ਦੰਦਾਂ ਦਾ ਸਸਤਾ ਇਲਾਜ ਕਰਨ ਲੱਗੇ ਕੈਨੇਡਾ ਦੇ 70 ਫੀ ਸਦੀ ਡਾਕਟਰ

ਦੰਦਾਂ ਦੇ ਸਸਤੇ ਇਲਾਜ ਦਾ ਘੇਰਾ ਵਧਦਾ ਜਾ ਰਿਹਾ ਹੈ ਅਤੇ 70 ਫੀ ਸਦੀ ਤੋਂ ਵੱਧ ਡਾਕਟਰ ਕੈਨੇਡੀਅਨ ਡੈਂਟਲ ਕੇਅਰ ਪਲੈਨ ਅਧੀਨ ਮਰੀਜ਼ਾਂ ਨੂੰ ਪ੍ਰਵਾਨ ਕਰ ਰਹੇ ਹਨ।

Update: 2024-08-08 11:59 GMT

ਔਟਵਾ : ਦੰਦਾਂ ਦੇ ਸਸਤੇ ਇਲਾਜ ਦਾ ਘੇਰਾ ਵਧਦਾ ਜਾ ਰਿਹਾ ਹੈ ਅਤੇ 70 ਫੀ ਸਦੀ ਤੋਂ ਵੱਧ ਡਾਕਟਰ ਕੈਨੇਡੀਅਨ ਡੈਂਟਲ ਕੇਅਰ ਪਲੈਨ ਅਧੀਨ ਮਰੀਜ਼ਾਂ ਨੂੰ ਪ੍ਰਵਾਨ ਕਰ ਰਹੇ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 16,612 ਦੰਦਾਂ ਦੇ ਡਾਕਟਰ, 1746 ਦੰਦ ਸਾਜ਼ ਅਤੇ 857 ਡੈਂਟਲ ਹਾਈਜੀਨਿਸਟ ਸਰਕਾਰੀ ਬੀਮੇ ਅਧੀਨ ਆ ਚੁੱਕੇ ਹਨ ਜਦਕਿ ਇਕ ਮਹੀਨਾ ਪਹਿਲਾਂ ਤੱਕ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਨਜ਼ਰ ਆ ਰਹੀ ਸੀ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ 8 ਜੁਲਾਈ ਤੋਂ ਨਿਯਮਾਂ ਵਿਚ ਤਬਦੀਲੀ ਕੀਤੇ ਜਾਣ ਮਗਰੋਂ ਡਾਕਟਰਾਂ ਦਾ ਰੁਝਾਨ ਵੀ ਬਦਲ ਗਿਆ। ਹੁਣ ਦੰਦਾਂ ਦੇ ਡਾਕਟਰ ਕੈਨੇਡੀਅਨ ਡੈਂਟਲ ਕੇਅਰ ਪਲੈਨ ਵਿਚ ਰਜਿਸਟ੍ਰੇਸ਼ਨ ਕੀਤੇ ਬਗੈਰ ਇਲਾਜ ਦੇ ਖਰਚੇ ਦਾ ਦਾਅਵਾ ਕਰ ਸਕਦੇ ਹਨ। ਔਟਵਾ ਦੇ ਇਕ ਡੈਂਟਲ ਕਲੀਨਿਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਡੈਂਟਲ ਕੇਅਰ ਪਲੈਨ ਦੇ ਰਾਹ ਵਿਚ ਆਉਣ ਵਾਲੇ ਸਾਰੇ ਅੜਿੱਕੇ ਖਤਮ ਕੀਤੇ ਜਾ ਰਹੇ ਹਨ ਅਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਡਾਕਟਰ ਜਾਂ ਹਾਈਜੀਨਿਸਟ ਦੇ ਮਨ ਵਿਚ ਉਠਣ ਵਾਲੇ ਹਰ ਸਵਾਲ ਦਾ ਜਵਾਬ ਦਿਤੇ ਜਾ ਸਕੇ।

ਕੈਨੇਡੀਅਨ ਡੈਂਟਲ ਕੇਅਰ ਪਲੈਨ ਅਧੀਨ ਮਰੀਜ਼ਾਂ ਨੂੰ ਭਰਨ ਲੱਗੇ ਹਾਮੀ

ਇਥੇ ਦਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਵੱਲੋਂ ਡੈਂਟਲ ਕੇਅਰ ਪਲੈਨ ਆਰੰਭੇ ਜਾਣ ਮੌਕੇ ਦੰਦਾਂ ਦੇ ਡਾਕਟਰਾਂ ਨੇ ਜ਼ਿਆਦਾ ਦਿਲਚਸਪੀ ਨਹੀਂ ਲਈ ਕਿਉਂਕਿ ਕਾਗਜ਼ੀ ਕਾਰਵਾਈ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਸਨ। ਕੈਨੇਡੀਅਨ ਡੈਂਟਲ ਕੇਅਰ ਐਸੋਸੀਏਸ਼ਨ ਮੁਤਾਬਕ ਨਵੀਂ ਯੋਜਨਾ ਸ਼ੁਰੂ ਹੋਣ ਦੇ ਪਹਿਲੇ ਤਿੰਨ ਮਹੀਨੇ ਦੌਰਾਨ 4 ਲੱਖ 50 ਹਜ਼ਾਰ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਕੈਨੇਡਾ ਡੈਂਟਲ ਕੇਅਰ ਪਲੈਨ ਨੂੰ ਮੁਲਕ ਦੇ ਯੂਨੀਵਰਸਲ ਹੈਲਥ ਕੇਅਰ ਦਾ ਇਕ ਵੱਡਾ ਵਿਸਤਾਰ ਦੱਸਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਪੰਜ ਸਾਲ ਦੌਰਾਨ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਉਨ੍ਹਾਂ ਕੈਨੇਡੀਅਨਜ਼ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਕੋਲ ਪ੍ਰਾਈਵੇਟ ਡੈਂਟਲ ਇੰਸ਼ੋਰੈਂਟਸ ਪਲੈਨ ਮੌਜੂਦ ਨਹੀਂ। ਇਸ ਵੇਲੇ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਅਤੇ ਬਜ਼ੁਰਗਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਜਨਵਰੀ 2025 ਤੋਂ ਹਰ ਉਮਰ ਵਰਗ ਦੇ ਲੋਕ ਇਸ ਅਰਜ਼ੀਆਂ ਦਾਖਲ ਕਰ ਸਕਣਗੇ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਸਰਕਾਰ ਦੇ ਡੈਂਟਲ ਕੇਅਰ ਯੋਜਨਾ ਨੂੰ ਨਿਕੰਮੀ ਕਰਾਰ ਦਿਤਾ। ਸਿਹਤ ਮਾਮਲਿਆਂ ਬਾਰੇ ਆਲੋਚਕ ਸਟੀਫਲ ਐਲਿਸ ਨੇ ਕਿਹਾ ਕਿ ਜ਼ਿਆਦਾਤਰ ਕੈਨੇਡੀਅਨ ਇਸ ਯੋਜਨਾ ਦੇ ਘੇਰੇ ਵਿਚ ਹੀ ਨਹੀਂ ਆਉਂਦੇ ਅਤੇ ਜਿਹੜੇ ਆਉਂਦੇ ਹਨ, ਉਨ੍ਹਾਂ ਨੂੰ ਕੁਝ ਖਰਚਾ ਆਪਣੀ ਜੇਬ ਵਿਚੋਂ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਤਬਾਹਕੁੰਨ ਡੈਂਟਲ ਕੇਅਰ ਪਲੈਨ ਸਿਰਫ ਸਮੱਸਿਆਵਾਂ ਅਤੇ ਲਾਲ ਫੀਤਾਸ਼ਾਹੀ ਦਾ ਸਬੱਬ ਬਣੇਗਾ ਜਦਕਿ ਲਿਬਰਲ ਸਰਕਾਰ ਆਪਣੀ ਪਿੱਠ ਥਾਪੜਨ ਦਾ ਕੋਈ ਮੌਕਾ ਖੁੰਝਾਉਣਾ ਨਹੀਂ ਚਾਹੁੰਦੀ। ਟੋਰੀਆਂ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਕਿਹਾ ਕਿ ਅਮੀਰਾਂ ਦਾ ਪੱਖ ਪੂਰਨ ਵਾਲੀ ਪਾਰਟੀ ਨੂੰ ਆਮ ਲੋਕਾਂ ਦੀ ਸਹੂਲਤ ਬਰਦਾਸ਼ਤ ਨਹੀਂ ਹੋ ਰਹੀ।

Tags:    

Similar News