ਕੈਨੇਡਾ ’ਚ ਫੜੇ 600 ਸ਼ਰਾਬੀ ਡਰਾਈਵਰ

ਕੈਨੇਡਾ-ਅਮਰੀਕਾ ਵਿਚ ਡਰਾਈਵਿੰਗ ਬਾਰੇ ਛਿੜੀ ਬਹਿਸ ਦਰਮਿਆਨ ਸ਼ਰਾਬ ਪੀ ਕੇ ਗੱਡੀ ਚਲਾਉਂਦੇ 626 ਡਰਾਈਵਰਾਂ ਦੇ ਚਲਾਨ ਬੀ.ਸੀ. ਹਾਈਵੇਅ ਪੌਟਰੋਲ ਵਾਲਿਆਂ ਨੇ ਕੱਟ ਦਿਤੇ

Update: 2025-09-09 12:37 GMT

ਵੈਨਕੂਵਰ : ਕੈਨੇਡਾ-ਅਮਰੀਕਾ ਵਿਚ ਡਰਾਈਵਿੰਗ ਬਾਰੇ ਛਿੜੀ ਬਹਿਸ ਦਰਮਿਆਨ ਸ਼ਰਾਬ ਪੀ ਕੇ ਗੱਡੀ ਚਲਾਉਂਦੇ 626 ਡਰਾਈਵਰਾਂ ਦੇ ਚਲਾਨ ਬੀ.ਸੀ. ਹਾਈਵੇਅ ਪੌਟਰੋਲ ਵਾਲਿਆਂ ਨੇ ਕੱਟ ਦਿਤੇ। ਸਿਰਫ਼ ਐਨਾ ਹੀ ਨਹੀਂ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਨੂੰ 2,500 ਡਾਲਰ ਤੱਕ ਦੇ ਜੁਰਮਾਨੇ ਕੀਤੇ ਜਾਣ ਦੀ ਰਿਪੋਰਟ ਹੈ। ਬੀ.ਸੀ. ਹਾਈਵੇਅ ਪੈਟਰੋਲ ਦੇ ਅਪ੍ਰੇਸ਼ਨਜ਼ ਅਫ਼ਸਰ ਮਾਈਕ ਕੌਇਲ ਨੇ ਦੱਸਿਆ ਕਿ ਸਮਰ ਇੰਪੇਅਰਡ ਡਰਾਈਵਿੰਗ ਕੈਂਪੇਨ ਦੌਰਾਨ ਉਤਰੀ ਬੀ.ਸੀ. ਵਿਚ 146, ਮੈਟਰੋ ਵੈਨਕੂਵਰ, ਸੀਅ ਟੂ ਸਕਾਇ ਅਤੇ ਈਸਟ੍ਰਨ ਫਰੇਜ਼ਰ ਵੈਲੀ ਵਿਚ 150, ਵੈਨਕੂਵਰ ਆਇਲੈਂਡ ਵਿਖੇ 131, ਸੈਂਟਰਲ ਬੀ.ਸੀ. ਵਿਚ 111 ਅਤੇ ਕੂਟਨੇਅ ਰੀਜਨ ਵਿਚ 88 ਜਣਿਆਂ ਨੂੰ ਸ਼ਰਾਬ ਜਾਂ ਹੋਰ ਨਸ਼ਿਆਂ ਦੀ ਹਾਲਤ ਵਿਚ ਗੱਡੀ ਚਲਾਉਂਦਿਆਂ ਫੜਿਆ ਗਿਆ। ਕੌਇਲ ਦਾ ਕਹਿਣਾ ਸੀ ਕਿ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਂਦਿਆਂ ਅਕਸਰ ਵੱਡੇ ਹਾਦਸੇ ਵਾਪਰਦੇ ਹਨ ਅਤੇ ਜਾਨੀ ਨੁਕਸਾਨ ਹੁੰਦਾ ਹੈ।

ਬੀ.ਸੀ.ਹਾਈਵੇਅ ਪੈਟਰੋਲ ਦੀ ਵੱਡੀ ਕਾਰਵਾਈ

ਇੰਪੇਅਰਡ ਡਰਾਈਵਿੰਗ ਕਰਨ ਵਾਲਿਆਂ ਨੂੰ ਕਿਸੇ ਦੀ ਜਾਨ ਲੈਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਕੈਨੇਡਾ ਦੇ ਹਰ ਹਿੱਸੇ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਨਕੇਲ ਕਸੀ ਜਾ ਰਹੀ ਹੈ ਪਰ ਬੀ.ਸੀ. ਦੇ ਕੂਟਨੇਜ਼ ਵਿਖੇ ਇਹ ਸਮੱਸਿਆ ਜ਼ਿਆਦਾ ਹੀ ਉਭਰ ਕੇ ਸਾਹਮਣੇ ਆਈ ਹੈ। ਬੀ.ਸੀ. ਦੇ ਪੇਂਡੂ ਇਲਾਕਿਆਂ ਵਿਚ ਲੋਕਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ ਵੱਲ ਧਿਆਨ ਕੇਂਦਰਤ ਕਰਨਾ ਹੋਵੇਗਾ। ਦੱਸ ਦੇਈਏ ਕਿ ਬੀ.ਸੀ. ਹਾਈਵੇਅ ਪੈਟਰੋਲ ਵੱਲੋਂ ਪੂਰੇ ਸੂਬੇ ਵਿਚ ਮੈਂਡੇਟਰੀ ਐਲਕੌਹਲ ਸਕ੍ਰੀਨਿੰਗ ਲਾਗੂ ਕੀਤੀ ਗਈ ਹੈ ਜਿਸ ਰਾਹੀਂ ਨਾਕੇ ’ਤੇ ਰੋਕੇ ਡਰਾਈਵਰਾਂ ਦੇ ਸਾਹ ਦਾ ਨਮੂਨਾ ਲੈਣ ਦਾ ਹੱਕ ਪੁਲਿਸ ਅਫ਼ਸਰਾਂ ਨੂੰ ਮਿਲ ਜਾਂਦਾ ਹੈ। ਮਾਈਕ ਕੌਇਲ ਨੇ ਡਰਾਈਵਰਾਂ ਨੂੰ ਸੁਚੇਤ ਕੀਤਾ ਕਿ ਸੂਬੇ ਵਿਚ ਕਿਸੇ ਵੀ ਜਗ੍ਹਾ ’ਤੇ ਰੋਕ ਕੇ ਸਾਹ ਦਾ ਨਮੂਨਾ ਚੈਕ ਕੀਤਾ ਜਾ ਸਕਦਾ ਹੈ ਅਤੇ ਸ਼ਰਾਬ ਇਲਾਵਾ ਕੋਈ ਨਸ਼ਾ ਕਰ ਕੇ ਡਰਾਈਵਿੰਗ ਕਰਨ ਵਾਲਿਆਂ ਦਾ ਚੋਰ ਫੜਨ ਦੇ ਵੱਖ ਵੱਖ ਸਾਧਨ ਪੁਲਿਸ ਕੋਲ ਮੌਜੂਦ ਹਨ। ਵੈਨਕੂਵਰ ਆਇਲੈਂਡ ਵਿਖੇ ਅਗਸਤ ਮਹੀਨੇ ਦੌਰਾਨ ਮੈਂਡੇਟਰੀ ਐਲਕੌਹਲ ਸਕ੍ਰੀਨਿੰਗ ਵੱਡੇ ਪੱਧਰ ’ਤੇ ਵਰਤੀ ਗਈ।

ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਨੂੰ ਵੀ ਮੋਟੇ ਜੁਰਮਾਨੇ

ਈਸਟ ਕੂਟਨੇਜ਼ ਵਿਖੇ ਹਾਈਵੇਅ ਪੈਟਰੋਲ ਵੱਲੋਂ 1,500 ਤੋਂ ਵੱਧ ਡਰਾਈਵਰਾਂ ਨੂੰ ਰੋਕਿਆ ਗਿਆ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਤਿੰਨ ਦਿਨ ਦੀ ਡਰਾਈਵਿੰਗ ਸਸਪੈਨਸ਼ਨ ਸਣੇ ਬੀ.ਸੀ. ਮੋਟਰ ਵ੍ਹੀਕਲ ਐਕਟ ਅਧੀਨ 368 ਡਾਲਰ ਜੁਰਮਾਨਾ ਕੀਤਾ ਗਿਆ। ਇਸ ਤੋਂ ਇਲਾਵਾ ਸੱਤ ਦਿਨ ਵਾਸਤੇ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ। ਬੀ.ਸੀ. ਹਾਈਵੇਅ ਪੈਟਰੋਲ ਦਾ ਕਹਿਣਾ ਹੈ ਕਿ ਸੜਕਾਂ ’ਤੇ ਵਾਪਰਦੇ ਹਾਦਸਿਆਂ ਦੇ ਸਭ ਤੋਂ ਵੱਡੇ ਕਾਰਨਾਂ ਵਿਚ ਤੇਜ਼ ਰਫ਼ਤਾਰ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਸ਼ਾਮਲ ਹਨ ਜਦਕਿ ਡਰਾਈਵਿੰਗ ਦੌਰਾਨ ਮੋਬਾਈਲ ਜਾਂ ਕਿਸੇ ਹੋਰ ਚੀਜ਼ ਦੀ ਵਰਤੋਂ ਵੀ ਜਾਨਲੇਵਾ ਹਾਦਸਿਆਂ ਦਾ ਕਾਰਨ ਬਣਦੀ ਹੈ।

Tags:    

Similar News