ਕੈਨੇਡਾ ’ਚ ਪੈਦਾ ਹੋਈਆਂ 91 ਹਜ਼ਾਰ ਨਵੀਆਂ ਨੌਕਰੀਆਂ
ਕੈਨੇਡਾ ਵਿਚ ਦਸੰਬਰ ਮਹੀਨੇ ਦੌਰਾਨ 91 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਮਾਮੂਲੀ ਕਮੀ ਨਾਲ 6.7 ਫ਼ੀ ਸਦੀ ’ਤੇ ਆ ਗਈ।;
ਟੋਰਾਂਟੋ : ਕੈਨੇਡਾ ਵਿਚ ਦਸੰਬਰ ਮਹੀਨੇ ਦੌਰਾਨ 91 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਮਾਮੂਲੀ ਕਮੀ ਨਾਲ 6.7 ਫ਼ੀ ਸਦੀ ’ਤੇ ਆ ਗਈ। ਰੁਜ਼ਗਾਰ ਦੇ ਮੌਕਿਆਂ ਵਿਚ ਅਥਾਹ ਵਾਧਾ ਆਰਥਿਕ ਮਾਹਰਾਂ ਦੇ ਕਿਆਸਿਆਂ ਤੋਂ ਤਿੰਨ ਗੁਣਾ ਵੱਧ ਸਾਬਤ ਹੋਇਆ ਜੋ ਸਾਲ ਦੇ ਅੰਤਮ ਮਹੀਨੇ ਦੌਰਾਨ ਸਿਰਫ਼ 25 ਹਜ਼ਾਰ ਨੌਕਰੀਆਂ ਪੈਦਾ ਹੋਣ ਦਾ ਜ਼ਿਕਰ ਕਰ ਰਹੇ ਸਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਬਲਿਕ ਸੈਕਟਰ ਵਿਚ 40 ਹਜ਼ਾਰ ਨੌਕਰੀਆਂ ਪੈਦਾ ਹੋਈਆਂ ਜਦਕਿ ਪ੍ਰਾਈਵੇਟ ਸੈਕਟਰ ਵਿਚ 27 ਹਜ਼ਾਰ ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਹੈ।
ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਿਚ ਆਈ ਕਮੀ
ਇਸ ਤੋਂ ਇਲਾਵਾ ਸਵੈ-ਰੁਜ਼ਗਾਰ ਵਾਲਿਆਂ ਦੇ ਅੰਕੜੇ ਵਿਚ 24 ਹਜ਼ਾਰ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਪ੍ਰਤੀ ਘੰਟਾ ਉਜਰਤ ਦਰ 3.8 ਫ਼ੀ ਸਦੀ ਵਾਧੇ ਨਾਲ 35.77 ਡਾਲਰ ਹੋ ਗਈ ਪਰ ਇਸ ਵਾਧੇ ਨੂੰ ਮਈ 2022 ਮਗਰੋਂ ਸਭ ਤੋਂ ਘੱਟ ਸਾਲਾਨਾ ਵਾਧਾ ਮੰਨਿਆ ਜਾ ਰਿਹਾ ਹੈ। ਬੈਂਕ ਆਫ਼ ਮੌਂਟਰੀਅਲ ਦੇ ਚੀਫ਼ ਇਕੌਨੋਮਿਸਟ ਡਗ ਪੋਰਟਰ ਦਾ ਕਹਿਣਾ ਸੀ ਕਿ ਇਕ ਪਾਸੇ ਅਰਥਚਾਰੇ ਵਿਚ ਸੁਧਾਰ ਦੇ ਸੰਕੇਤ ਆ ਰਹੇ ਹਨ ਪਰ ਦੂਜੇ ਪਾਸੇ ਮਹਿੰਗਾਈ ਅਤੇ ਵਿਆਜ ਦਰਾਂ ਦਾ ਖਤਰਾ ਵੀ ਮੰਡਰਾਅ ਰਿਹਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਕੀ ਅਸੀਂ ਮਜ਼ਬੂਤ ਵਾਧੇ ਦੀ ਉਮੀਦ ਕਰ ਸਕਦੇ ਹਾਂ ਅਤੇ ਇਸ ਦਾ ਜਵਾਬ ਫ਼ਿਲਹਾਲ ਨਾਂਹ ਵਿਚ ਹੀ ਮਿਲਦਾ ਨਜ਼ਰ ਆ ਰਿਹਾ ਹੈ ਪਰ ਨਵੇਂ ਵਰ੍ਹੇ ਵਿਚ ਕੈਨੇਡਾ ਦੀ ਆਰਥਿਕਤਾ ਬਿਹਤਰ ਹੋਣ ਦੇ ਆਸਾਰ ਵੀ ਨਾਲੋ-ਨਾਲ ਮਹਿਸੂਸ ਕੀਤੇ ਜਾ ਸਕਦੇ ਹਨ। ਦੱਸ ਦੇਈਏ ਕਿ ਦਸੰਬਰ ਦੌਰਾਨ ਪੈਦਾ ਹੋਏ ਰੁਜ਼ਗਾਰ ਦੇ ਨਵੇਂ ਮੌਕਿਆਂ ਵਿਚੋਂ ਜ਼ਿਆਦਾਤਰ ਫੁੱਲ ਟਾਈਮ ਰਹੇ ਅਤੇ ਐਜੁਕੇਸ਼ਨਲ ਸਰਵਿਸਿਜ਼, ਹੈਲਥ ਕੇਅਰ, ਸੋਸ਼ਲ ਅਸਿਸਟੈਂਸ, ਫਾਇਨਾਂਸ ਅਤੇ ਟ੍ਰਾਂਸਪੋਰਟੇਸ਼ਨ ਸੈਕਟਰ ਨੂੰ ਸਭ ਤੋਂ ਵੱਧ ਫਾਇਦਾ ਹੋਇਆ।
ਪ੍ਰਤੀ ਘੰਟਾ ਉਜਰਤ ਦਰ ਵਧ ਕੇ 35.77 ਡਾਲਰ ਹੋਈ
ਇਸੇ ਦੌਰਾਨ ਸੀ.ਆਈ.ਬੀ.ਸੀ. ਦੇ ਸੀਨੀਅਰ ਇਕੌਨੋਮਿਸਟ ਐਂਡਰਿਊਂ ਗ੍ਰੈਂਥਮ ਨੇ ਆਪਣੇ ਕਲਾਈਂਟਸ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਰੁਜ਼ਗਾਰ ਖੇਤਰ ਦਾ ਤਾਜ਼ਾ ਰਿਪੋਰਟ ਬਿਨਾਂ ਸ਼ੱਕ ਕਿਆਸਿਆਂ ਤੋਂ ਕਿਤੇ ਬਿਹਤਰ ਸਾਬਤ ਹੋਈ ਹੈ ਪਰ ਹੁਣ ਵੀ ਬੇਰੁਜ਼ਗਾਰੀ ਦਾ ਪੱਧਰ ਕਾਫ਼ੀ ਉਚਾ ਨਜ਼ਰ ਆ ਰਿਹਾ ਹੈ। ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਐਲਬਰਟਾ ਨੂੰ ਸਭ ਤੋਂ ਵੱਡਾ ਹਿੱਸਾ ਮਿਲਿਆ। ਆਇਲ ਐਂਡ ਗੈਸ, ਪਾਈਪਲਾਈਨ ਟ੍ਰਾਂਸਪੋਰਟੇਸ਼ਨ ਅਤੇ ਪ੍ਰਾਇਮਰੀ ਮੈਟਲ ਮੈਨੁਫੈਕਚਰਿੰਗ ਵਰਗੇ ਖੇਤਰਾਂ ਦਾ ਨਵੀਆਂ ਨੌਕਰੀਆਂ ਵਿਚ ਵੱਡਾ ਯੋਗਦਾਨ ਰਿਹਾ। ਐਲਬਰਟਾ ਵਿਚ ਬੇਰੁਜ਼ਗਾਰੀ ਦਰ 0.8 ਫ਼ੀ ਸਦੀ ਕਮੀ ਨਾਲ 6.7 ਫ਼ੀ ਸਦੀ ’ਤੇ ਆ ਗਈ ਅਤੇ ਐਲਬਰਟਾ ਵਿਚ ਬੇਰੁਜ਼ਗਾਰਾਂ ਦੀ ਗਿਣਤੀ 8.3 ਫ਼ੀ ਸਦੀ ਤੋਂ ਘਟ ਕੇ 7.4 ਫੀ ਸਦੀ ਦਰਜ ਕੀਤੀ ਗਈ। ਕੈਲਗਰੀ ਵਿਖੇ ਬੇਰੁਜ਼ਗਾਰੀ ਦਰ 7.9 ਫ਼ੀ ਸਦੀ ਤੋਂ ਘਟ ਕੇ 7.8 ਫੀ ਸਦੀ ’ਤੇ ਹੀ ਆ ਸਕੀ ਜਦਕਿ ਕੈਨੇਡਾ ਦੀ ਆਰਥਿਕ ਰਾਜਧਾਨੀ ਵਿਚ ਬੇਰੁਜ਼ਗਾਰਾਂ ਦਾ ਅੰਕੜਾ 8.4 ਫੀ ਸਦੀ ਦਰਜ ਕੀਤਾ ਗਿਆ। ਦਸੰਬਰ 2023 ਤੋਂ ਦਸੰਬਰ 2024 ਦਰਮਿਆਲ ਕੈਲਗਰੀ ਵਿਚ 15 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਵਿਚ ਰੁਜ਼ਗਾਰ ਦਾ ਪੱਧਰ 4 ਫੀ ਸਦੀ ਵਧਿਆ ਹੈ ਅਤੇ ਕੌਮੀ ਔਸਤ ਦੇ ਮੁਕਾਬਲੇ ਇਹ ਦੁੱਗਣਾ ਅੰਕੜਾ ਮੰਨਿਆ ਜਾ ਰਿਹਾ ਹੈ। ਕੈਲਗਰੀ ਇਕੋਨੌਮਿਕ ਡਿਵੈਲਪਮੈਂਟ ਦੀ ਸਟ੍ਰੈਟੇਜੀ ਡਾਇਰੈਕਟਰ ਕੇਟ ਕੌਪਲੋਵਿਚ ਦਾ ਮੰਨਣਾ ਹੈ ਕਿ ਸ਼ਹਿਰ ਵਿਚ ਆਏ ਲੋਕਾਂ ਵਿਚ ਜ਼ਿਆਦਾਤਰ ਕੰਮ ਦੀ ਭਾਲ ਵਿਚ ਹਨ। ਬਿਨਾਂ ਸ਼ੱਕ ਨਵੇਂ ਆਉਣ ਵਾਲਿਆਂ ਨੂੰ ਕੁਝ ਦਿੱਕਤਾਂ ਆਉਂਦੀਆਂ ਹਨ ਪਰ 2025 ਵਿਚ ਹਾਲਾਤ ਬਿਹਤਰ ਹੋ ਸਕਦੇ ਹਨ।