ਕੈਨੇਡਾ ’ਚ ਪੰਜਾਬੀ ਨੌਜਵਾਨ ਦੇ ਮਾਰੀਆਂ 8 ਗੋਲੀਆਂ

ਕੈਨੇਡਾ ਵਿਚ ਪੰਜਾਬੀ ਨੌਜਵਾਨ ਉਤੇ ਗੋਲੀਆਂ ਚੱਲਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸ਼ਨਾਖਤ 29 ਸਾਲ ਦੇ ਪਰਮਬੀਰ ਸਿੰਘ ਵਜੋਂ ਕੀਤੀ ਗਈ ਹੈ।;

Update: 2024-11-11 10:43 GMT

ਟੋਰਾਂਟੋ : ਕੈਨੇਡਾ ਵਿਚ ਪੰਜਾਬੀ ਨੌਜਵਾਨ ਉਤੇ ਗੋਲੀਆਂ ਚੱਲਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸ਼ਨਾਖਤ 29 ਸਾਲ ਦੇ ਪਰਮਬੀਰ ਸਿੰਘ ਵਜੋਂ ਕੀਤੀ ਗਈ ਹੈ। ਤਰਨਤਾਰਨ ਦੇ ਪਿੰਡ ਭੱਗੂਪੁਰ ਨਾਲ ਸਬੰਧਤ ਪਰਮਬੀਰ ਸਿੰਘ ਦੇ ਪਰਵਾਰ ਮੁਤਾਬਕ ਉਸ ਨੂੰ ਅੱਠ ਗੋਲੀਆਂ ਲੱਗੀਆਂ ਅਤੇ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਪਰਮਬੀਰ ਸਿੰਘ ’ਤੇ ਹਮਲਾ ਕਰਨ ਵਾਲਾ ਨਾਈਜੀਰੀਅਨ ਦੱਸਿਆ ਜਾ ਰਿਹਾ ਹੈ ਪਰ ਗੋਲੀਬਾਰੀ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।

ਪਰਮਬੀਰ ਸਿੰਘ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ

ਪਰਮਬੀਰ ਸਿੰਘ ਦੇ ਪਰਵਾਰਕ ਮੈਂਬਰਾਂ ਦਾ ਰੋਅ ਰੋਅ ਕੇ ਬੁਰਾ ਹਾਲ ਹੈ ਅਤੇ ਕੈਨੇਡੀਅਨ ਪੁਲਿਸ ਨੂੰ ਅਪੀਲ ਕੀਤੀ ਗਈ ਹੈ ਕਿ ਹਮਲਾਵਰ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਇਸੇ ਦੌਰਾਨ ਬਰੈਂਪਟਨ ਦੇ ਲੌਕਵੁੱਡ ਰੋਡ ਅਤੇ ਚੈਡਵਿਕ ਸਟ੍ਰੀਟ ਇਲਾਕੇ ਵਿਚ ਗੋਲੀਬਾਰੀ ਦੌਰਾਨ 30-35 ਸਾਲ ਦੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਦੂਜੇ ਪਾਸੇ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਸਕਾਰਬ੍ਰੋਅ ਵਿਖੇ ਵੁਡਸਾਈਡ ਸਿਨੇਮਾਜ਼ ’ਤੇ ਗੋਲੀਆਂ ਚੱਲ ਗਈਆਂ। ਮੌਕੇ ’ਤੇ ਪੁੱਜੇ ਅਫਸਰਾਂ ਨੂੰ ਗੋਲੀਬਾਰੀ ਦੇ ਕਈ ਸੁਰਾਗ ਮਿਲੇ ਪਰ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਇਸ ਮਗਰੋਂ ਐਤਵਾਰ ਸਵੇਰੇ ਤਕਰੀਬਨ 6 ਵਜੇ ਇਸੇ ਸਿਨੇਮਾ ਘਰ ’ਤੇ ਮੁੜ ਗੋਲੀਆਂ ਚੱਲੀਆਂ।

ਸਕਾਰਬ੍ਰੋਅ ਦੇ ਵੁਡਸਾਈਡ ਸਿਨੇਮਾਜ਼ ’ਤੇ ਵੀ ਚੱਲੀਆਂ ਗੋਲੀਆਂ

ਡਿਊਟੀ ਇੰਸਪੈਕਟਰ ਟੌਡ ਜੋਕੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜਿਹੀਆਂ ਵਾਰਦਾਤਾਂ ਕਮਿਊਨਿਟੀ ਵਿਚ ਡਰ ਪੈਦਾ ਕਰਦੀਆਂ ਹਨ ਅਤੇ ਟੋਰਾਂਟੋ ਪੁਲਿਸ ਆਪਣੇ ਸਰੋਤਾਂ ਰਾਹੀਂ ਸ਼ੱਕੀਆਂ ਨੂੰ ਕਾਬੂ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਵੁਡਸਾਈਡ ਸਕੁਏਅਰ ਸਿਨੇਮਾਜ਼ ਵਿਚ ਆਮ ਤੌਰ ’ਤੇ ਹਿੰਦੀ ਅਤੇ ਤਾਮਿਲ ਫਿਲਮਾਂ ਦਿਖਾਈਆਂ ਜਾਂਦੀਆਂ ਹਨ ਜਦਕਿ ਅੰਗਰੇਜ਼ੀ ਫਿਲਮਾਂ ਦੀ ਗਿਣਤੀ ਬੇਹੱਦ ਸੀਮਤ ਹੁੰਦੀ ਹੈ। ਨਵੰਬਰ ਦੇ ਸ਼ੁਰੂ ਵਿਚ ਇਸੇ ਥਿਏਟਰ ਵਿਚ ਅੱਗ ਲਾਉਣ ਦੀ ਵਾਰਦਾਤ ਸਾਹਮਣੇ ਆਈ ਸੀ। ਫਿਲਹਾਲ ਪੁਲਿਸ ਵੱਲੋਂ ਗੋਲੀਬਾਰੀ ਦੀ ਵਾਰਦਾਤ ਨੂੰ ਸਾਊਥ ਏਸ਼ੀਅਨ ਫਿਲਮ ਇੰਡਸਟਰੀ ਅੰਦਰ ਚੱਲ ਰਹੇ ਟਕਰਾਅ ਨਾਲ ਨਹੀਂ ਜੋੜਿਆ ਅਤੇ ਪੜਤਾਲ ਕੀਤੀ ਜਾ ਰਹੀ ਹੈ।

Tags:    

Similar News