ਕੈਨੇਡਾ ਵਿਚ 150 ਪੰਜਾਬੀਆਂ ਨਾਲ ਵਰਤਿਆ ਭਾਣਾ
ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਨਾਲ ਅਣਹੋਣੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਤਾਜ਼ਾ ਮਾਮਲੇ ਤਹਿਤ 23 ਸਾਲ ਦੀ ਖੁਸ਼ਪ੍ਰੀਤ ਕੌਰ ਇਕ ਸੜਕ ਹਾਦਸੇ ਦੌਰਾਨ ਦਮ ਤੋੜ ਗਈ।
ਨਵੀਂ ਦਿੱਲੀ : ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਨਾਲ ਅਣਹੋਣੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਤਾਜ਼ਾ ਮਾਮਲੇ ਤਹਿਤ 23 ਸਾਲ ਦੀ ਖੁਸ਼ਪ੍ਰੀਤ ਕੌਰ ਇਕ ਸੜਕ ਹਾਦਸੇ ਦੌਰਾਨ ਦਮ ਤੋੜ ਗਈ। ਦੂਜੇ ਪਾਸੇ ਵਿਦੇਸ਼ਾਂ ਵਿਚ ਪਿਛਲੇ ਪੰਜ ਸਾਲ ਦੌਰਾਨ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਅਤੇ ਸਭ ਤੋਂ ਵੱਧ 172 ਜਣਿਆਂ ਨੇ ਕੈਨੇਡਾ ਵਿਚ ਜਾਨ ਗਵਾਈ। ਸਿਰਫ ਇਥੇ ਹੀ ਬੱਸ ਨਹੀਂ ਅਮਰੀਕਾ ਅਤੇ ਕੈਨੇਡਾ ਵਿਚ 16 ਭਾਰਤੀ ਵਿਦਿਆਰਥੀਆਂ ਹਮਲਿਆਂ ਦੌਰਾਨ ਮਾਰੇ ਗਏ। ਕੈਨੇਡਾ ਵਿਚ ਸਭ ਤੋਂ ਵੱਧ 9 ਭਾਰਤੀਆਂ ਦੀ ਹਮਲਿਆਂ ਦੌਰਾਨ ਜਾਨ ਗਈ ਅਤੇ ਅਮਰੀਕਾ ਵਿਚ ਇਹ ਅੰਕੜਾ 6 ਦਰਜ ਕੀਤਾ ਗਿਆ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ਵਿਚ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਅਮਰੀਕਾ ਵਿਚ 108 ਭਾਰਤੀ ਵਿਦਿਆਰਥੀਆਂ ਦੀ ਜਾਨ ਗਈ ਜਦਕਿ ਯੂ.ਕੇ. ਵਿਚ 58 ਜਣਿਆਂ ਨੇ ਦਮ ਤੋੜਿਆ।
ਵਿਦੇਸ਼ਾਂ ਵਿਚ 633 ਵਿਦਿਆਰਥੀਆਂ ਨਾਲ ਵਾਪਰੀ ਅਣਹੋਣੀ
ਇਸੇ ਤਰ੍ਹਾਂ ਆਸਟ੍ਰੇਲੀਆ ਵਿਚ 57 ਭਾਰਤੀਆਂ ਦੀ ਮੌਤ ਹੋਈ ਅਤੇ ਰੂਸ ਵਿਚ 37 ਜਣੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਯੂਕਰੇਨ ਵਿਚ ਭਾਰਤੀ ਵਿਦਿਆਰਥੀਆਂ ਨਾਲ ਅਣਹੋਣੀ ਦੀਆਂ 18 ਘਟਨਾਵਾਂ ਸਾਹਮਣੇ ਆਈਆਂ ਜਦਕਿ ਜਰਮਨੀ ਵਿਚ 24, ਜਾਰਜੀਆ ਵਿਚ 12 ਅਤੇ ਕਿਰਗਿਸਤਾਨ ਤੇ ਸਾਇਪ੍ਰਸ ਵਿਚ ਅੱਠ-ਅੱਠ ਭਾਰਤੀਆਂ ਨਾਲ ਭਾਣਾ ਵਾਪਰਿਆ। ਇਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ, ਬਿਮਾਰੀਆਂ ਅਤੇ ਹੋਰ ਕੁਦਰਤੀ ਕਾਰਨਾਂ ਕਰ ਕੇ ਪਿਛਲੇ ਪੰਜ ਸਾਲ ਦੌਰਾਨ ਵਿਦੇਸ਼ੀ ਧਰਤੀ ’ਤੇ 633 ਭਾਰਤੀ ਵਿਦਿਆਰਥੀਆਂ ਨੇ ਜਾਨ ਗਵਾਈ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ਾਂ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਭਾਰਤ ਸਰਕਾਰ ਦੀਆਂ ਤਰਜੀਹਾਂ ਵਿਚ ਸਭ ਤੋਂ ਉਪਰ ਹੈ। ਵਿਦੇਸ਼ਾਂ ਵਿਚ ਸਥਿਤ ਭਾਰਤੀ ਮਿਸ਼ਨ ਉਥੋਂ ਦੀਆਂ ਯੂਨੀਵਰਸਿਟੀਜ਼ ਵਿਚ ਦਾਖਲਾ ਲੈ ਰਹੇ ਭਾਰਤੀ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿਚ ਰਹਿੰਦੇ ਹਨ। ਇਕ ਵੱਖਰੇ ਸਵਾਲ ਦੇ ਜਵਾਬ ਵਿਚ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਪਿਛਲੇ ਤਿੰਨ ਸਾਲ ਦੌਰਾਨ 48 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਗਿਆ।
ਅਮਰੀਕਾ-ਕੈਨੇਡਾ ਵਿਚ 19 ਭਾਰਤੀਆਂ ’ਤੇ ਹੋਏ ਹਮਲੇ
ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਕਾਰਨ ਅਮਰੀਕੀ ਅਧਿਕਾਰੀਆਂ ਵੱਲੋਂ ਸਾਂਝੇ ਨਹੀਂ ਕੀਤੇ ਗਏ ਪਰ ਮੰਨਿਆ ਜਾ ਰਿਹਾ ਹੈ ਕਿ ਅਣਅਧਿਕਾਰਤ ਤੌਰ ’ਤੇ ਕੰਮ ਕਰਨਾ, ਕਲਾਸਾਂ ਨਾ ਲਾਉਣਾ ਅਤੇ ਕਾਲਜ ਜਾਂ ਯੂਨੀਵਰਸਿਟੀ ਵਿਚ ਕੱਢੇ ਜਾਣ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਉਨਟਾਰੀਓ ਦੇ ਪੈਰੀ ਸਾਊਂਡ ਇਲਾਕੇ ਵਿਚ ਵਾਪਰ ਹਾਦਸੇ ਦੌਰਾਨ ਤਿੰਨ ਪੰਜਾਬੀ ਮੁਟਿਆਰਾਂ ਦੀ ਜਾਨ ਗਈ ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖਤ ਬਟਾਲਾ ਨੇੜਲੇ ਪਿੰਡ ਸੁੱਖਾ ਚਿੜਾ ਨਾਲ ਸਬੰਧਤ ਲਖਵਿੰਦਰ ਕੌਰ ਵਜੋਂ ਕੀਤੀ ਗਈ ਪਰ ਹੁਣ ਖੁਸ਼ਪ੍ਰੀਤ ਕੌਰ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਬਰੈਂਪਟਨ ਦੀ ਨਵਰੀਤ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਖੁਸ਼ਪ੍ਰੀਤ ਕੌਰ ਦੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਅਪੀਲ ਕੀਤੀ ਗਈ ਹੈ। ਨਵਰੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਨੇ ਕਰਜ਼ਾ ਲੈ ਕੇ ਪਿਛਲੇ ਸਾਲ ਉਸ ਨੂੰ ਕੈਨੇਡਾ ਭੇਜਿਆ ਅਤੇ ਹੁਣ ਅਚਾਨਕ ਵਾਪਰੀ ਅਣਹੋਣੀ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ। ਸੜਕ ਹਾਦਸੇ, ਦਿਲ ਦਾ ਦੌਰਾ ਅਤੇ ਖੁਦਕੁਸ਼ੀਆਂ ਪੰਜਾਬੀ ਵਿਦਿਆਰਥੀਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਹਨ। ਕੈਨੇਡਾ ਦਾ ਖਰਾਬ ਮੌਸਮ ਹਾਦਸਿਆਂ ਦਾ ਕਾਰਨ ਬਣਦਾ ਹੈ ਜਦਕਿ ਕੰਮ ਨਾ ਮਿਲਣ ਕਾਰਨ ਪੈਦਾ ਹੋਣ ਵਾਲਾ ਤਣਾਅ ਪੰਜਾਬੀ ਵਿਦਿਆਰਥੀਆਂ ਨੂੰ ਦਿਲ ਦੇ ਦੌਰੇ ਦਾ ਸ਼ਿਕਾਰ ਬਣਾ ਦਿੰਦਾ ਹੈ ਪਰ ਕਈ ਮੌਕਿਆਂ ’ਤੇ ਖੁਦਕੁਸ਼ੀ ਵਰਗੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ।