ਉਨਟਾਰੀਓ ਵਿਚ ਖਸਰੇ ਦੇ 95 ਨਵੇਂ ਮਰੀਜ਼ ਆਏ ਸਾਹਮਣੇ
ਉਨਟਾਰੀਓ ਵਿਚ ਖਸਰੇ ਦੇ 95 ਨਵੇਂ ਮਰੀਜ਼ ਸਾਹਮਣੇ ਆਉਣ ਮਗਰੋਂ ਕੁਲ ਅੰਕੜਾ ਇਕ ਹਜ਼ਾਰ ਤੋਂ ਟੱਪ ਗਿਆ ਹੈ।
ਟੋਰਾਂਟੋ : ਉਨਟਾਰੀਓ ਵਿਚ ਖਸਰੇ ਦੇ 95 ਨਵੇਂ ਮਰੀਜ਼ ਸਾਹਮਣੇ ਆਉਣ ਮਗਰੋਂ ਕੁਲ ਅੰਕੜਾ ਇਕ ਹਜ਼ਾਰ ਤੋਂ ਟੱਪ ਗਿਆ ਹੈ। ਪਬਲਿਕ ਹੈਲਥ ਉਨਟਾਰੀਓ ਦੇ ਅੰਕੜਿਆਂ ਮੁਤਾਬਕ ਖਸਰਾ ਲਾਗ ਦੀ ਬਿਮਾਰੀ ਹੈ ਅਤੇ ਬਿਮਾਰ ਲੋਕਾਂ ਦੇ ਸੰਪਰਕ ਵਿਚ ਆਉਣ ਕਾਰਨ ਨਵੇਂ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਨਵੇਂ ਮਰੀਜ਼ਾਂ ਵਿਚੋਂ ਜ਼ਿਆਦਾਤਰ ਦੱਖਣ-ਪੱਛਮੀ ਉਨਟਾਰੀਓ ਵਿਚ ਦੱਸੇ ਜਾ ਰਹੇ ਹਨ ਅਤੇ ਕੁਲ ਮਰੀਜ਼ਾਂ ਵਿਚੋਂ ਇਕ ਤਿਹਾਈ ਗਿਣਤੀ ਬਿਲਕੁਲ ਛੋਟੇ ਬੱਚਿਆਂ, 5 ਤੋਂ 7 ਸਾਲ ਦੀ ਉਮਰ ਵਾਲਿਆਂ ਜਾਂ ਅੱਲ੍ਹੜਾਂ ਦੀ ਹੈ। ਪਬਲਿਕ ਹੈਲਥ ਉਨਟਾਰੀਓ ਵਿਚ ਮਹਾਂਮਾਰੀ ਨਾਲ ਸਬੰਧਤ ਰੋਗਾਂ ਦੀ ਮਾਹਰ ਡਾ. ਸਾਰਾਹ ਵਿਲਸਨ ਦਾ ਕਹਿਣਾ ਸੀ ਕਿ ਖਸਰਾ ਫੈਲਣ ਦੀ ਰਫ਼ਤਾਰ ਘਟਦੀ ਨਜ਼ਰ ਨਹੀਂ ਆ ਰਹੀ। ਇਕ ਹਫ਼ਤੇ ਵਿਚ 100 ਮਰੀਜ਼ ਸਾਹਮਣੇ ਆਉਣ ਦੀ ਦਰ ਜ਼ਿਆਦਾ ਹੀ ਮੰਨੀ ਜਾ ਸਕਦੀ ਹੈ।ਮਰੀਜ਼ਾਂ ਦੀ ਗਿਣਤੀ ਇਹ ਵੀ ਦਰਸਾਉਂਦੀ ਹੈ ਕਿ ਖਸਰੇ ਵਰਗੀ ਬਿਮਾਰੀ ਵੱਡੀਆਂ ਉਲਝਣਾਂ ਪੈਦਾ ਕਰ ਸਕਦੀ ਹੈ ਪਰ ਵੈਕਸੀਨੇਸ਼ਨ ਰਾਹੀਂ ਇਸ ਤੋਂ ਬਚਿਆ ਜਾ ਸਕਦਾ ਹੈ। ਖਸਰੇ ਦੇ ਮਰੀਜ਼ਾਂ ਵਿਚ ਜ਼ਿਆਦਾ ਨਿਮੋਨੀਆ ਜਾਂ ਹੋਰ ਬੈਕਟੀਰੀਅਲ ਇਨਫੈਕਸ਼ਨ ਨਜ਼ਰ ਆਉਂਦਾ ਹੈ ਅਤੇ ਇਕ ਹਜ਼ਾਰ ਪਿੱਛੇ ਇਕ ਮਰੀਜ਼ ਹੀ ਦਿਮਾਗੀ ਬੁਖਾਰ ਦਾ ਸ਼ਿਕਾਰ ਬਣਦਾ ਹੈ।
ਹੁਣ ਤੱਕ ਸਾਹਮਣੇ ਆਏ ਮਰੀਜ਼ਾਂ ਦੀ ਗਿਣਤੀ ਇਕ ਹਜ਼ਾਰ ਤੋਂ ਟੱਪੀ
ਉਧਰ ਲਿਬਰਲ ਪਾਰਟੀ ਦੇ ਸਿਹਤ ਮਾਮਲਿਆਂ ਬਾਰੇ ਆਲੋਚਕ ਡਾ. ਆਦਿਲ ਸ਼ਾਮਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਡਗ ਫ਼ੋਰਡ ਦੀ ਅਗਵਾਈ ਵਾਲੀ ਸਰਕਾਰ ਖਸਰੇ ਦੇ ਮੁੱਦੇ ’ਤੇ ਸਪੱਸ਼ਟ ਜਾਣਕਾਰੀ ਮੁਹੱਈਆ ਨਹੀਂ ਕਰਵਾ ਰਹੀ। ਸੂਬੇ ਦੇ ਮੁੱਖ ਸਿਹਤ ਅਫ਼ਸਰ ਵੱਲੋਂ ਖਸਰੇ ਬਾਰੇ ਵਿਸਤਾਰਤ ਜਾਣਕਾਰੀ ਦੇਣ ਲਈ ਆਖਰੀ ਪ੍ਰੈਸ ਕਾਨਫਰੰਸ ਮਾਰਚ ਵਿਚ ਕੀਤੀ ਗਈ ਜਦਕਿ ਅਪ੍ਰੈਲ ਮਹੀਨੇ ਪੂਰਾ ਲੰਘਾ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਪ੍ਰਾਇਮਰੀ ਹੈਲਥ ਕੇਅਰ ਪ੍ਰੋਵਾਈਡਰਜ਼ ਦੀ ਵੱਡੀ ਕਿੱਲਤ ਹੈ ਅਤੇ 25 ਲੱਖ ਤੋਂ ਵੱਧ ਲੋਕਾਂ ਕੋਲ ਫੈਮਿਲੀ ਡਾਕਟਰ ਦੀ ਸਹੂਲਤ ਨਹੀਂ। ਦੱਸ ਦੇਈਏ ਕਿ ਪਬਲਿਕ ਹੈਲਥ ਉਨਟਾਰੀਓ ਵੱਲੋਂ ਹਫਤਾਵਰੀ ਰਿਪੋਰਟ ਤਾਂ ਜਾਰੀ ਕੀਤੀ ਜਾਂਦੀ ਹੈ ਪਰ ਇਸ ਵਿਚ ਇਹ ਨਹੀਂ ਦੱਸਿਆ ਜਾਂਦਾ ਹੈ ਕਿ ਕਿੰਨੇ ਮਰੀਜ਼ ਹੁਣ ਵੀ ਬਿਮਾਰ ਹਨ ਅਤੇ ਕਿੰਨੇ ਮਰੀਜ਼ ਸਿਹਤਯਾਬ ਹੋ ਗਏ। ਉਧਰ ਐਲਬਰਟਾ ਵਿਖੇ ਖਸਰੇ ਦੇ 122 ਨਵੇਂ ਮਰੀਜ਼ ਸਾਹਮਣੇ ਆਉਣ ਦੀ ਤਸਦੀਕ ਕੀਤੀ ਗਈ ਹੈ ਜਦਕਿ ਕਿਊਬੈਕ ਵਿਖੇ ਪਿਛਲੇ 32 ਦਿਨ ਦੌਰਾਨ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ।