ਕੈਨੇਡਾ ਤੋਂ ਡਿਪੋਰਟ ਹੋਣਗੇ 8 ਪੰਜਾਬੀ
ਕੈਨੇਡਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀਆਂ ਦੀ ਸੂਚੀ ਉਸ ਵੇਲੇ ਹੋਰ ਲੰਮੀ ਹੋ ਗਈ ਜਦੋਂ ਪੀਲ ਰੀਜਨਲ ਪੁਲਿਸ ਵੱਲੋਂ ਕਾਬੂ ਅੱਠ ਨੌਜਵਾਨਾਂ ਦੇ ਪੋਤੜੇ ਫਰੋਲਣ ਕੈਨੇਡਾ ਬਾਰਡਰ ਸਰਵਿਸਿਜ਼ ਵਾਲੇ ਪੁੱਜ ਗਏ
ਮਿਸੀਸਾਗਾ : ਕੈਨੇਡਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀਆਂ ਦੀ ਸੂਚੀ ਉਸ ਵੇਲੇ ਹੋਰ ਲੰਮੀ ਹੋ ਗਈ ਜਦੋਂ ਪੀਲ ਰੀਜਨਲ ਪੁਲਿਸ ਵੱਲੋਂ ਕਾਬੂ ਅੱਠ ਨੌਜਵਾਨਾਂ ਦੇ ਪੋਤੜੇ ਫਰੋਲਣ ਕੈਨੇਡਾ ਬਾਰਡਰ ਸਰਵਿਸਿਜ਼ ਵਾਲੇ ਪੁੱਜ ਗਏ। ਸੀ.ਬੀ.ਐਸ.ਏ. ਕੋਲ ਅਪਰਾਧਕ ਰਿਕਾਰਡ ਵਾਲੇ 1,635 ਵਿਦੇਸ਼ੀ ਨਾਗਰਿਕਾਂ ਦੀ ਸੂਚੀ ਮੌਜੂਦ ਹੈ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਅਤੇ ਇਨ੍ਹਾਂ ਵਿਚੋਂ ਕਈ ਦੇਸ਼ ਨਿਕਾਲੇ ਤੋਂ ਬਚਣ ਲਈ ਰੂਪੋਸ਼ ਹੋ ਗਏ। ਬਾਰਡਰ ਅਫ਼ਸਰ ਇਹ ਮੌਕਾ ਖੁੰਝਾਉਣਾ ਨਹੀਂ ਚਾਹੁੰਦੇ ਅਤੇ ਜ਼ਮਾਨਤ ਮਿਲਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਆਰੰਭੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ 4 ਲੱਖ ਡਾਲਰ ਤੋਂ ਵੱਧ ਮੁੱਲ ਦੀ ਚੋਰੀਸ਼ੁਦਾ ਡਾਕ ਸਣੇ ਕਾਬੂ ਕੀਤੇ ਪੰਜਾਬੀਆਂ ਦੀ ਸ਼ਨਾਖ਼ਤ ਸੁਮਨਪ੍ਰੀਤ ਸਿੰਘ, ਗੁਰਦੀਪ ਚੱਠਾ, ਜਸ਼ਨਦੀਪ ਜਟਾਣਾ, ਹਰਮਨ ਸਿੰਘ, ਜਸ਼ਨਪ੍ਰੀਤ ਸਿੰਘ, ਮਨਰੂਪ ਸਿੰਘ, ਰਾਜਬੀਰ ਸਿੰਘ ਅਤੇ ਉਪਿੰਦਰਜੀਤ ਸਿੰਘ ਵਜੋਂ ਕੀਤੀ ਗਈ ਹੈ।
ਡਾਕ ਚੋਰੀ ਦੇ ਮਾਮਲੇ ਵਿਚ ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਚੋਰੀਸ਼ੁਦਾ ਡਾਕ ਵਿਚ 250 ਤੋਂ ਵੱਧ ਚੈੱਕ, 182 ਕ੍ਰੈਡਿਟ ਕਾਰਡ, 20 ਗਿਫ਼ਟ ਕਾਰਡ ਅਤੇ ਵੱਖ ਵੱਖ ਸਰਕਾਰੀ ਦਸਤਾਵੇਜ਼ ਬਰਾਮਦ ਕੀਤੇ ਗਏ। ਡਾਕ ਚੋਰ ਗਿਰੋਹ ਦੇ ਗ੍ਰਿਫ਼ਤਾਰ ਮੈਂਬਰਾਂ ਦੀ ਉਮਰ 21 ਸਾਲ ਤੋਂ 29 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਮਿਸੀਸਾਗਾ ਜਾਂ ਬਰੈਂਪਟਨ ਨਾਲ ਸਬੰਧਤ ਹਨ। ਪੁਲਿਸ ਨੇ ਦੱਸਿਆ ਕਿ ਮਾਲਟਨ ਵਿਚ ਛਾਪਿਆਂ ਦੌਰਾਨ ਚੋਰੀਸ਼ੁਦਾ ਡਾਕ ਬਰਾਮਦ ਕੀਤੀ ਗਈ ਜੋ ਮਿਸੀਸਾਗਾ ਅਤੇ ਬਰੈਂਪਟਨ ਤੋਂ ਇਲਾਵਾ ਹਾਲਟਨ ਰੀਜਨ ਵਿਚ ਜਨਤਕ ਥਾਵਾਂ ’ਤੇ ਲੱਗੇ ਡਾਕ ਬਕਸਿਆਂ ਵਿਚੋਂ ਕੱਢੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਡਾਕ ਚੋਰਾਂ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 21 ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫ਼ਸਰਾਂ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ। ਉਧਰ ਸੀ.ਬੀ.ਐਸ.ਏ. ਵਾਲੇ ਸੰਭਾਵਤ ਤੌਰ ’ਤੇ ਇਕ ਚਾਰਟਰਡ ਪਲੇਨ ਭਰ ਕੇ ਇੰਡੀਆ ਭੇਜਣ ਦੀ ਯੋਜਨਾ ਬਣਾ ਰਹੇ ਹਨ।
ਸੀ.ਬੀ.ਐਸ.ਏ. ਵਾਲਿਆਂ ਨੇ ਮੁਲਕ ਵਿਚੋਂ ਕੱਢਣ ਦੀ ਤਿਆਰੀ ਆਰੰਭੀ
ਅਪਰਾਧਕ ਪਿਛੋਕੜ ਵਾਲੇ ਵਿਦੇਸ਼ੀ ਨਾਗਰਿਕਾਂ ਵਿਚੋਂ 70 ਫੀ ਸਦੀ ਵਿਰੁੱਧ ਗੰਭੀਰ ਦੋਸ਼ ਹਨ ਜਿਨ੍ਹਾਂ ਤਹਿਤ ਛੇ ਮਹੀਨੇ ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਬਾਰਡਰ ਏਜੰਸੀ ਦੇ ਬੁਲਾਰੇ ਲੂਕ ਰਾਈਮਰ ਦਾ ਕਹਿਣਾ ਸੀ ਕਿ ਰਿਮੂਵਲ ਆਰਡਰਜ਼ ਦੇ ਘਰੇ ਵਿਚ ਆਏ ਲੋਕਾਂ ਨੂੰ ਜਲਦ ਤੋਂ ਜਲਦ ਮੁਲਕ ਵਿਚੋਂ ਕੱਢਣਾ ਏਜੰਸੀ ਦਾ ਫਰਜ਼ ਹੈ ਤਾਂਕਿ ਕੈਨੇਡਾ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਰਾਈਮਰ ਨੇ ਦੱਸਿਆ ਕਿ ਡਿਪੋਰਟੇਸ਼ਨ ਸੂਚੀ ਵਿਚ ਆਏ ਵਿਦੇਸ਼ੀ ਨਾਗਰਿਕ ਵੱਖ ਵੱਖ ਤਰੀਕੇ ਅਖਤਿਆਰ ਕਰਦਿਆਂ ਬਾਰਡਰ ਅਫ਼ਸਰਾਂ ਤੋਂ ਬਚਣ ਦੇ ਯਤਨ ਕਰ ਰਹੇ ਹਨ ਪਰ ਲੰਮਾ ਸਮਾਂ ਅਜਿਹਾ ਨਹੀਂ ਕਰ ਸਕਦੇ।
4 ਲੱਖ ਡਾਲਰ ਮੁੱਲ ਦੀ ਚੋਰੀਸ਼ੁਦਾ ਡਾਕ ਬਰਾਮਦ
ਇਸੇ ਦੌਰਾਨ ਇੰਮੀਗ੍ਰੇਸ਼ਨ ਵਕੀਲ ਯੋਆਨ ਐਕਸਲ ਨੇ ਕਿਹਾ ਕਿ ਫਾਸਟਰ ਰਿਮੂਵਲ ਆਫ਼ ਫੌਰਨ ਕ੍ਰਿਮੀਨਲਜ਼ ਐਕਟ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨਾ ਜ਼ਿਆਦਾ ਬਿਹਤਰ ਹੈ ਕਿਉਂਕਿ ਇਸ ਮਗਰੋਂ ਵਿਦੇਸ਼ੀ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਕੋਲ ਡਿਪੋਰਟੇਸ਼ਨ ਵਿਰੁੱਧ ਅਪੀਲ ਕਰਨ ਦਾ ਰਾਹ ਬਾਕੀ ਨਹੀਂ ਬਚਦਾ। ਦੱਸ ਦੇਈਏ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਪਿਛਲੇ ਸਾਲ 18000 ਹਜ਼ਾਰ ਅਪਰਾਧੀਆਂ ਨੂੰ ਡਿਪੋਰਟ ਕੀਤਾ ਗਿਆ ਅਤੇ ਆਉਂਦੇ 2 ਵਰਿ੍ਹਆਂ ਦੌਰਾਨ 20 ਹਜ਼ਾਰ ਹੋਰਨਾਂ ਨੂੰ ਡਿਪੋਰਟ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਅਪਰਾਧੀਆਂ ਤੋਂ ਇਲਾਵਾ ਅਸਫ਼ਲ ਅਸਾਇਲਮ ਕਲੇਮੈਂਟਸ ਨੂੰ ਕੈਨੇਡਾ ਵਿਚੋਂ ਕੱਢਣ ’ਤੇ ਵੀ ਜ਼ੋਰ ਦਿਤਾ ਜਾ ਰਿਹਾ ਹੈ।