ਕੈਨੇਡਾ ਵਿਚ ਪੈਦਾ ਹੋਈਆਂ 67 ਹਜ਼ਾਰ ਨਵੀਆਂ ਨੌਕਰੀਆਂ
ਕੈਨੇਡਾ ਦੇ ਰੁਜ਼ਗਾਰ ਖੇਤਰ ਵਿਚ 67 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਬੇਰੁਜ਼ਗਾਰੀ ਦਰ ਘਟ ਕੇ 6.9 ਫ਼ੀ ਸਦੀ ’ਤੇ ਆਉਣ ਦੀ ਰਿਪੋਰਟ ਨੇ ਆਰਥਿਕ ਮਾਹਰਾਂ ਨੂੰ ਗਦ-ਗਦ ਕਰ ਦਿਤਾ
ਟੋਰਾਂਟੋ : ਕੈਨੇਡਾ ਦੇ ਰੁਜ਼ਗਾਰ ਖੇਤਰ ਵਿਚ 67 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਬੇਰੁਜ਼ਗਾਰੀ ਦਰ ਘਟ ਕੇ 6.9 ਫ਼ੀ ਸਦੀ ’ਤੇ ਆਉਣ ਦੀ ਰਿਪੋਰਟ ਨੇ ਆਰਥਿਕ ਮਾਹਰਾਂ ਨੂੰ ਗਦ-ਗਦ ਕਰ ਦਿਤਾ। ਹੋਲਸੇਲ ਅਤੇ ਰਿਟੇਲ ਸੈਕਟਰ ਵਿਚ ਸਭ ਤੋਂ ਵੱਧ 41 ਹਜ਼ਾਰ ਨੌਕਰੀਆਂ ਪੈਦਾ ਹੋਈਆਂ ਜਦਕਿ ਟ੍ਰਾਂਸਪੋਰਟੇਸ਼ਨ, ਵੇਅਰਹਾਊਸਿੰਗ, ਇਨਫ਼ਰਮੇਸ਼ਨ ਅਤੇ ਕਲਚਰ ਐਂਡ ਰੀਕ੍ਰੀਏਸ਼ਨ ਖੇਤਰਾਂ ਵਿਚ ਵੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਪਰ ਕੰਸਟ੍ਰਕਸ਼ਨ ਸੈਕਟਰ ਨੂੰ 15 ਹਜ਼ਾਰ ਨੌਕਰੀਆਂ ਦਾ ਨੁਕਸਾਨ ਬਰਦਾਸ਼ਤ ਕਰਨਾ ਪਿਆ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਅਕਤੂਬਰ ਦਰਮਿਆਨ ਕੰਸਟ੍ਰਕਸ਼ਨ ਅਤੇ ਮੈਨੁਫੈਕਚਰਿੰਗ ਸੈਕਟਰ ਵਿਚ ਨੌਕਰੀਆਂ ਘਟੀਆਂ ਜਦਕਿ ਸਰਵਿਸਿਜ਼ ਅਤੇ ਪ੍ਰੋਡਿਊਸਿੰਗ ਉਦਯੋਗਾਂ ਵਿਚ 1 ਲੱਖ 42 ਹਜ਼ਾਰ ਨੌਕਰੀਆਂ ਦਾ ਫਾਇਦਾ ਹੋਇਆ।
ਬੇਰੁਜ਼ਗਾਰੀ ਦਰ ਘਟ ਕੇ 6.9 ਫ਼ੀ ਸਦੀ ’ਤੇ ਆਈ
ਭਾਵੇਂ ਬੇਰੁਜ਼ਗਾਰੀ ਦਾ ਅੰਕੜਾ ਹੇਠਾਂ ਵੱਲ ਗਿਆ ਹੈ ਪਰ ਹੁਣ ਇਸ ਨੂੰ ਬਿਹਤਰ ਨਹੀਂ ਮੰਨਿਆ ਜਾ ਰਿਹਾ ਹੈ। ਬੀ.ਐਮ.ਓ. ਦੇ ਚੀਫ਼ ਇਕੌਨੋਮਿਸਟ ਡਗਲਸ ਪੋਰਟਰ ਦਾ ਕਹਿਣਾ ਸੀ ਕਿ ਸਤੰਬਰ ਵਿਚ ਬੇਰੁਜ਼ਗਾਰ ਰਹੇ ਪੰਜ ਜਣਿਆਂ ਵਿਚੋਂ ਇਕ ਅਕਤੂਬਰ ਦੌਰਾਨ ਰੁਜ਼ਗਾਰ ਮਿਲਿਆ ਅਤੇ ਬੇਰੁਜ਼ਗਾਰੀ ਦਰ 7.1 ਫ਼ੀ ਸਦੀ ਤੋਂ ਘਟ ਕੇ 6.9 ਫ਼ੀ ਸਦੀ ’ਤੇ ਆਈ। 15 ਤੋਂ 24 ਸਾਲ ਉਮਰ ਵਰਗ ਵਿਚ ਫ਼ਰਵਰੀ ਤੋਂ ਬਾਅਦ ਪਹਿਲੀ ਵਾਰ ਬੇਰੁਜ਼ਗਾਰਾਂ ਦੀ ਗਿਣਤੀ ਘਟੀ ਹੈ ਪਰ ਇਸ ਨੂੰ ਹੋਰ ਹੇਠਾਂ ਲਿਆਉਣਾ ਲਾਜ਼ਮੀ ਹੈ। ਇਸੇ ਦੌਰਾਨ ਟੀ.ਡੀ. ਬੈਂਕ ਦੇ ਐਂਡਰਿਊ ਹੈਨਚਿਚ ਨੇ ਕਿਹਾ ਕਿ ਰੁਜ਼ਗਾਰ ਦੇ ਨਵੇਂ ਮੌਕੇ ਸੀਮਤ ਉਦਯੋਗਾਂ ਵਿਚ ਪੈਦਾ ਹੋ ਰਹੇ ਹਨ ਜਿਸ ਦੇ ਮੱਦੇਨਜ਼ਰ ਨਵੀਂ ਭਰਤੀ ਦਾ ਘੇਰਾ ਜ਼ਿਆਦਾ ਨਹੀਂ ਵਧ ਰਿਹਾ। ਕਿਰਤ ਬਾਜ਼ਾਰ ਹੁਣ ਵੀ ਦਬਾਅ ਹੇਠ ਹੈ ਅਤੇ ਅਗਲੇ ਵਰ੍ਹੇ ਤੱਕ ਹਾਲਾਤ ਸੁਖਾਵੇਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਉਨਟਾਰੀਓ ਵਿਚ 55 ਹਜ਼ਾਰ ਨੌਕਰੀਆਂ ਪੈਦਾ ਹੋਣ ਤੋਂ ਡਗ ਫ਼ੋਰਡ ਖੁਸ਼
ਰਾਜਾਂ ਦੇ ਆਧਾਰ ’ਤੇ ਦੇਖਿਆ ਜਾਵੇ ਤਾਂ ਉਨਟਾਰੀਓ ਵਿਚ ਸਭ ਤੋਂ ਵੱਧ 55 ਹਜ਼ਾਰ ਨੌਕਰੀਆਂ ਪੈਦਾ ਹੋਈਆਂ। ਸਭ ਤੋਂ ਅਹਿਮ ਅੰਕੜਾ 15 ਸਾਲ ਤੋਂ 24 ਸਾਲ ਉਮਰ ਵਰਗ ਆਇਆ ਜਿਥੇ ਅਕਤੂਬਰ ਦੌਰਾਨ 21 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ। 25 ਸਾਲ ਤੋਂ 54 ਸਾਲ ਦੇ ਉਮਰ ਵਰਗ ਵਿਚ ਵੀ ਰੁਜ਼ਗਾਰ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਧੀ। ਪ੍ਰੀਮੀਅਰ ਡਗ ਫ਼ੋਰਡ ਵੱਲੋਂ ਰੁਜ਼ਗਾਰ ਖੇਤਰ ਦੇ ਨਵੇਂ ਅੰਕੜਿਆਂ ਦਾ ਸਵਾਗਤ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਸਤੰਬਰ ਵਿਚ ਵੀ ਰੁਜ਼ਗਾਰ ਖੇਤਰ ਦੇ ਅੰਕੜੇ ਹਾਂਪੱਖੀ ਰਹੇ ਅਤੇ ਅਕਤੂਬਰ ਦੌਰਾਨ ਵੀ ਮਾਹੌਲ ਹਾਂਪੱਖੀ ਰਿਹਾ। ਪ੍ਰਤੀ ਘੰਟਾ ਉਜਰਤ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਸਾਲਾਨਾ ਆਧਾਰ ’ਤੇ ਮਿਹਨਤਾਨਾ 3.5 ਫ਼ੀ ਸਦੀ ਵਾਧੇ ਨਾਲ 37 ਡਾਲਰ ਤੋਂ ਟੱਪ ਗਿਆ। ਉਧਰ ਬੀ.ਸੀ. ਦੇ ਰੁਜ਼ਗਾਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਵੱਖਰੇ ਨਜ਼ਰ ਆਏ ਅਤੇ 2,900 ਨੌਕਰੀਆਂ ਖ਼ਤਮ ਹੋਣ ਦੀ ਰਿਪੋਰਟ ਹੈ। ਸੂਬੇ ਦੇ ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਹਲੋਂ ਨੇ ਦੱਸਿਆ ਕਿ ਨੌਕਰੀਆਂ ਦਾ ਨੁਕਸਾਨ ਹੋਣ ਦੇ ਬਾਵਜੂਦ ਬੀ.ਸੀ. ਵਿਚ ਬੇਰੁਜ਼ਗਾਰੀ ਦਰ ਕੌਮੀ ਔਸਤ ਨਾਲੋਂ ਹੇਠਾਂ ਚੱਲ ਰਹੀ ਹੈ।