂ ਇਲਾਵਾ ਹੋਰ ਵੇਰਵੇ ਨਹੀਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਾਂਚ ਗੁੰਝਲਦਾਰ ਹੈ। ਉਨ੍ਹਾਂ ਲੋਕਾਂ ਨੂੰ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਨਾਲ ਧੀਰਜ ਰੱਖਣ ਲਈ ਕਿਹਾ ਹੈ। ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਮਮਫੋਰਡ ਰੋਡ ਸਟੋਰ ਗਾਹਕਾਂ ਲਈ ਖੁੱਲ੍ਹਾ ਸੀ, ਪਰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ। ਇਹ ਨਹੀਂ ਦੱਸਿਆ ਗਿਆ ਕਿ ਸਟੋਰ ਦੁਬਾਰਾ ਕਦੋਂ ਖੁੱਲ੍ਹੇਗਾ ਅਤੇ ਕਰਮਚਾਰੀ ਬਾਰੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਦਿੱਤੀ ਗਈ ਹੈ।

ਇਸ ਮੌਕੇ 'ਤੇ ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਦੀ ਸਮੁੱਚੀ ਕਮੇਟੀ ਲੜਕੀ ਦੇ ਪਰਿਵਾਰ ਨਾਲ ਖੜੀ ਹੈ। ਉਨ੍ਹਾਂ ਵੱਲੋਂ ਲੜਕੀ ਦੇ ਪਰਿਵਾਰ ਨਾਲ ਸੰਪਰਕ ਕਰ ਲਿਆ ਗਿਆ ਹੈ। ਲੜਕੀ ਆਪਣੀ ਮਾਂ ਨਾਲ ਕੈਨੇਡਾ 'ਚ ਰਹਿੰਦੀ ਸੀ ਅਤੇ ਲੜਕੀ ਦਾ ਪਿਛੋਕੜ ਲੁਧਿਆਣੇ ਜ਼ਿਲ੍ਹੇ ਨਾਲ ਸਬੰਧਿਤ ਹੈ। ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਦੇ ਸੈਕਰੇਟਰੀ ਸਰਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮੌਤ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ ਪਰ ਪੁਲਿਸ ਵੱਲੋਂ ਸਥਿਤੀ ਨੂੰ ਕਾਬੂ 'ਚ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਏਰੀਆ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਲੰਗਰ ਪਾਣੀ ਦੀ ਵੀ ਸੇਵਾ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ 'ਚ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। 

Tags:    

Similar News