ਵਿੰਨੀਪੈਗ : ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਨਾਲ ਸਬੰਧਤ 800 ਤੋਂ ਵੱਧ ਲੋਕਾਂ ਤੋਂ ਕਰੋੜਾਂ ਡਾਲਰ ਠੱਗਣ ਵਾਲੇ ਜਵਾਦ ਰਾਠੌਰ ਅਤੇ ਵਿੰਸ ਪੈਟਰੋਜ਼ਾ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਸਟਿਸ ਡੈਨੀਅਲ ਮੂਰ ਨੇ ਦੋਹਾਂ ਨੂੰ ਸਜ਼ਾ ਦਾ ਐਲਾਲ ਕਰਦਿਆਂ 12-12 ਮਿਲੀਅਨ ਡਾਲਰ ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਵੀ ਦਿਤੇ ਅਤੇ ਕਿਹਾ ਕਿ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਦੋਹਾਂ ਨੂੰ ਪੰਜ-ਪੰਜ ਸਾਲ ਵਾਧੂ ਜੇਲ ਕੱਟਣੀ ਪਵੇਗੀ। ਜਸਟਿਸ ਮੂਰ ਨੇ ਕਿਹਾ ਕਿ ਕੋਈ ਸਜ਼ਾ ਨਿਵੇਸ਼ਕਾਂ ਦੀ ਰਕਮ ਵਾਪਸ ਨਹੀਂ ਲਿਆ ਸਕਦੀ ਅਤੇ ਨਾ ਹੀ ਆਰਥਿਕ ਅਤੇ ਮਾਨਸਿਕ ਤੌਰ ’ਤੇ ਹੋਏ ਨੁਕਸਾਨ ਦੀ ਭਰਪਾਈ ਕਰ ਸਕਦੀ ਹੈ। ਦੂਜੇ ਪਾਸੇ ਰਾਠੌਰ ਅਤੇ ਪੈਟਰੋਜ਼ਾ ਦੇ ਵਕੀਲਾਂ ਨੇ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਅਪੀਲ ਦਾਇਰ ਕਰ ਦਿਤੀ ਅਤੇ ਦੋਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।
ਜਵਾਦ ਰਾਠੌਰ ਅਤੇ ਵਿੰਸ ਪੈਟਰੋਜ਼ਾ ਨੂੰ ਪੰਜ ਸਾਲ ਦੀ ਕੈਦ
ਫੌਰਟ੍ਰੈੱਸ ਰੀਅਲ ਡਿਵੈਲਪਮੈਂਟਸ ਦੇ ਕੋਅ ਫ਼ਾਊਂਡਰ ਜਵਾਦ ਰਾਠੌਰ ਵੱਲੋਂ ਪੇਸ਼ ਵਕੀਲ ਸਕੌਟ ਫੈਂਟਨ ਨੇ ਦੋਸ਼ ਲਾਇਆ ਕਿ ਮੁਕੱਦਮੇ ਦੀ ਸੁਣਵਾਈ ਕਰ ਰਹੇ ਜੱਜ ਨੇ ਫ਼ੌਰਟ੍ਰੈੱਸ ਦੇ ਸਾਰੇ ਪ੍ਰੌਜੈਕਟਾਂ ਨਾਲ ਸਬੰਧਤ ਸਬੂਤਾਂ ਨੂੰ ਨਜ਼ਰਅੰਦਾਜ਼ ਕਰ ਦਿਤਾ ਜਦਕਿ ਸਿਰਫ਼ ਦੋ ਪ੍ਰੌਜੈਕਟਾਂ ਵੱਲ ਧਿਆਨ ਕੇਂਦਰਤ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਜਵਾਦ ਰਾਠੌਰ ਅਤੇ ਵਿੰਸ ਪੈਟਰੋਜ਼ਾ ਵੱਲੋਂ ਕੰਪਨੀ ਦੀ ਸ਼ੁਰੂਆਤ 2008 ਵਿਚ ਕੀਤੀ ਗਈ। ਕੰਪਨੀ ਵੱਲੋਂ ਆਰੰਭੀ ਵਿਲੱਖਣ ਕਿਸਮ ਦੀ ਮੌਰਗੇਜ ਯੋਜਨਾ ਲੋਕਾਂ ਵਿਚ ਬੇਹੱਦ ਮਕਬੂਲ ਹੋਈ ਅਤੇ 14 ਹਜ਼ਾਰ ਤੋਂ ਵੱਧ ਰਿਟੇਲ ਇਨਵੈਸਟਰਜ਼ ਨੇ ਕੈਨੇਡਾ ਦੇ ਵੱਖ ਵੱਖ ਸ਼ਹਿਰ ਵਿਚ 80 ਉਸਾਰੀ ਪ੍ਰੌਜੈਕਟਾਂ ਵਾਸਤੇ 920 ਮਿਲੀਅਨ ਡਾਲਰ ਦੀ ਰਕਮ ਨਿਵੇਸ਼ ਕਰ ਦਿਤੀ ਪਰ ਉਨਟਾਰੀਓ ਦੇ ਬੈਰੀ ਸ਼ਹਿਰ ਵਿਖੇ ਕੌਲੀਅਰਜ਼ ਸੈਂਟਰ ਅਤੇ ਵਿੰਨੀਪੈਗ ਦੇ ਸਕਾਈ ਸਿਟੀ ਪ੍ਰੌਜੈਕਟ ਵਿਵਾਦਾਂ ਵਿਚ ਘਿਰ ਗਏ। ਜਸਟਿਸ ਮੂਰ ਨੇ ਤਮਾਮ ਸਬੂਤਾਂ ’ਤੇ ਗੌਰ ਕਰਦਿਆਂ ਸਿੱਟਾ ਕੱਢਿਆ ਕਿ ਨਿਵੇਸ਼ਕਾਂ ਨੂੰ ਠੱਗਿਆ ਗਿਆ।
ਅਦਾਲਤ ਨੇ 12-12 ਮਿਲੀਅਨ ਡਾਲਰ ਜੁਰਮਾਨਾ ਵੀ ਲਾਇਆ
ਸਰਕਾਰੀ ਵਕੀਲਾਂ ਨੇ ਜਵਾਦ ਰਾਠੌਰ ਅਤੇ ਵਿੰਸ ਪੈਟਰੋਜ਼ਾ ਨੂੰ 10 ਸਾਲ ਸਜ਼ਾ ਸੁਣਾਉਣ ਅਤੇ 26 ਮਿਲੀਅਨ ਡਾਲਰ ਦੀ ਰਕਮ ਜ਼ਬਤ ਕੀਤੇ ਜਾਣ ਦੀ ਮੰਗ ਕੀਤੀ ਜਦਕਿ ਬਚਾਅ ਪੱਖ ਦੇ ਵਕੀਲਾਂ ਨੇ 2 ਸਾਲ ਸਾਲ ਦੀ ਸ਼ਰਤੀਆ ਸਜ਼ਾ ਜਿਸ ਵਿਚ ਇਕ ਸਾਲ ਘਰ ਵਿਚ ਨਜ਼ਰਬੰਦੀ ਸ਼ਾਮਲ ਹੋਵੇ, ਦੀ ਮੰਗ ਕੀਤੀ। ਜਸਟਿਸ ਮੂਰ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਕਿਹਾ ਕਿ 10 ਸਾਲ ਦੀ ਸਜ਼ਾ ਪੌਂਜ਼ੀ ਸਕੀਮਾਂ ਦੇ ਮਾਮਲੇ ਵਿਚ ਸੁਣਾਈ ਜਾਂਦੀ ਹੈ ਪਰ ਇਥੇ ਪੌਂਜ਼ੀ ਕਿਸਮ ਵਰਗੀ ਠੱਗੀ ਸਾਹਮਣੇ ਨਹੀਂ ਆਈ। ਇਥੇ ਦਸਣਾ ਬਣਦਾ ਹੈ ਕਿ 49 ਸਾਲ ਦਾ ਜਵਾਦ ਰਾਠੌਰ ਛੇ ਬੱਚਿਆਂ ਦਾ ਪਿਉ ਹੈ ਜਦਕਿ 50 ਸਾਲਾ ਪੈਟਰੋਜ਼ਾ ਤਿੰਲ ਬੱਚਿਆਂ ਦਾ ਪਿਉ ਹੈ ਜੋ ਯੂਨੀਵਰਸਿਟੀ ਵਿਚ ਪੜ੍ਹਦੇ ਹਨ। ਜ਼ਮਾਨਤੀ ਦਸਤਾਵੇਜ਼ਾਂ ਵਿਚ ਯਕੀਨ ਦਿਵਾਇਆ ਗਿਆ ਹੈ ਕਿ ਰਾਠੌਰ ਅਤੇ ਪੈਟਰੋਜ਼ਾ ਫਰਾਰ ਨਹੀਂ ਹੋਣਗੇ ਅਤੇ ਦੋਹਾਂ ਵੱਲੋਂ 2 ਲੱਖ 75 ਹਜ਼ਾਰ ਦਾ ਬੌਂਡ ਭਰਿਆ ਗਿਆ ਹੈ।